ਭਾਰਤ ਸ਼ਾਂਤੀ ਯਤਨਾਂ ’ਚ ਸਰਗਰਮ ਭੂਮਿਕਾ ਲਈ ਹਮੇਸ਼ਾ ਤਿਆਰ: ਮੋਦੀ
ਕੀਵ, 23 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਕਿਹਾ ਕਿ ਯੂਕਰੇਨ ਤੇ ਰੂਸ ਨੂੰ ਬਿਨਾਂ ਕਿਸੇ ਦੇਰੀ ਮਿਲ ਬੈਠ ਕੇ ਮੌਜੂਦਾ ਜੰਗ ਨੂੰ ਖ਼ਤਮ ਕਰਨ ਲਈ ਰਾਹ ਤਲਾਸ਼ਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੂਸ-ਯੁੂਕਰੇਨ ਟਕਰਾਅ ਦੀ ਸ਼ੁਰੂਆਤ ਤੋਂ ਹੀ ਭਾਰਤ ਅਮਨ ਤੇ ਸ਼ਾਂਤੀ ਦਾ ਹਾਮੀ ਰਿਹਾ ਹੈ। ਜੰਗ ਦੇ ਪਰਛਾਵੇਂ ਹੇਠ ਕੀਵ ਵਿਚ ਯੂਕਰੇਨੀ ਸਦਰ ਨਾਲ ਹੋਈ ਆਪਣੀ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਯੂਕਰੇਨ ਵਿਚ ਅਮਨ ਦੀ ਬਹਾਲੀ ਲਈ ਕੀਤੀ ਜਾਣ ਵਾਲੀ ਹਰ ਕੋਸ਼ਿਸ਼ ’ਚ ਭਾਰਤ ‘ਸਰਗਰਮ ਭੂਮਿਕਾ’ ਨਿਭਾਉਣ ਲਈ ਹਮੇਸ਼ਾ ਤਿਆਰ ਹੈ। ਦੋਵਾਂ ਆਗੂਆਂ ਦਰਮਿਆਨ ਹੋਈ ਬੈਠਕ ਭਾਵੇਂ ਮੁੱਖ ਤੌਰ ’ਤੇ ਜੰਗ ਖ਼ਤਮ ਕਰਨ ਦੇ ਢੰਗ-ਤਰੀਕਿਆਂ ’ਤੇ ਕੇਂਦਰਤ ਸੀ, ਪਰ ਇਸ ਦੌਰਾਨ ਵਣਜ, ਰੱਖਿਆ, ਸਿਹਤ ਸੰਭਾਲ, ਫਾਰਮਾਸਿਊਟੀਕਲਜ਼, ਖੇਤੀ ਤੇ ਸਿੱਖਿਆ ਜਿਹੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਬਾਰੇ ਵੀ ਚਰਚਾ ਹੋਈ।
ਸ੍ਰੀ ਮੋਦੀ ਨੇ ਗੱਲਬਾਤ ਤੋਂ ਪਹਿਲਾਂ ਆਪਣੀ ਸ਼ੁਰੂਆਤੀ ਤਕਰੀਰ ਵਿਚ ਕਿਹਾ, ‘‘ਅਸੀਂ (ਭਾਰਤ) ਨਿਰਪੱਖ ਨਹੀਂ ਹਾਂ। ਸ਼ੁਰੂਆਤ ਤੋਂ ਹੀ ਅਸੀਂ ਪਾਸਾ ਚੁਣ ਲਿਆ ਸੀ। ਅਸੀਂ ਅਮਨ ਤੇ ਸ਼ਾਂਤੀ ਦਾ ਪਾਸਾ ਚੁਣਿਆ ਸੀ। ਅਸੀਂ ਭਗਵਾਨ ਬੁੱਧ ਦੀ ਧਰਤੀ ਤੋਂ ਆਉਂਦੇ ਹਾਂ, ਜਿੱਥੇ ਜੰਗ ਲਈ ਕੋਈ ਥਾਂ ਨਹੀਂ ਹੈ। ਅਸੀਂ ਮਹਾਤਮਾ ਗਾਂਧੀ ਦੀ ਧਰਤੀ ਤੋਂ ਆਉਂਦੇ ਹਾਂ, ਜਿਨ੍ਹਾਂ ਕੁੱਲ ਆਲਮ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਸੀ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਦੇਸ਼ਾਂ ਦੀ ਪ੍ਰਭੂਸੱਤਾ ਤੇ ਪ੍ਰਦੇਸ਼ਕ ਅਖੰਡਤਾ ਦੇ ਸਤਿਕਾਰ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਤੁਹਾਨੂੰ ਤੇ ਪੂਰੇ ਆਲਮੀ ਭਾਈਚਾਰੇ ਨੂੰ ਯਕੀਨ ਦਿਵਾਉਂਦਾ ਹਾਂ ਕਿ ਭਾਰਤ ਦੇਸ਼ਾਂ ਦੀ ਪ੍ਰਭੂਸੱਤਾ ਤੇ ਇਲਾਕਾਈ ਅਖੰਡਤਾ ਲਈ ਵਚਨਬੱਧ ਹੈ ਤੇ ਇਹ ਸਾਡੇ ਲਈ ਸਭ ਤੋਂ ਅਹਿਮ ਹੈ।’’
ਸ੍ਰੀ ਮੋਦੀ ਨੇ ਜ਼ੇਲੈਂਸਕੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਤੰਬਰ 2022 ਵਿਚ ਸਮਰਕੰਦ ਤੇ ਪਿਛਲੇ ਮਹੀਨੇ ਮਾਸਕੋ ਵਿਚ ਹੋਈ ਗੱਲਬਾਤ ਤੋਂ ਵੀ ਜਾਣੂੰ ਕਰਵਾਇਆ। ਉਨ੍ਹਾਂ ਕਿਹਾ, ‘‘ਪਹਿਲਾਂ ਜਦੋਂ ਮੈਂ ਰਾਸ਼ਟਰਪਤੀ ਪੂਤਿਨ ਨੂੰ ਸਮਰਕੰਦ ਵਿਚ ਮਿਲਿਆ ਸੀ, ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਪਿਛਲੇ ਮਹੀਨੇ ਜਦੋਂ ਮੈਂ ਰੂਸ ਗਿਆ, ਮੈਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸੇ ਵੀ ਸਮੱਸਿਆ ਦਾ ਹੱਲ ਜੰਗ ਦੇ ਮੈਦਾਨ ਵਿਚ ਨਹੀਂ ਲੱਭ ਸਕਦਾ। ਹੱਲ ਗੱਲਬਾਤ, ਸੰਵਾਦ ਤੇ ਕੂਟਨੀਤੀ ਜ਼ਰੀਏ ਨਿਕਲਦਾ ਹੈ ਤੇ ਸਾਨੂੰ ਬਿਨਾਂ ਕਿਸੇ ਦੇਰੀ ਦੇ ਉਸ ਦਿਸ਼ਾ ’ਚ ਅੱਗੇ ਵਧਣਾ ਚਾਹੀਦਾ ਹੈ। ਦੋਵਾਂ ਧਿਰਾਂ ਨੂੰ ਮਿਲ ਬੈਠ ਕੇ ਇਸ ਸੰਕਟ ’ਚੋਂ ਬਾਹਰ ਨਿਕਲਣ ਦਾ ਰਾਹ ਤਲਾਸ਼ਣਾ ਚਾਹੀਦਾ ਹੈ।’’ ਸ੍ਰੀ ਮੋਦੀ ਨੇ ਜ਼ੇਲੈਂਸਕੀ ਨੂੰ ਕਿਹਾ ਕਿ ਉਹ ਆਲਮੀ ਦੱਖਣ ਸਣੇ ਕੁੱਲ ਆਲਮ ਵੱਲੋਂ ਸ਼ਾਂਤੀ ਦੇ ਸੁਨੇਹੇ ਨਾਲ ਕੀਵ ਆਏ ਹਨ। ਇਸ ਦੌਰਾਨ ਭਾਰਤ ਤੇ ਯੂਕਰੇਨ ਨੇ ਖੇਤੀ, ਖੁਰਾਕ ਸਨਅਤ, ਮੈਡੀਸਨ, ਸਭਿਆਚਾਰ ਤੇ ਮਾਨਵ ਸਹਾਇਤਾ ਜਿਹੇ ਖੇਤਰਾਂ ਵਿਚ ਸਹਿਯੋਗ ਲਈ ਚਾਰ ਸਮਝੌਤੇ ਸਹੀਬੱਧ ਕੀਤੇ। ਯੂਕਰੇਨ ਦੇ 1991 ਵਿਚ ਆਜ਼ਾਦ ਮੁਲਕ ਬਣਨ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੀਵ ਦੀ ਇਹ ਪਲੇਠੀ ਫੇਰੀ ਹੈ। ਉਧਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਦੋਵਾਂ ਆਗੂਆਂ ਦਰਮਿਆਨ ਬਹੁਤ ਵਿਸਥਾਰਤ, ਖੁੱਲ੍ਹੀ ਤੇ ਉਸਾਰੂ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਗੱਲਬਾਤ ਕੁੁਝ ਹੱਦ ਤੱਕ ਫੌਜੀ ਹਾਲਾਤ, ਖੁਰਾਕ ਤੇ ਊਰਜਾ ਸੁਰੱਖਿਆ ਨਾਲ ਜੁੜੇ ਫ਼ਿਕਰਾਂ ਅਤੇ ‘ਅਮਨ ਲਈ ਵਿਚਾਰਨਯੋਗ ਰਾਹ’ ਉੱਤੇ ਕੇਂਦਰਤ ਸੀ। ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ਮੀਨੀ ਹਾਲਾਤ ਤੇ ਕੂਟਨੀਤਕ ਬਿਰਤਾਂਤ, ਦੋਵਾਂ ਬਾਰੇ ਯੂਕਰੇਨੀ ਰਾਸ਼ਟਰਪਤੀ ਦੀ ਰਾਇ ਜਾਣਨੀ ਚਾਹੀ ਤੇ ਜ਼ੇਲੈਂਸਕੀ ਨੇ ਦੋਵਾਂ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਜੈਸ਼ੰਕਰ ਨੇ ਸ੍ਰੀ ਮੋਦੀ ਦੀ ਕੀਵ ਫੇਰੀ ਨੂੰ ‘ਮੀਲਪੱਥਰ’ ਦੌਰਾ ਕਰਾਰ ਦਿੱਤਾ। ਪ੍ਰਧਾਨ ਮੰਤਰੀ ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ ਵਿਸ਼ੇਸ਼ ਟਰੇਨ ਰਾਹੀਂ ਕੀਵ ਪੁੱਜੇ ਸਨ, ਜਿੱਥੇ ਯੂਕਰੇਨ ਦੀ ਪਹਿਲੀ ਉਪ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਧਾਨੀ ਕੀਵ ਵਿਚ ਸੱਤ ਘੰਟਿਆਂ ਦੀ ਆਪਣੀ ਠਹਿਰ ਦੌਰਾਨ ਸ੍ਰੀ ਮੋਦੀ ‘ਓਇਸਸ ਆਫ਼ ਪੀਸ’ ਪਾਰਕ ਗਏ ਤੇ ਉਥੇ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਫੁੱਲ-ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਮੋਦੀ ਨੇ ਐਕਸ ’ਤੇ ਲਿਖਿਆ, ‘‘ਕੀਵ ਵਿਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਪੂ ਦੇ ਆਦਰਸ਼ ਸਰਬਵਿਆਪੀ ਹਨ ਤੇ ਲੱਖਾਂ ਨੂੰ ਆਸ ਤੇ ਉਮੀਦ ਦਿੰਦੇ ਹਨ। ਅਸੀਂ ਸਾਰੇ ਉਨ੍ਹਾਂ ਵੱਲੋਂ ਮਨੁੱਖਤਾ ਨੂੰ ਦਿਖਾਏ ਰਾਹ ’ਤੇ ਚੱਲੀਏ।’’ -ਪੀਟੀਆਈ
ਮੋਦੀ ਬੱਚਿਆਂ ਨੂੰ ਸਮਰਪਿਤ ਸ਼ਹੀਦੀ ਸਮਾਰਕ ’ਤੇ ਨਤਮਸਤਕ
ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦੇ ਸ਼ਹੀਦੀ ਸਮਾਰਕ ਵੀ ਗਏ, ਜੋ ਰੂਸ-ਯੂਕਰੇਨ ਜੰਗ ਦੌਰਾਨ ਜਾਨਾਂ ਗੁਆਉਣ ਵਾਲੇ ਬੱਚਿਆਂ ਦੀ ਯਾਦ ਨੂੰ ਸਮਰਪਿਤ ਹੈ। ਸ੍ਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਰਾਸ਼ਟਰਪਤੀ ਜ਼ੇਲੈਂਸਕੀ ਤੇ ਮੈਂ ਅੱਜ ਕੀਵ ਵਿਚ ਮਾਰਟਰੋਲੋਜਿਸਟ ਐਕਸਪੋਜ਼ੀਸਨ (ਸ਼ਹੀਦੀ ਸਮਾਰਕ) ਉੱਤੇ ਸ਼ਰਧਾਂਜਲੀ ਭੇਟ ਕੀਤੀ। ਇਹ ਟਕਰਾਅ ਖਾਸ ਕਰਕੇ ਬੱਚਿਆਂ ਲਈ ਤਬਾਹਕੁਨ ਹੈ। ਮੇਰਾ ਦਿਲ ਪੀੜਤ ਬੱਚਿਆਂ ਦੇ ਪਰਿਵਾਰਾਂ ਲਈ ਰੋ ਰਿਹਾ ਹੈ ਤੇ ਮੈਂ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਇਨ੍ਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇੇ।’’ ਸ੍ਰੀ ਮੋਦੀ ਨੇ ਸਮਾਰਕ ’ਤੇ ਛੋਟਾ ਖਿਡੌਣਾ ਰੱਖਣ ਮਗਰੋਂ ਹੱਥ ਜੋੜ ਕੇ ਖਾਮੋਸ਼ ਪ੍ਰਾਰਥਨਾ ਨਾਲ ਸ਼ਰਧਾਂਜਲੀ ਭੇਟ ਕੀਤੀ। ਉਧਰ ਜ਼ੇਲੈਂਸਕੀ ਨੇ ਇਕ ਪੋਸਟ ਵਿਚ ਕਿਹਾ, ‘‘ਹਰ ਮੁਲਕ ਵਿਚ ਬੱਚੇ ਸੁਰੱਖਿਅਤ ਜ਼ਿੰਦਗੀ ਜਿਊਣ ਦੇ ਹੱਕਦਾਰ ਹਨ। ਅਸੀਂ ਇਹ ਸੰਭਵ ਬਣਾਉਣਾ ਹੈ।’’ ਯੂਨੀਸੈੱਫ ਮੁਤਾਬਕ ਯੂਕਰੇਨ-ਰੂਸ ਜੰਗ ਵਿਚ ਹੁਣ ਤੱਕ ਕਰੀਬ 2000 ਬੱਚਿਆਂ ਦੀ ਜਾਨ ਜਾਂਦੀ ਰਹੀ ਹੈ। ਚੇਤੇ ਰਹੇ ਕਿ ਸ੍ਰੀ ਮੋਦੀ ਨੇ ਜੁਲਾਈ ਵਿਚ ਮਾਸਕੋ ਦੀ ਆਪਣੀ ਫੇਰੀ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਸੀ ਕਿ ਜੰਗ ਵਿਚ ਬੇਕਸੂਰ ਬੱਚਿਆਂ ਦੀ ਮੌਤ ‘ਦਿਲ ਦੁਖਾਉਣ ਵਾਲੀ ਤੇ ਬਹੁਤ ਦਰਦਨਾਕ ਹੈ।’’ ਸ੍ਰੀ ਮੋਦੀ ਨੇ 9 ਜੁਲਾਈ ਨੂੰ ਪੂਤਿਨ ਨਾਲ ਮੁਲਾਕਾਤ ਕੀਤੀ ਸੀ ਤੇ ਇਕ ਦਿਨ ਪਹਿਲਾਂ ਰੁੂਸ ਵੱਲੋਂ ਦਾਗ਼ੀਆਂ ਮਿਜ਼ਾਈਲਾਂ ਨੇ ਕੀਵ ਵਿਚ ਬੱਚਿਆਂ ਦੇ ਇਕ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਸੀ।
