ਭਾਰਤ ਨੇ ਸ਼ੇਖ ਹਸੀਨਾ ਦਾ ਵੀਜ਼ਾ ਵਧਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 8 ਜਨਵਰੀ
ਭਾਰਤ ਨੇ ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਵੀਜ਼ਾ ਵਧਾ ਦਿੱਤਾ ਹੈ। ਉਹ ਪਿਛਲੇ ਸਾਲ ਅਗਸਤ ਤੋਂ ਦੇਸ਼ ਵਿੱਚ ਰਹਿ ਰਹੀ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਸੰਪਰਕ ਕਰਨ ’ਤੇ ਇਸ ਮਾਮਲੇ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ, ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਆਫਿਸ (ਐੱਫਆਰਆਰਓ) ਨੂੰ ਹਸੀਨਾ ਦੇ ਵੀਜ਼ਾ ਵਧਾਏ ਜਾਣ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲਾ ਇਹ ਆਫਿਸ ਵੀਜ਼ੇ ’ਤੇ ਦੇਸ਼ ਆਏ ਵਿਦੇਸ਼ੀਆਂ ਦੇ ਸਾਰੇ ਰਿਕਾਰਡ ਆਪਣੇ ਕੋਲ ਰੱਖਦਾ ਹੈ।
ਹਸੀਨਾ ਦਾ ਵੀਜ਼ਾ ਅਜਿਹੇ ਸਮੇਂ ਵਧਾਇਆ ਗਿਆ ਹੈ ਜਦੋਂ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਉਨ੍ਹਾਂ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ। ਇਸ ਸਬੰਧੀ ਬੰਗਲਾਦੇਸ਼ ਹਾਈ ਕਮਿਸ਼ਨ ਵੱਲੋਂ ਭਾਰਤ ਨੂੰ ਇੱਕ ਰਸਮੀ ਨੋਟਿਸ ਭੇਜਿਆ ਗਿਆ ਜਿਸ ਨੂੰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪ੍ਰਾਪਤ ਹੋਣ ਦੀ ਗੱਲ ਸਵੀਕਾਰ ਕੀਤੀ ਹੈ।
ਵਿਦਿਆਰਥੀਆਂ ਦੇ ਹਿੰਸਕ ਅੰਦੋਲਨ ਮਗਰੋਂ ਹਸੀਨਾ ਬੀਤੇ ਸਾਲ ਪੰਜ ਅਗਸਤ ਨੂੰ ਮੁਲਕ ਛੱਡ ਕੇ ਭੱਜ ਗਈ ਸੀ ਤੇ ਫੌਜੀ ਜਹਾਜ਼ ਰਾਹੀਂ ਭਾਰਤ ਆ ਗਈ ਸੀ। ਸੂਤਰਾਂ ਨੇ ਕਿਹਾ ਕਿ ਹੁਣ ਸਿਰਫ਼ ਹਸੀਨਾ ਦੇ ਰਹਿਣ ਦੀ ਮਿਆਦ ’ਚ ਵਾਧਾ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਪਨਾਹ ਦੀ ਪੇਸ਼ਕਸ਼ ਕੀਤੀ ਗਈ ਸੀ। ਹਸੀਨਾ ਦਿੱਲੀ ’ਚ ਇੱਕ ਸੁਰੱਖਿਅਤ ਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਹਿ ਰਹੀ ਹੈ। ਨੋਬਲ ਪੁਸਰਕਾਰ ਜੇਤੂ ਮੁਹੰਮਦ ਯੂਨੁਸ ਦੀ ਅਗਵਾਈ ਹੇਠਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ 23 ਦਸੰਬਰ ਨੂੰ ਰਸਮੀ ਤੌਰ ’ਤੇ ਹਸੀਨਾ ਦੀ ਹਵਾਲਗੀ ਮੰਗੀ ਸੀ।