For the best experience, open
https://m.punjabitribuneonline.com
on your mobile browser.
Advertisement

ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਕਦਮ ਦੂਰ

07:26 AM Nov 16, 2023 IST
ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਕਦਮ ਦੂਰ
ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਪਹਿਲੇ ਸੈਮੀਫਾਈਨਲ ’ਚ ਰਿਕਾਰਡ 50ਵਾਂ ਸੈਂਕੜਾ ਜੜਨ ਮਗਰੋਂ ਖੁਸ਼ੀ ਪ੍ਰਗਟਾਉਂਦਾ ਹੋਇਆ ਵਿਰਾਟ ਕੋਹਲੀ।
Advertisement

ਮੁੰਬਈ, 15 ਨਵੰਬਰ
ਵਿਰਾਟ ਕੋਹਲੀ(117) ਦੇ ਰਿਕਾਰਡ 50ਵੇਂ ਸੈਂਕੜੇ, ਸ਼੍ਰੇਅਸ ਅੱਈਅਰ(105) ਤੇ ਸ਼ੁਭਮਨ ਗਿੱਲ(ਨਾਬਾਦ 80) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਮੁਹੰਮਦ ਸ਼ਮੀ ਵੱਲੋਂ 57 ਦੌੜਾਂ ਬਦਲੇ ਲਈਆਂ ਸੱਤ ਵਿਕਟਾਂ ਦੀ ਬਦੌਲਤ ਮੇਜ਼ਬਾਨ ਭਾਰਤ ਅੱਜ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। ਇਸ ਟੂਰਨਾਮੈਂਟ ਵਿਚ ਭਾਰਤ ਦੀ ਇਹ ਲਗਾਤਾਰ ਦਸਵੀਂ ਜਿੱਤ ਹੈ। ਭਾਰਤ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜਾ ਹੈ। ਇਸ ਤੋਂ ਪਹਿਲਾਂ ਭਾਰਤ 1987, 1996, 2015 ਤੇ 2019 ਵਿੱਚ ਸੈਮੀਫਾਈਨਲ ਤੋਂ ਅੱਗੇ ਵਧਣ ਵਿੱਚ ਨਾਕਾਮ ਰਿਹਾ ਸੀ। ਭਾਰਤ ਨੇ ਅੱਜ ਦੀ ਜਿੱਤ ਨਾਲ ਚਾਰ ਸਾਲ ਪਹਿਲਾਂ ਮਾਨਚੈਸਟਰ ਵਿੱਚ ਨਿਊਜ਼ੀਲੈਂਡ ਹੱਥੋਂ ਸੈਮੀਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਹੈ।

Advertisement

ਨਿਊਜ਼ੀਲੈਂਡ ਦੇ ਸੱਤ ਖਿਡਾਰੀਆਂ ਨੂੰ ਆਊਟ ਕਰਨ ਮਗਰੋਂ ਖੁਸ਼ੀ ਸਾਂਝੀ ਕਰਦਾ ਹੋਇਆ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ।
-ਫੋਟੋਆਂ: ਪੀਟੀਆਈ