ਯੂਕਰੇਨ ਨੂੰ ਤੋਹਫ਼ੇ ਵਿੱਚ ਚਾਰ ‘ਭੀਸ਼ਮ’ ਕਿਊਬ ਸੌਂਪੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫੇਰੀ ਦੌਰਾਨ ਯੂਕਰੇਨ ਨੂੰ ਤੋਹਫ਼ੇ ਵਿਚ ਚਾਰ ਭਾਰਤ ਹੈਲਥ ਇਨੀਸ਼ਿਏਟਿਵ ਫਾਰ ਸਹਿਯੋਗ ਹਿਤਾ ਐਂਡ ਮੈਤਰੀ (ਭੀਸ਼ਮ) ਕਿਊਬਜ਼ ਦਿੱਤੇ। ਇਹ ਕਿਊਬਜ਼ ਇਕ ਤਰ੍ਹਾਂ ਦਾ ਮੋਬਾਈਲ ਹਸਪਤਾਲ ਹਨ, ਜਿਸ ਦਾ ਮੁੱਖ ਮੰਤਵ ਐਮਰਜੈਂਸੀ ਮੈਡੀਕਲ ਕੇਅਰ ਮੁਹੱਈਆ ਕਰਵਾਉਣਾ ਹੈ। ਯੂਕਰੇਨ ਨੂੰ ਅਜਿਹੀਆਂ ਚਾਰ ਕਿਊਬਜ਼ ਦੇਣ ਦਾ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੀ ਯੂਕਰੇਨ ਫੇਰੀ ਤੋਂ ਪਹਿਲਾਂ ਕੀਤਾ ਗਿਆ ਸੀ। 15-15 ਇੰਚਾਂ ਦੇ ਇਨ੍ਹਾਂ ਕਿਊਬੀਕਲ ਬਕਸਿਆਂ ਵਿਚ ਸਾਰੀਆਂ ਜ਼ਰੂਰੀ ਦਵਾਈਆਂ ਤੇ ਹੋਰ ਸਾਜ਼ੋ-ਸਮਾਨ ਉਪਲਬਧ ਹੈ, ਜੋ ਸੱਟ-ਫੇਟ ਤੇ ਹੋਰ ਮੈਡੀਕਲ ਐਮਰਜੈਂਸੀ ’ਚ ਲੋੜੀਂਦਾ ਹੈ। ਅਧਿਕਾਰੀਆਂ ਮੁਤਾਬਕ ਇਕ ਕਿਊਬ ਐਮਰਜੈਂਸੀ ਦੌਰਾਨ 200 ਕੇਸਾਂ ਨੂੰ ਹੈਂਡਲ ਕਰਨ ਦੇ ਸਮਰੱਥ ਹੈ।
ਪ੍ਰਧਾਨ ਮੰਤਰੀ ਕੀਵ ਤੋਂ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤ ਘੰਟਿਆਂ ਦੇ ਆਪਣੇ ਰੁਝੇਵਿਆਂ ਭਰਪੂਰ ਪ੍ਰੋਗਰਾਮ ਮਗਰੋਂ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਰਵਾਨਾ ਹੋ ਗਏ ਹਨ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਯੁੂਕਰੇਨ ਦੀ ਮੇਰੀ ਫੇਰੀ ਇਤਿਹਾਸਕ ਸੀ। ਮੈਂ ਭਾਰਤ-ਯੂਕਰੇਨ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਸ ਮਹਾਨ ਮੁਲਕ ਆਇਆ ਸੀ। ਰਾਸ਼ਟਰਪਤੀ ਜ਼ੇਲੈਂਸਕੀ ਨਾਲ ਉਸਾਰੂ ਤੇ ਕਾਰਗਰ ਗੱਲਬਾਤ ਹੋਈ। ਮੈਂ ਸਰਕਾਰ ਤੇ ਯੂਕਰੇਨੀ ਲੋਕਾਂ ਵੱਲੋਂ ਕੀਤੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕਰਦਾ ਹਾਂ।’’ -ਪੀਟੀਆਈ