ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ: ਆਸਟਰੇਲੀਆ ਨੇ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾਇਆ
ਸ਼ਾਰਜਾਹ (ਯੂਏਈ), 5 ਅਕਤੂਬਰ
ਆਸਟਰੇਲੀਆ ਨੇ ਅੱਜ ਇੱਥੇ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ’ਚ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 93 ਦੌੜਾਂ ਬਣਾਈਆਂ, ਜਿਸ ਵਿੱਚ ਹਰਸ਼ਿਤਾ ਮਦਾਵੀ ਨੇ 23 ਦੌੜਾਂ, ਨੀਲਾਕਸ਼ੀ ਡੀਸਿਲਵਾ ਨੇ 29 ਅਤੇ ਅਨੁਸ਼ਕਾ ਸੰਜੀਵਨੀ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਦੀ ਮੇਗਨ ਸ਼ੱਟ ਨੇ 3 ਵਿਕਟਾਂ ਅਤੇ ਸੋਫੀ ਮੌਲੀਨੈਕਸ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਮਗਰੋਂ ਆਸਟਰੇਲੀਆ ਨੇ ਜਿੱਤ ਲਈ 94 ਦੌੜਾਂ ਦਾ ਟੀਚਾ ਚਾਰ ਵਿਕਟਾਂ ਗੁਆ ਕੇ 14.2 ਓਵਰਾਂ ’ਚ ਹੀ ਪੂਰਾ ਕਰ ਲਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਬੈੱਥ ਮੂਨੀ ਨੇ 43 ਦੌੜਾਂ ਦੀ ਪਾਰੀ ਖੇਡੀ ਜਦਕਿ ਐਲਿਸੇ ਪੈਰੀ ਨੇ 17 ਤੇ ਐਸ਼ਲੇ ਗਾਰਡਨਰ ਨੇ 12 ਦੌੜਾਂ ਬਣਾਈਆਂ।
ਇਸੇ ਦੌਰਾਨ ਇੱਕ ਹੋਰ ਮੈਚ ’ਚ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਪਹਿਲਾਂ ਖੇਡਦਿਆਂ 20 ਓਵਰਾਂ ’ਚ 7 ਵਿਕਟਾਂ ’ਤੇ 118 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਬੰਗਲਾਦੇਸ਼ ਦੀ ਟੀਮ ਤੈਅ
ਓਵਰਾਂ ’ਚ 7 ਵਿਕਟਾਂ ’ਤੇ 97 ਦੌੜਾਂ ਹੀ ਬਣਾ ਸਕੀ। -ਏਜੰਸੀਆਂ