ਭਾਰਤ ਜਲਵਾਯੂ ਨਿਆਂ ਦਾ ਮੁੱਦਾ ਮਜ਼ਬੂਤੀ ਨਾਲ ਚੁੱਕ ਰਿਹੈ: ਮੋਦੀ
ਨਵੀਂ ਦਿੱਲੀ, 5 ਜੂਨ
ਮੁੱਖ ਅੰਸ਼
- ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ‘ਚ ਵੀਡੀਓ ਸੁਨੇਹੇ ਰਾਹੀਂ ਕੀਤਾ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗਰੀਬ ਅਤੇ ਵਿਕਾਸਸ਼ੀਲ ਮੁਲਕ ਕੁਝ ਵਿਕਸਤ ਦੇਸ਼ਾਂ ਦੀਆਂ ਗਲਤ ਨੀਤੀਆਂ ਦੀ ਕੀਮਤ ਚੁੱਕਾ ਰਹੇ ਹਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅਜਿਹੇ ਸਾਰੇ ਅਗਾਂਹਵਧੂ ਅਤੇ ਵੱਡੇ ਮੁਲਕਾਂ ਨਾਲ ਜਲਵਾਯੂ ਨਿਆਂ ਦੇ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਦਾ ਆ ਰਿਹਾ ਹੈ। ਸ੍ਰੀ ਮੋਦੀ ਨੇ ਵਿਸ਼ਵ ਵਾਤਾਵਰਨ ਦਿਵਸ ਦੇ ਇਕ ਪ੍ਰੋਗਰਾਮ ‘ਚ ਆਪਣੇ ਵੀਡੀਓ ਸੁਨੇਹੇ ਰਾਹੀਂ ਕਿਹਾ ਕਿ ਆਲਮੀ ਜਲਵਾਯੂ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਮੁਲਕ ਸੌੜੇ ਹਿੱਤਾਂ ਤੋਂ ਉਪਰ ਉੱਠ ਕੇ ਸੋਚਣ। ‘ਲੰਬੇ ਸਮੇਂ ਤੱਕ ਦੁਨੀਆ ਦੇ ਵੱਡੇ ਅਤੇ ਆਧੁਨਿਕ ਮੁਲਕਾਂ ‘ਚ ਵਿਕਾਸ ਦਾ ਜੋ ਮਾਡਲ ਬਣਿਆ, ਉਹ ਬਹੁਤ ਅਸਾਵਾਂ ਹੈ। ਇਸ ਵਿਕਾਸ ਮਾਡਲ ‘ਚ ਵਾਤਾਵਰਨ ਨੂੰ ਲੈ ਕੇ ਬਸ ਇਹ ਸੋਚ ਸੀ ਕਿ ਪਹਿਲਾਂ ਅਸੀਂ ਆਪਣੇ ਦੇਸ਼ ਦਾ ਵਿਕਾਸ ਕਰ ਲਈਏ, ਫਿਰ ਬਾਅਦ ‘ਚ ਵਾਤਾਵਰਨ ਦੀ ਵੀ ਫਿਕਰ ਕਰਾਂਗੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਅਜਿਹੇ ਮੁਲਕਾਂ ਨੇ ਵਿਕਾਸ ਦੇ ਟੀਚੇ ਤਾਂ ਹਾਸਲ ਕਰ ਲਏ ਪਰ ਪੂਰੀ ਦੁਨੀਆ ਦੇ ਵਾਤਾਵਰਨ ਨੂੰ ਉਨ੍ਹਾਂ ਦੇ ਵਿਕਸਤ ਹੋਣ ਦਾ ਮੁੱਲ ਤਾਰਨਾ ਪਿਆ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਭਾਰਤ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਦੀ ਰੱਖਿਆ ਲਈ ਬਹੁਤ ਸਪੱਸ਼ਟ ਖਾਕਾ ਲੈ ਕੇ ਅੱਗੇ ਵਧ ਰਿਹਾ ਹੈ। ‘ਅਸੀਂ ਜੇਕਰ ਗਰੀਬਾਂ ਲਈ ਚਾਰ ਕਰੋੜ ਘਰ ਬਣਾਏ ਹਨ ਤਾਂ ਰੱਖਾਂ ਦੀ ਗਿਣਤੀ ‘ਚ ਵੀ ਰਿਕਾਰਡ ਵਾਧਾ ਕੀਤਾ ਗਿਆ ਹੈ। ਭਾਰਤ ਜਲ ਜੀਵਨ ਮਿਸ਼ਨ ਚਲਾ ਰਿਹਾ ਹੈ ਅਤੇ ਪਾਣੀ ਸੰਭਾਲਣ ਲਈ 50 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਵੀ ਤਿਆਰ ਕੀਤੇ ਗਏ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਿਆ ਹੈ ਅਤੇ ਉਹ ਨਵਿਆਉਣਯੋਗ ਊਰਜਾ ‘ਚ ਸਿਖਰਲੇ ਪੰਜ ਮੁਲਕਾਂ ‘ਚ ਵੀ ਸ਼ਾਮਲ ਹੋਇਆ ਹੈ। -ਪੀਟੀਆਈ