ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਤੋਂ ਯੂਕਰੇਨ ਖ਼ਿਲਾਫ਼ ਜੰਗ ਰੋਕਣ ਦੀ ਮੰਗ ਕਰਦੇ ਮਤੇ ਤੋਂ ਭਾਰਤ ਨੇ ਬਣਾਈ ਦੂਰੀ­

07:24 AM Jul 13, 2024 IST

ਸੰਯੁਕਤ ਰਾਸ਼ਟਰ, 12 ਜੁਲਾਈ
ਸੰਯੁਕਤ ਰਾਸ਼ਟਰ ਮਹਾਸਭਾ ’ਚ ਵੀਰਵਾਰ ਨੂੰ ਉਸ ਮਤੇ ’ਤੇ ਹੋਈ ਵੋਟਿੰਗ ਤੋਂ ਭਾਰਤ ਦੂਰ ਰਿਹਾ ਜਿਸ ’ਚ ਰੂਸ ਤੋਂ ਯੂਕਰੇਨ ਖ਼ਿਲਾਫ਼ ਹਮਲੇ ਫੌਰੀ ਰੋਕਣ ਅਤੇ ਜ਼ਾਪੋਰਿਜ਼ੀਆ ਪਰਮਾਣੂ ਪਾਵਰ ਪਲਾਂਟ ਤੋਂ ਰੂਸੀ ਫੌਜੀਆਂ ਤੇ ਹੋਰ ਅਣਅਧਿਕਾਰਤ ਮੁਲਾਜ਼ਮਾਂ ਨੂੰ ਵਾਪਸ ਸੱਦਣ ਦੀ ਮੰਗ ਕੀਤੀ ਗਈ ਹੈ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ’ਚ 99 ਮੁਲਕਾਂ ਨੇ ਮਤੇ ਦੇ ਪੱਖ ’ਚ ਜਦਕਿ ਬੇਲਾਰੂਸ, ਕਿਊਬਾ, ਉੱਤਰੀ ਕੋਰੀਆ ਅਤੇ ਸੀਰੀਆ ਸਮੇਤ 9 ਮੁਲਕਾਂ ਨੇ ਇਸ ਦੇ ਵਿਰੋਧ ’ਚ ਵੋਟ ਪਾਈ। ਉਧਰ ਭਾਰਤ, ਬੰਗਲਾਦੇਸ਼, ਭੂਟਾਨ, ਚੀਨ, ਨੇਪਾਲ, ਪਾਕਿਸਤਾਨ, ਸਾਊਦੀ ਅਰਬ, ਦੱਖਣੀ ਅਫ਼ਰੀਕਾ ਅਤੇ ਸ੍ਰੀਲੰਕਾ ਸਮੇਤ 60 ਦੇਸ਼ਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ।
‘ਯੂਕਰੇਨ ਦੇ ਜ਼ਾਪੋਰਿਜ਼ੀਆ ਪਰਮਾਣੂ ਪਾਵਰ ਪਲਾਂਟ ਸਮੇਤ ਹੋਰ ਪਰਮਾਣੂ ਅਦਾਰਿਆਂ ਦੀ ਰੱਖਿਆ ਤੇ ਸੁਰੱਖਿਆ’ ਵਾਲੇ ਮਤੇ ’ਚ ਰੂਸ ਤੋਂ ਯੂਕਰੇਨ ਖ਼ਿਲਾਫ਼ ਹਮਲੇ ਫੌਰੀ ਬੰਦ ਕਰਨ ਅਤੇ ਯੂਕਰੇਨੀ ਇਲਾਕੇ ਤੋਂ ਆਪਣੀ ਸਾਰੀ ਫੌਜ ਬਿਨ੍ਹਾਂ ਸ਼ਰਤ ਵਾਪਸ ਸੱਦਣ ਦੀ ਮੰਗ ਕੀਤੀ ਗਈ ਹੈ। ਮਤੇ ’ਚ ਇਹ ਵੀ ਕਿਹਾ ਗਿਆ ਹੈ ਕਿ ਰੂਸ ਜ਼ਾਪੋਰਿਜ਼ੀਆ ਪਰਮਾਣੂ ਪਾਵਰ ਪਲਾਂਟ ਤੋਂ ਆਪਣੇ ਫੌਜੀਆਂ ਅਤੇ ਹੋਰ ਅਣਅਧਿਕਾਰਤ ਮੁਲਾਜ਼ਮਾਂ ਨੂੰ ਫੌਰੀ ਵਾਪਸ ