ਭਾਰਤ ਪੱਛਮੀ ਏਸ਼ੀਆ ਵਿੱਚ ਫੌਰੀ ਗੋਲੀਬੰਦੀ ਦੇ ਹੱਕ ’ਚ: ਜੈਸ਼ੰਕਰ
ਰੋਮ, 25 ਨਵੰਬਰ
ਫੌਜੀ ਕਾਰਵਾਈਆਂ ਦੌਰਾਨ ਆਮ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ, ਲੋਕਾਂ ਨੂੰ ਬੰਦੀ ਬਣਾਏ ਜਾਣ ਅਤੇ ਅਤਿਵਾਦ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ’ਚ ਗੋਲੀਬੰਦੀ ਦੇ ਹੱਕ ’ਚ ਹੈ ਅਤੇ ਉਹ ਸ਼ਾਂਤੀ ਬਹਾਲੀ ਲਈ ਦੋ ਮੁਲਕ ਬਣਾਉਣ ਦੇ ਹੱਲ ਦੀ ਹਮਾਇਤ ਕਰਦਾ ਹੈ। ਇਥੇ ਐੱਮਈਡੀ ਭੂਮੱਧਸਾਗਰ ਵਾਰਤਾ ਦੇ 10ਵੇਂ ਸੰਸਕਰਣ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਫੌਜੀ ਕਾਰਵਾਈਆਂ ਦੌਰਾਨ ਵੱਡੇ ਪੱਧਰ ’ਤੇ ਆਮ ਲੋਕਾਂ ਦੀ ਮੌਤ ਮਨਜ਼ੂਰ ਨਹੀਂ ਹੈ ਅਤੇ ਕੌਮਾਂਤਰੀ ਮਾਨਵੀ ਹੱਕਾਂ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਸਾਰਿਆਂ ਨੂੰ ਫੌਰੀ ਗੋਲੀਬੰਦੀ ਦੀ ਹਮਾਇਤ ਕਰਨੀ ਚਾਹੀਦੀ ਹੈ। ਲੰਬੇ ਸਮੇਂ ’ਚ ਇਹ ਜ਼ਰੂਰੀ ਹੈ ਕਿ ਫਲਸਤੀਨੀ ਲੋਕਾਂ ਦੇ ਭਵਿੱਖ ’ਤੇ ਧਿਆਨ ਦਿੱਤਾ ਜਾਵੇ। ਭਾਰਤ ਦੋ ਮੁਲਕ ਬਣਾਉਣ ਦੇ ਹੱਲ ਦੀ ਹਮਾਇਤ ਕਰਦਾ ਹੈ।’’ ਪੱਛਮੀ ਏਸ਼ੀਆ ’ਚ ਜੰਗ ਦਾ ਘੇਰਾ ਵਧਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਲਗਾਤਾਰ ਇਜ਼ਰਾਈਲ ਅਤੇ ਇਰਾਨ ਦੇ ਸੰਪਰਕ ’ਚ ਹੈ ਤਾਂ ਜੋ ਦੋਵੇਂ ਮੁਲਕ ਸੰਜਮ ਰੱਖਣ ਅਤੇ ਆਪਸ ’ਚ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਇਟਲੀ ਵਾਂਗ ਭਾਰਤੀ ਸ਼ਾਂਤੀ ਸੈਨਿਕਾਂ ਦਾ ਦਲ ਵੀ ਲਿਬਨਾਨ ’ਚ ਹੈ। ਯੂਕਰੇਨ-ਰੂਸ ਜੰਗ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਭੂਮੱਧਸਾਗਰ ਸਮੇਤ ਦੁਨੀਆ ਦੇ ਹੋਰ ਹਿੱਸਿਆਂ ’ਚ ਗੰਭੀਰ ਅਤੇ ਅਸਥਿਰ ਕਰਨ ਵਾਲੇ ਸਿੱਟੇ ਹੋਣਗੇ। ਵਿਦੇਸ਼ ਮੰਤਰੀ ਨੇ ਕਿਹਾ, ‘‘ਇਕ ਗੱਲ ਸਪੱਸ਼ਟ ਹੈ ਕਿ ਜੰਗ ਦੇ ਮੈਦਾਨ ’ਚੋਂ ਕੋਈ ਹੱਲ ਨਹੀਂ ਨਿਕਲੇਗਾ।
