ਰੂਸ-ਯੂਕਰੇਨ ਜੰਗ ਦੇ ਖਾਤਮੇ ਲਈ ਭਾਰਤ ਹਰ ਸਹਿਯੋਗ ਲਈ ਤਿਆਰ: ਮੋਦੀ
* ਬਰਿੱਕਸ ਵਾਰਤਾ ਲਈ ਕਜ਼ਾਨ ਪੁੱਜੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਪੂਤਿਨ ਨਾਲ ਦੁਵੱਲੀ ਵਿਚਾਰ ਚਰਚਾ
* ਰੂਸੀ ਫੌਜ ’ਚ ਸਹਾਇਕ ਸਟਾਫ਼ ਵਜੋਂ ਭਰਤੀ ਭਾਰਤੀ ਨਾਗਰਿਕਾਂ ਨੂੰ ਛੇਤੀ ਫ਼ਾਰਗ ਕਰਨ ਦੀ ਮੰਗ
ਕਜ਼ਾਨ, 22 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਅੱਜ ਕਿਹਾ ਕਿ ਰੂਸ-ਯੂਕਰੇਨ ਟਕਰਾਅ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਲਈ ਹਰ ਸੰਭਵ ਸਹਿਯੋਗ ਮੁਹੱਂਈਆ ਕਰਵਾਉਣ ਲਈ ਤਿਆਰ ਹੈ। ਰੂਸ ਦੇ ਕੇਂਦਰੀ ਸ਼ਹਿਰ ਕਜ਼ਾਨ ਵਿਚ 16ਵੇਂ ਬਰਿੱਕਸ ਸਿਖਰ ਸੰਮੇਲਨ ਲਈ ਪੁੱਜੇ ਸ੍ਰੀ ਮੋਦੀ ਨੇ ਪੂਤਿਨ ਨਾਲ ਦੁਵੱਲੀ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ। ਬਰਿੱਕਸ ਵਾਰਤਾ ਤੋਂ ਇਕਪਾਸੇ ਹੋਈ ਬੈਠਕ ਮੌਕੇ ਸ੍ਰੀ ਮੋਦੀ ਨੇ ਰੂਸੀ ਸਦਰ ਨੂੰ ਅਗਸਤ ਮਹੀਨੇ ਕੀਵ ਫੇਰੀ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਨਾਲ ਹੋਈ ਗੁਫ਼ਤਗੂ ਤੋਂ ਜਾਣੂ ਕਰਵਾਇਆ। ਭਾਰਤ ਨੇ ਰੂਸ ’ਤੇ ਜ਼ੋਰ ਪਾਇਆ ਕਿ ਉਹ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਭਰਤੀ ਕੀਤੇ ਭਾਰਤੀ ਨਾਗਰਿਕਾਂ ਨੂੰ ਛੇਤੀ ਫ਼ਾਰਗ ਕਰੇ। ਸ੍ਰੀ ਮੋਦੀ ਦੇ ਬੁੱਧਵਾਰ ਨੂੰ ਵਾਰਤਾ ਤੋਂ ਇਕਪਾਸੇ ਰੂਸੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਗੱਲਬਾਤ ਕਰਨ ਦੇ ਆਸਾਰ ਹਨ।
ਟੀਵੀ ਉੱਤੇ ਪ੍ਰਸਾਰਿਤ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿਚ ਪ੍ਰਧਾਨ ਮੰਤਰੀ ਨੇ ਰੂਸੀ ਸਦਰ ਨੂੰ ਦਿੱਤੇ ਸੁਨੇਹੇ ਵਿਚ ਸਾਫ਼ ਕਰ ਦਿੱਤਾ ਕਿ ਨਵੀਂ ਦਿੱਲੀ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਦੀ ਵਾਪਸੀ ਦਾ ਹਾਮੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਰੂਸ ਦੀ ਇਹ ਦੂਜੀ ਫੇਰੀ ਦੋਵਾਂ ਮੁਲਕਾਂ ਦਰਮਿਆਨ ‘ਨੇੜਲੇ’ ਤਾਲਮੇਲ ਤੇ ਡੂੰਘੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਰੂਸ ਤੇ ਯੂਕਰੇਨ ਵਿਚ ਜਾਰੀ ਮੌਜੂਦਾ ਟਕਰਾਅ ਦੇ ਮੁੱਦੇ ਉੱਤੇ ਅਸੀਂ ਲਗਾਤਾਰ ਇਕ ਦੂਜੇ ਦੇ ਸੰਪਰਕ ਵਿਚ ਹਾਂ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਅਸੀਂ ਮੰਨਦੇ ਹਾਂ ਕਿ ਸਮੱਸਿਆ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਕੱਢਿਆ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀ ਤੇ ਸਥਿਰਤਾ ਦੀ ਵਾਪਸੀ ਦੇ ਹਾਮੀ ਹਾਂ। ਸਾਡੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਮਾਨਵਤਾ ਨੂੰ ਤਰਜੀਹ ਦਿੰਦੀਆਂ ਹਨ। ਭਾਰਤ ਆਉਣ ਵਾਲੇ ਸਮੇਂ ’ਚ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਸਾਡੇ ਕੋਲ ਇਨ੍ਹਾਂ ਸਾਰੇ ਮੁੱਦਿਆਂ ਨੂੰ ਵਿਚਾਰਨ ਦਾ ਮੌਕਾ ਹੈ।’’ ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਇਸ ਸਾਲ ਜੁਲਾਈ ’ਚ ਮਾਸਕੋ ਵਿਚ ਪੂਤਿਨ ਨਾਲ ਹੋਈ ਗੱਲਬਾਤ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਾਲਾਨਾ ਵਾਰਤਾ ਦੇ ਨਤੀਜੇ ਵਜੋਂ ਹਰੇਕ ਖੇਤਰ ਵਿਚ ਸਹਿਯੋਗ ਮਜ਼ਬੂਤ ਹੋਇਆ ਹੈ। ਪ੍ਰਧਾਨ ਮੰਤਰੀ ਨੇ ਬਰਿੱਕਸ ਵਿਚ ਰੂਸ ਦੀ ਸਫ਼ਲ ਪ੍ਰਧਾਨਗੀ ਲਈ ਪੂਤਿਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਈ ਹੋਰ ਮੁਲਕ ਹੁਣ ਇਸ ਸਮੂਹ ਨਾਲ ਜੁੜਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਕਜ਼ਾਨ ਪੁੱਜਣ ’ਤੇ ਸ੍ਰੀ ਮੋਦੀ ਨੇ ਕਿਹਾ ਇਹ ਬਹੁਤ ਅਹਿਮ ਸਿਖਰ ਵਾਰਤਾ ਹੈ ਜੋ ਇਸ ਗ੍ਰਹਿ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਏਗੀ।’’ -ਪੀਟੀਆਈ
ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ’ਤੇ ਤਾਤਰ ਮਠਿਆਈਆਂ ਨਾਲ ਸਵਾਗਤ
ਹਵਾਈ ਅੱਡੇ ’ਤੇ ਤਾਤਰਸਤਾਨ ਗਣਰਾਜ ਦੇ ਮੁਖੀ ਰੁਸਤਮ ਮਿਨੀਖਾਨੋਵ ਨੇ ਰਵਾਇਤੀ ਤਾਤਰ ਮਠਿਆਈਆਂ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਕਜ਼ਾਨ ਪੁੱਜੇ ਭਾਰਤੀ ਪ੍ਰਧਾਨ ਮੰਤਰੀ ਦਾ ਸੰਸਕ੍ਰਿਤ ਦੇ ਗੀਤ, ਰੂਸੀ ਰਵਾਇਤੀ ਨਾਚ ਤੇ ਇਸਕੌਨ ਭਗਤਾਂ ਵੱਲੋਂ ਕ੍ਰਿਸ਼ਨ ਭਜਨ ਨਾਲ ਸਵਾਗਤ ਕੀਤਾ ਗਿਆ। ਹਵਾਈ ਅੱਡੇ ਤੋਂ ਹੋਟਲ ਕੋਰਸਟਨ ਪੁੱਜੇ ਸ੍ਰੀ ਮੋਦੀ ਦਾ ਭਾਰਤੀ ਭਾਈਚਾਰੇ ਦੇ ਮੈਂਬਰਾਂ, ਜਿਨ੍ਹਾਂ ਹੱਥਾਂ ਵਿਚ ਤਿਰੰਗੇ ਝੰਡੇ ਫੜੇ ਹੋਏ ਸਨ, ਨੇ ਨਾਅਰਿਆਂ ਨਾਲ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਆਖਿਆ। ਰਵਾਇਤੀ ਭਾਰਤੀ ਪੁਸ਼ਾਕਾਂ ਵਿਚ ਸਜੇ ਰੂਸੀ ਕਲਾਕਾਰਾਂ ਦੀ ਟੀਮ ਵੱਲੋਂ ਪੇਸ਼ ਰੂਸੀ ਨਾਚ ਨੂੰ ਸ੍ਰੀ ਮੋਦੀ ਨੇ ਬੜੇ ਚਾਅ ਨਾਲ ਦੇਖਿਆ। ਇਸਕੌਨ ਦੇ ਕੁਝ ਸ਼ਰਧਾਲੂਆਂ ਵੱਲੋਂ ਤਾੜੀਆਂ ਵਜਾ ਕੇ ਗਾਏ ਕ੍ਰਿਸ਼ਨ ਭਜਨ ਨੂੰ ਸ੍ਰੀ ਮੋਦੀ ਨੇ ਦੋਵੇਂ ਹੱਥ ਜੋੜ ਕੇ ਦੇਖਿਆ। ਸ੍ਰੀ ਮੋਦੀ ਨੇ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਇਸ ਸ਼ਾਨਦਾਰ ਸਵਾਗਤ ਲਈ ਧੰਨਵਾਦ ਕੀਤਾ।