ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨੂੰ ਬੰਗਲਾਦੇਸ਼ ਲਈ ਖ਼ਤਰਾ ਦੱਸਿਆ ਜਾ ਰਿਹੈ: ਭਾਗਵਤ

09:11 AM Oct 13, 2024 IST
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਗਪੁਰ ਸਥਿਤ ਦਫ਼ਤਰ ਵਿੱਚ ਵਿਜੈਦਸ਼ਮੀ ਉਤਸਵ ਦੌਰਾਨ ਸੰਘ ਮੁਖੀ ਮੋਹਨ ਭਾਗਵਤ, ਇਸਰੋ ਦੇ ਸਾਬਕਾ ਚੇਅਰਪਰਸਨ ਕੇ ਰਾਧਾਕਿਸ਼ਨਨ ਤੇ ਹੋਰ ਹਲਫ਼ ਲੈਂਦੇ ਹੋਏ। -ਫੋਟੋ: ਏਐਨਆਈ

ਨਾਗਪੁਰ, 12 ਅਕਤੂਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੈੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕੁਝ ਸਾਲਾਂ ’ਚ ਭਾਰਤ ਵਧੇਰੇ ਮਜ਼ਬੂਤ ਹੋਇਆ ਹੈ ਅਤੇ ਦੁਨੀਆ ’ਚ ਉਸ ਦਾ ਵੱਕਾਰ ਵੀ ਵਧਿਆ ਹੈ ਪਰ ਨਾਪਾਕ ਸਾਜ਼ਿਸ਼ਾਂ ਮੁਲਕ ਦੇ ਅਹਿਦ ਦਾ ਇਮਤਿਹਾਨ ਲੈ ਰਹੀਆਂ ਹਨ। ਭਾਗਵਤ ਨੇ ਬੰਗਲਾਦੇਸ਼ ਦੇ ਹਾਲਾਤ ਦੇ ਸੰਦਰਭ ’ਚ ਕਿਹਾ ਕਿ ਉਥੇ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਭਾਰਤ ਉਸ ਲਈ ਖ਼ਤਰਾ ਹੈ ਅਤੇ ਉਨ੍ਹਾਂ ਨੂੰ ਬਚਾਅ ਲਈ ਪਾਕਿਸਤਾਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬੰਗਲਾਦੇਸ਼ ’ਚ ਸਾਰੇ ਧਰਮਾਂ ਦੇ ਲੋਕਾਂ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਚਾਰੋਂ ਪਾਸਿਆਂ ਤੋਂ ਅਸਥਿਰ ਕਰਨ ਅਤੇ ਗੜਬੜ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਾਗਪੁਰ ’ਚ ਸੰਘ ਦੀ ਸਾਲਾਨਾ ਵਿਜੈਦਸ਼ਮੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਵਿਅਕਤੀਗਤ ਅਤੇ ਕੌਮੀ ਕਿਰਦਾਰ ਦੀ ਮਜ਼ਬੂਤੀ ਧਰਮ ਦੀ ਜਿੱਤ ਲਈ ਤਾਕਤ ਦਾ ਆਧਾਰ ਬਣਦੀ ਹੈ। ਉਨ੍ਹਾਂ ਕਿਹਾ, ‘ਸਾਨੂੰ ਅਹਿਲਿਆਬਾਈ ਹੋਲਕਰ, ਦਯਾਨੰਦ ਸਰਸਵਤੀ, ਬਿਰਸਾ ਮੁੰਡਾ ਅਤੇ ਹੋਰ ਹਸਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜਿਨ੍ਹਾਂ ਆਪਣੀ ਜ਼ਿੰਦਗੀ ਦੇਸ਼ ਦੇ ਕਲਿਆਣ, ਧਰਮ, ਸੱਭਿਆਚਾਰ ਅਤੇ ਸਮਾਜ ਪ੍ਰਤੀ ਸਮਰਪਿਤ ਕਰ ਦਿੱਤੀ।’ ਉਨ੍ਹਾਂ ਪੱਛਮੀ ਏਸ਼ੀਆ ’ਚ ਹਮਾਸ-ਇਜ਼ਰਾਈਲ ਜੰਗ ’ਤੇ ਵੀ ਚਿੰਤਾ ਜਤਾਈ। ਇਸ ਮੌਕੇ ਇਸਰੋ ਦੇ ਸਾਬਕਾ ਚੇਅਰਪਰਸਨ ਕੇ. ਰਾਧਾਕਿ੍ਰਸ਼ਨਨ ਮੁੱਖ ਮਹਿਮਾਨ ਸਨ। ਉਨ੍ਹਾਂ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਸ਼ਾਂਤੀ ਨਾਲ ਹੋਣ ’ਤੇ ਤਸੱਲੀ ਜ਼ਾਹਿਰ ਕੀਤੀ। ਭਾਗਵਤ ਨੇ ਕਿਹਾ ਕਿ ਸਰਕਾਰ ਨੂੰ ਕੰਟਰੋਲ ਕਰਨ ਵਾਲੀਆਂ ਤਾਕਤਾਂ ਅਤੇ ‘ਕਲਚਰਲ ਮਾਰਕਸਵਾਦੀ’ ਸਾਰੀਆਂ ਸੱਭਿਆਚਾਰਕ ਰਵਾਇਤਾਂ ਦੇ ਐਲਾਨੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਸਮਾਜ ’ਚ ਵੰਡੀਆਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੌਮੀ ਹਿੱਤ ਤੋਂ ਵੱਡੀਆਂ ਹੋ ਗਈਆਂ ਹਨ। ਉਨ੍ਹਾਂ ਦੀ ਕਾਰਜ ਪ੍ਰਣਾਲੀ ਇਕ ਪਾਰਟੀ ਦੀ ਹਮਾਇਤ ’ਚ ਖੜ੍ਹੇ ਹੋਣਾ ਅਤੇ ਬਦਲਵੀਂ ਸਿਆਸਤ ਦੇ ਨਾਮ ’ਤੇ ਆਪਣੇ ਤਬਾਹਕੁੰਨ ਏਜੰਡੇ ਨੂੰ ਅੱਗੇ ਵਧਾਉਣਾ ਹੈ। ਸੰਘ ਮੁਖੀ ਨੇ ਕਿਹਾ ਕਿ ਹਰ ਕਿਸੇ ਨੂੰ ਇਕ-ਦੂਜੇ ਦੇ ਤਿਉਹਾਰਾਂ ’ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਦੇ ਹੱਥਾਂ ’ਚ ਮੋਬਾਈਲ ਫੋਨ ਆਉਣ ’ਤੇ ਚਿੰਤਾ ਜਤਾਈ ਅਤੇ ਕਿਹਾ ਕਿ ਉਹ ਕੀ-ਕੁਝ ਦੇਖ ਰਹੇ ਹਨ, ਇਸ ’ਤੇ ਕੋਈ ਕੰਟਰੋਲ ਨਹੀਂ ਹੈ। ਨੌਜਵਾਨਾਂ ’ਚ ਨਸ਼ੇ ਦੀ ਆਦਤ ਵਧਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਜ ਨੂੰ ਅੰਦਰੋਂ ਖੋਖਲਾ ਕਰ ਰਹੀ ਹੈ। ਭਾਗਵਤ ਨੇ ਕੋਲਕਾਤਾ ’ਚ ਡਾਕਟਰ ਨਾਲ ਜਬਰ-ਜਨਾਹ ਮਗਰੋਂ ਹੱਤਿਆ ਦੀ ਘਟਨਾ ਨੂੰ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਉਥੇ ਅਪਰਾਧੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅਪਰਾਧ, ਸਿਆਸਤ ਅਤੇ ਮਾੜੇ ਸੱਭਿਆਚਾਰ ਦਾ ਗੱਠਜੋੜ ਸਮਾਜ ਨੂੰ ਬਰਬਾਦ ਕਰ ਰਿਹਾ ਹੈ। -ਪੀਟੀਆਈ

Advertisement

ਦੇਸ਼ ਨੂੰ ਇੱਕ ਸਾਂਚੇ ’ਚ ਢਾਲਣਾ ਚਾਹੁੰਦੀ ਹੈ ਆਰਐੱਸਐੱਸ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਸਵੈਮ ਸੇਵਕ ਸੰਘ ਮੁਖੀ ਮੋਹਨ ਭਾਗਵਤ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਦੋਸ਼ ਲਾਇਆ ਕਿ ਆਰਐੱਸਐੱਸ ਦੇਸ਼ ਨੂੰ ਇਕ ਸਾਂਚੇ ਵਿੱਚ ਢਾਲਣਾ ਚਾਹੁੰਦੀ ਹੈ, ਪਰ ਇਸ ਦੀ ਇਹ ਯੋਜਨਾ ਸਫਲ ਨਹੀਂ ਹੋਵੇਗੀ। ਭਾਗਵਤ ਨਾਗਪੁਰ ਵਿੱਚ ਆਰਐੱਸਐੱਸ ਦੀ ਵਿਜੈਦਸ਼ਮੀ ਰੈਲੀ ਨੂੰ ਸੰਬੋਧਨ ਕਰਦਿਆਂ ‘ਸਭਿਆਚਾਰਕ ਮਾਰਕਸਵਾਦੀਆਂ ਅਤੇ ਜਾਗਰੂਕ ਲੋਕਾਂ’ ’ਤੇ ਸਿੱਖਿਆ ਅਤੇ ਸਭਿਆਚਾਰ ਨੂੰ ਕਮਜੋਰ ਕਰਨ, ਟਕਰਾਅ ਨੂੰ ਹੁਲਾਰਾ ਦੇਣ ਅਤੇ ਸਮਾਜਿਕ ਏਕਤਾ ਵਿੱਚ ਅੜਿੱਕਾ ਡਾਹੁਣ ਦਾ ਦੋਸ਼ ਲਾਇਆ ਸੀ। ਭਾਗਵਤ ਦੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਆਰਐੱਸਐੱਸ ਮੁਖੀ ਕਾਫ਼ੀ ਉਲਝਣ ਵਿੱਚ ਜਾਪਦੇ ਹਨ। ਉਨ੍ਹਾਂ ਨੂੰ ਹੈਰਾਨੀ ਹੈ ਕਿ ਉਹ ਵਿਭਿੰਨਤਾ ਦੇ ਹੱਕ ਵਿੱਚ ਹਨ ਜਾਂ ਵਿਰੋਧ ਵਿੱਚ। ਉਨ੍ਹਾਂ ਕਿਹਾ, ‘‘ਇੱਥੇ ਵਿਭਿੰਨਤਾ ਹੈ, ਚਾਹੇ ਉਹ ਇਸ ਦਾ ਸਮਰਥਨ ਕਰਨ ਜਾਂ ਵਿਰੋਧ। ਉਹ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਈ ਪੇਸ਼ ਨਹੀਂ ਚੱਲ ਰਹੀ।’’ -ਪੀਟੀਆਈ

Advertisement

ਮੋਦੀ ਅਤੇ ਸ਼ਾਹ ਨੇ ਸੰਘ ਦੇ ਸਥਾਪਨਾ ਦਿਵਸ ਦੀ ਦਿੱਤੀ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਰਐੱਸਐੱਸ ਦੇ ਸਥਾਪਨਾ ਦਿਵਸ ’ਤੇ ਸੰਘ ਵਾਲੰਟੀਅਰਾਂ ਨੂੰ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ ਸੰਘ ਦੇਸ਼ ਦੀ ਸੇਵਾ ਲਈ ਸਮਰਪਿਤ ਜਥੇਬੰਦੀ ਹੈ ਜੋ ਆਪਣੇ 100ਵੇਂ ਵਰ੍ਹੇ ’ਚ ਦਾਖ਼ਲ ਹੋ ਰਹੀ ਹੈ। ਉਨ੍ਹਾਂ ਮੋਹਨ ਭਾਗਵਤ ਦੇ ਭਾਸ਼ਨ ਨੂੰ ‘ਐਕਸ’ ’ਤੇ ਸਾਂਝਾ ਕੀਤਾ। ਸ਼ਾਹ ਨੇ ਕਿਹਾ ਕਿ ਸੰਘ ਭਾਰਤੀ ਸੱਭਿਆਚਾਰ ਦੀ ਰਾਖੀ ਅਤੇ ਨੌਜਵਾਨਾਂ ’ਚ ਦੇਸ਼ਭਗਤੀ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। -ਪੀਟੀਆਈ

Advertisement