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 397 ਦੌੜਾਂ ਬਣਾਈਆਂ ਤੇ ਨਾਕਆਊਟ ਗੇੜ ਵਿੱਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਆਪਣੇ ਨਾਮ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ 48.5 ਓਵਰਾਂ ਵਿੱਚ 327 ਦੌੜਾਂ ’ਤੇ ਢੇਰ ਹੋ ਗਈ। ਨਿਊਜ਼ੀਲੈਂਡ ਲਈ ਡੈਰਿਲ ਮਿਸ਼ੇਲ 134 ਦੌੜਾਂ ਨਾਲ ਟੌਪ ਸਕੋਰਰ ਰਿਹਾ। ਕਪਤਾਨ ਕੇਨ ਵਿਲੀਅਮਸਨ ਨੇ 69 ਤੇ ਗਲੈੱਨ ਫਿਲਿਪ ਨੇ 41 ਦੌੜਾਂ ਦੀ ਪਾਰੀ ਖੇਡੀ। ਅਹਿਮਦਾਬਾਦ ਵਿੱਚ ਐਤਵਾਰ ਨੂੰ ਖੇਡੇ ਜਾਣ ਵਾਲੇ ਖਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਟਾਕਰਾ ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਵਿਚਾਲੇ ਭਲਕੇ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿੱਚ ਖੇਡੇ ਜਾਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਦੋ ਵਾਰ ਚੈਂਪੀਅਨ ਰਿਹਾ ਭਾਰਤ ਇਸ ਤੋਂ ਪਹਿਲਾਂ 1983, 2003 ਤੇ 2011 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ। ਭਾਰਤ ਲਈ ਕੋਹਲੀ ਨੇ 113 ਗੇਂਦਾਂ ’ਤੇ 117 ਦੌੜਾਂ ਜਦੋਂਕਿ ਸ਼੍ਰੇਅਸ ਅੱਈਅਰ ਨੇ 70 ਗੇਂਦਾਂ ’ਤੇ 105 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 29 ਗੇਂਦਾਂ ’ਤੇ 47 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਇਸ ਦੌਰਾਨ ਰਿਟਾਇਰਡ ਹਰਟ ਹੋਣ ਵਾਲੇ ਸ਼ੁਭਮਨ ਗਿੱਲ ਨੇ ਅੰਤਿਮ ਓਵਰ ਵਿਚ ਵਾਪਸੀ ਕੀਤੀ ਤੇ 66 ਗੇਂਦਾਂ ਵਿੱਚ 80 ਦੌੜਾਂ ਦੀ ਪਾਰੀ ਖੇਡੀ। ਕੇ.ਐੱਲ.ਰਾਹੁਲ 20 ਗੇਂਦਾਂ ’ਤੇ 39 ਦੌੜਾਂ ਬਣਾ ਕੇ ਨਾਬਾਦ ਰਿਹਾ। ਉਧਰ ਨਿਊਜ਼ੀਲੈਂਡ ਜਿਸ ਨੇ ਇਕ ਸਮੇਂ 39 ਦੌੜਾਂ ਦੇ ਸਕੋਰ ’ਤੇ 2 ਵਿਕਟਾਂ ਗਵਾ ਲਈਆਂ ਸਨ, ਪਰ ਫਿਰ ਡੈਰਿਲ ਮਿਸ਼ੇਲ (119 ਗੇਂਦਾਂ ’ਤੇ 134) ਤੇ ਕਪਤਾਨ ਕੇਨ ਵਿਲੀਅਮਸਨ (73 ਗੇਂਦਾਂ ’ਤੇ 69 ਦੌੜਾਂ) ਨੇ ਤੀਜੇ ਵਿਕਟ ਲਈ 181 ਦੌੜਾਂ ਦੀ ਭਾਈਵਾਲੀ ਕੀਤੀ। ਮਿਚੇਲ ਨੇ ਆਪਣੀ ਪਾਰੀ ਵਿਚ ਨੌ ਚੌਕੇ ਤੇ ਸੱਤ ਛੱਕੇ ਲਗਾਏ। ਸ਼ਮੀ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 57 ਦੌੜਾਂ ਬਦਲੇ ਸੱਤ ਵਿਕਟ ਲੈ ਕੇ ਭਾਰਤ ਲਈ ਨਵਾਂ ਰਿਕਾਰਡ ਬਣਾਇਆ। ਉਂਜ ਇਹ ਪਹਿਲਾ ਮੌਕਾ ਹੈ ਜਦੋਂਕਿ ਭਾਰਤ ਦੇ ਕਿਸੇ ਗੇਂਦਬਾਜ਼ ਨੇ ਇਕ ਰੋਜ਼ਾ ਮੈਚ ਵਿੱਚ ਸੱਤ ਵਿਕਟ ਲਏ।

ਮੈਚ ਜਿੱਤਣ ਮਗਰੋਂ ਇੱਕ-ਦੂਜੇ ਨੂੰ ਵਧਾਈ ਦਿੰਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ

ਭਲਕੇ ਵੀਰਵਾਰ ਨੂੰ ਹੋਣ ਵਾਲੇ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਤੇ ਪੰਜ ਵਾਰ ਦਾ ਚੈਂਪੀਅਨ ਆਸਟਰੇਲੀਆ ਆਹਮੋ-ਸਾਹਮਣੇ ਹੋਣਗੇ। ਇਸ ਦੌਰਾਨ ਦੱਖਣੀ ਅਫਰੀਕਾ ਆਪਣੇ ’ਤੇ ਲੱਗੇ ‘ਚੌਕਰਜ਼’ (ਵੱਡੇ ਮੈਚਾਂ ਵਿੱਚ ਦਬਾਅ ਹੇਠ ਆ ਕੇ ਗੋਡੇ ਟੇਕਣ ਵਾਲੇ) ਦੇ ਠੱਪੇ ਨੂੰ ਹਟਾਉਣਾ ਚਾਹੇਗੀ ਜਦਕਿ ਵੱਡੇ ਮੁਕਾਬਲੇ ਜਿੱਤਣ ਦੀ ਆਦੀ ਆਸਟਰੇਲੀਆ ਦੀ ਟੀਮ ਇੱਕ ਵਾਰ ਫਿਰ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਣਾ ਚਾਹੇਗੀ। -ਪੀਟੀਆਈ

ਵਿਰਾਟ ਕੋਹਲੀ ਨੇ 50ਵਾਂ ਸੈਂਕੜਾ ਜੜ ਕੇ ਤੇਂਦੁਲਕਰ ਦਾ ਰਿਕਾਰਡ ਤੋੜਿਆ

ਵਿਰਾਟ ਕੋਹਲੀ ਅੱਜ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਦੇ ਸੈਮੀਫਾਈਨਲ ਦੌਰਾਨ ਆਪਣੇ ਆਦਰਸ਼ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਕੇ ਇੱਕ ਰੋਜ਼ਾ ਮੁਕਾਬਲਿਆਂ ਵਿੱਚ 50 ਸੈਂਕੜੇ ਜੜਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਨਿਊਜ਼ੀਲੈਂਡ ਖ਼ਿਲਾਫ਼ ਮੁਕਾਬਲੇ ਵਿੱਚ ਉਸ ਨੇ 113 ਗੇਂਦਾਂ ਵਿੱਚ 117 ਦੌੜਾਂ ਬਣਾਈਆਂ। ਕੋਹਲੀ ਨੇ ਵਾਨਖੇੜੇ ਸਟੇਡੀਅਮ ਵਿੱਚ ਤੇਂਦੁਲਕਰ ਦੀ ਮੌਜੂਦਗੀ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਖਾਸ ਗੱਲ ਇਹ ਹੈ ਕਿ ਤੇਂਦੁਲਕਰ ਨੇ 15 ਨਵੰਬਰ (2013) ਨੂੰ ਇਸੇ ਮੈਦਾਨ ’ਤੇ ਆਖਰੀ ਵਾਰ ਭਾਰਤ ਲਈ ਬੱਲੇਬਾਜ਼ੀ ਕੀਤੀ ਸੀ। ਕੋਹਲੀ ਦੀ ਇਸ ਪ੍ਰਾਪਤੀ ਤੋਂ ਬਾਅਦ ਤੇਂਦੁਲਕਰ ਨੇ ਕੋਹਲੀ ਨੂੰ ਵਧਾਈ ਦਿੱਤੀ ਹੈ। ਉਸ ਨੇ ਕਿਹਾ, ‘‘ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਭਾਰਤੀ ਡਰੈਸਿੰਗ ਰੂਮ ’ਚ ਮਿਲਿਆ ਸੀ ਤਾਂ ਟੀਮ ਦੇ ਦੂਜੇ ਸਾਥੀਆਂ ਨੇ ਮੇਰੇ ਪੈਰ ਛੂਹਣ ’ਤੇ ਤੁਹਾਡਾ ਮਜ਼ਾਕ ਉਡਾਇਆ ਸੀ। ਮੈਂ ਉਸ ਦਿਨ ਆਪਣਾ ਹਾਸਾ ਨਹੀਂ ਰੋਕ ਸਕਿਆ ਸੀ। ਜਲਦੀ ਹੀ ਤੁਸੀਂ ਆਪਣੇ ਜਨੂੰਨ ਅਤੇ ਹੁਨਰ ਨਾਲ ਮੇਰਾ ਦਿਲ ਛੂਹ ਲਿਆ। ਮੈਂ ਬਹੁਤ ਖੁਸ਼ ਹਾਂ ਕਿ ਉਹ ਨੌਜਵਾਨ ਲੜਕਾ ਇੱਕ ‘ਵਿਰਾਟ’ ਖਿਡਾਰੀ ਬਣ ਗਿਆ ਹੈ। ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ ਕਿ ਇਕ ਭਾਰਤੀ ਨੇ ਹੀ ਮੇਰਾ ਰਿਕਾਰਡ ਤੋੜਿਆ ਹੈ।’’ ਕੋਹਲੀ ਨੇ ਇਸ ਦੇ ਨਾਲ ਹੀ ਵਿਸ਼ਵ ਕੱਪ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵੀ ਤੇਂਦੁਲਕਰ (2003 ਵਿੱਚ 673 ਦੌੜਾਂ) ਦਾ ਰਿਕਾਰਡ ਤੋੜ ਦਿੱਤਾ। ਇਸ ਦੌਰਾਨ ਕੋਹਲੀ ਦੱਖਣੀ ਅਫਰੀਕਾ ਦੇ ਕੁਇੰਟਨ ਡੀਕੌਕ (591) ਨੂੰ ਪਿੱਛੇ ਛੱਡ ਕੇ ਮੌਜੂਦਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 711 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਉਹ ਇੱਕ ਰੋਜ਼ਾ ਮੈਚਾਂ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵੀ ਆਸਟਰੇਲੀਆ ਦੇ ਰਿੱਕੀ ਪੋਂਟਿੰਗ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਤੇਂਦੁਲਕਰ 18,426 ਦੌੜਾਂ ਨਾਲ ਇਸ ਸੂਚੀ ਵਿੱਚ ਸਿਖਰ ’ਤੇ ਹੈ। ਉਸ ਤੋਂ ਬਾਅਦ ਕੁਮਾਰ ਸੰਗਾਕਾਰਾ (14,234) ਅਤੇ ਕੋਹਲੀ ਦੇ ਨਾਮ 291 ਮੈਚਾਂ ਵਿੱਚ 13794 ਦੌੜਾਂ ਹਨ।