ਭਾਰਤ ਲਗਾਤਾਰ ਵਿਚਾਰ ਪ੍ਰਗਟਾਉਂਦਾ ਆ ਰਿਹਾ ਹੈ ਕਿ ਇਸ ਯੁੱਗ ’ਚ ਵਿਵਾਦਾਂ ਦਾ ਨਿਬੇੜਾ ਜੰਗ ਰਾਹੀਂ ਨਹੀਂ ਕੀਤਾ ਜਾ ਸਕਦਾ ਹੈ। ਸਮੱਸਿਆਵਾਂ ਦੇ ਹੱਲ ਲਈ ਵਾਰਤਾ ਅਤੇ ਕੂਟਨੀਤੀ ’ਤੇ ਜ਼ੋਰ ਦੇਣਾ ਚਾਹੀਦਾ ਹੈ। ਅੱਜ ਪੂਰੀ ਦੁਨੀਆ ਖਾਸ ਕਰਕੇ ਆਲਮੀ ਦੱਖਣ ’ਚ ਇਹੋ ਭਾਵਨਾ ਹੈ।’’ ਉਨ੍ਹਾਂ ਕਿਹਾ ਕਿ ਦੋਵੇਂ ਜੰਗਾਂ ਕਾਰਨ ਸਪਲਾਈ ਚੇਨਾਂ ਅਸੁਰੱਖਿਅਤ ਅਤੇ ਸੰਪਰਕ ਖਾਸ ਕਰਕੇ ਸਮੁੰਦਰੀ ਪਾਣੀਆਂ ’ਚ ਆਵਾਜਾਈ ’ਚ ਅੜਿੱਕੇ ਪਏ ਹਨ।
ਇਸ ਤੋਂ ਪਹਿਲਾਂ ਜੈਸ਼ੰਕਰ ਨੇ ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨਾਲ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਤਕਨਾਲੋਜੀ, ਹਰਿਤ ਊਰਜਾ, ਵਪਾਰ ਅਤੇ ਪੱਛਮੀ ਏਸ਼ੀਆ ਤੇ ਹਿੰਦ-ਪ੍ਰਸ਼ਾਂਤ ਖ਼ਿੱਤੇ ਦੇ ਘਟਨਾਕ੍ਰਮਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਨੇ ‘ਐਕਸ’ ’ਤੇ ਲੈਮੀ ਨਾਲ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ-ਬਰਤਾਨੀਆ ਵਿਆਪਕ ਰਣਨੀਤਕ ਭਾਈਵਾਲੀ ’ਚ ਤੇਜ਼ੀ ਦੀ ਉਹ ਸ਼ਲਾਘਾ ਕਰਦੇ ਹਨ। -ਪੀਟੀਆਈ
‘ਭਾਰਤ-ਮੱਧ ਪੂਰਬੀ-ਯੂਰਪ ਆਰਥਿਕ ਗਲਿਆਰਾ ਅਹਿਮ ਮੀਲ ਪੱਥਰ ਸਾਬਤ ਹੋਵੇਗਾ’
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ’ਚ ਐਲਾਨਿਆ ਭਾਰਤ-ਮੱਧ ਪੂਰਬੀ-ਯੂਰਪ ਆਰਥਿਕ ਗਲਿਆਰਾ (ਆਈਐੱਮਈਸੀ) ਅਹਿਮ ਮੀਲ ਪੱਥਰ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਭੂਮੱਧਸਾਗਰ ਵਿਚਕਾਰ ਨੇੜਲੇ ਅਤੇ ਮਜ਼ਬੂਤ ਸਬੰਧ ਦੋਹਾਂ ਲਈ ਫਾਇਦੇਮੰਦ ਹੋਣਗੇ। ਭੂਮੱਧਸਾਗਰ ਵਾਲੇ ਮੁਲਕਾਂ ਨਾਲ ਭਾਰਤ ਦਾ ਸਾਲਾਨਾ ਵਪਾਰ ਕਰੀਬ 80 ਅਰਬ ਡਾਲਰ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ, ‘‘ਸਾਡੇ 460,000 ਪਰਵਾਸੀ ਹਨ ਅਤੇ ਉਨ੍ਹਾਂ ’ਚੋਂ ਤਕਰੀਬਨ 40 ਫ਼ੀਸਦੀ ਇਟਲੀ ’ਚ ਹਨ। ਸਾਡੇ ਅਹਿਮ ਹਿੱਤ ਖਾਦਾਂ, ਊਰਜਾ, ਪਾਣੀ, ਤਕਨਾਲੋਜੀ, ਹੀਰਿਆਂ, ਰੱਖਿਆ ਅਤੇ ਪੁਲਾੜ ’ਚ ਹਨ।’’ ਉਨ੍ਹਾਂ ਕਿਹਾ ਕਿ ਭੂਮੱਧਸਾਗਰ ਬੇਯਕੀਨੀ ਅਤੇ ਅਸਥਿਰ ਦੁਨੀਆ ’ਚ ਮੌਕੇ ਅਤੇ ਜੋਖਮ ਪ੍ਰਦਾਨ ਕਰਦਾ ਹੈ। -ਪੀਟੀਆਈ