ਰੋਹਿਤ ਸ਼ਰਮਾ ਬਣਿਆ ਵਿਸ਼ਵ ਕੱਪ ਦਾ ਨਵਾਂ ‘ਸਿਕਸਰ ਕਿੰਗ’

ਭਾਰਤੀ ਕਪਤਾਨ ਰੋਹਿਤ ਸ਼ਰਮਾ ਅੱਜ ਇੱਥੇ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ’ਚ ਆਪਣੀ 47 ਦੌੜਾਂ ਦੀ ਪਾਰੀ ਦੌਰਾਨ ਚਾਰ ਛੱਕੇ ਲਗਾਏ, ਜਿਸ ਨਾਲ ਵਿਸ਼ਵ ਕੱਪ ਵਿੱਚ ਉਸ ਦੇ ਕੁੱਲ ਛੱਕਿਆਂ ਦੀ ਗਿਣਤੀ 51 ਹੋ ਗਈ ਹੈ। ਉਸ ਨੇ ਵੈਸਟਇੰਡੀਜ਼ ਦੇ ਸਾਬਕਾ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦਾ ਰਿਕਾਰਡ ਤੋੜਿਆ, ਜਿਸ ਨੇ ਹਰ ਚਾਰ ਸਾਲ ਬਾਅਦ ਹੋਣ ਵਾਲੇ ਇਸ ਟੂਰਨਾਮੈਂਟ ’ਚ 49 ਛੱਕੇ ਲਗਾਏ ਸਨ। ਇਸੇ ਤਰ੍ਹਾਂ ਰੋਹਿਤ ਮੌਜੂਦਾ ਟੂਰਨਾਮੈਂਟ ’ਚ ਹੁਣ ਤੱਕ 28 ਛੱਕੇ ਲਗਾ ਚੁੱਕਾ ਹੈ। ਇਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਵੀ ਹੁਣ ਉਸ ਦੇ ਨਾਮ ਦਰਜ ਹੋ ਗਿਆ ਹੈ। ਇਸ ਮਾਮਲੇ ’ਚ ਵੀ ਉਸ ਨੇ ਗੇਲ ਦਾ ਰਿਕਾਰਡ ਤੋੜਿਆ, ਜਿਸ ਨੇ 2015 ’ਚ ਖੇਡੇ ਗਏ ਵਿਸ਼ਵ ਕੱਪ ਵਿੱਚ 26 ਛੱਕੇ ਲਗਾਏ ਸਨ।

ਪਹਿਲੀ ਵਾਰ ਪਰ ਸਹੀ ਸਮੇਂ ’ਤੇ ਭਾਰਤ ਆਇਆ ਹਾਂ: ਡੇਵਿਡ ਬੈਕਹਮ

ਸਚਿਨ ਤੇਂਦੁਲਕਰ ਨੂੰ ਮਿਲਦਾ ਹੋਇਆ ਡੇਵਿਡ ਬੈਕਹਮ। -ਫੋਟੋ: ਪੀਟੀਆਈ

ਕੋਹਲੀ ਨੇ ਜਦੋਂ ਅੱਜ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ 50ਵਾਂ ਸੈਂਕੜਾ ਜੜ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਤਾਂ ਫੁਟਬਾਲ ਦੇ ਦਿੱਗਜ ਖਿਡਾਰੀ ਰਹੇ ਡੇਵਿਡ ਬੈਕਹਮ ਵੀ ਵਾਨਖੇੜੇ ਸਟੇਡੀਅਮ ਵਿੱਚ ਮੌਜੂਦ ਸੀ। ਇਸ ਬਾਰੇ ਬੈਕਹਮ ਨੇ ਕਿਹਾ ਕਿ ਉਹ ਪਹਿਲੀ ਵਾਰ ਪਰ ਸਹੀ ਸਮੇਂ ’ਤੇ ਭਾਰਤ ਆਇਆ ਹੈ। ਬੈਕਹਮ ਨੇ ਕਿਹਾ, ‘‘ਇਸ ਸਟੇਡੀਅਮ ਵਿੱਚ ਮੌਜੂਦ ਹੋਣਾ ਅਤੇ ਇਤਿਹਾਸਕ ਪਲ ਦਾ ਗਵਾਹ ਬਣਨਾ ਸਚਮੁੱਚ ਬਹੁਤ ਖ਼ੁਸ਼ੀ ਵਾਲੀ ਗੱਲ ਹੈ। ਮੈਂ ਅੱਜ ਸਚਿਨ ਨਾਲ ਕੁੱਝ ਸਮਾਂ ਬਿਤਾਇਆ। ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਇਸ ਸਟੇਡੀਅਮ ਵਿੱਚ ਕੀ-ਕੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਪਰ ਅੱਜ ਵਿਰਾਟ ਨੂੰ ਬੱਲੇਬਾਜ਼ੀ ਕਰਦਿਆਂ ਦੇਖਣਾ ਸਚਮੁੱਚ ਬਹੁਤ ਖਾਸ ਰਿਹਾ। ਤੁਸੀਂ ਸਟੇਡੀਅਮ ਦਾ ਮਾਹੌਲ ਦੇਖ ਸਕਦੇ ਹੋ। ਮੈਂ ਪਹਿਲੀ ਵਾਰ ਭਾਰਤ ਆਇਆ ਹਾਂ ਪਰ ਸਹੀ ਸਮੇਂ ’ਤੇ ਆਇਆ ਹਾਂ।’’ ਬੈਕਹਮ ਯੂਨੀਸੈੱਫ ਦੇ ਸਦਭਾਵਨਾ ਦੂਤ ਵਜੋਂ ਪਹਿਲੀ ਵਾਰ ਭਾਰਤ ਦੇ ਦੌਰੇ ’ਤੇ ਆਇਆ ਹੈ।

Advertisement
Author Image

sukhwinder singh

View all posts

Advertisement
Advertisement
×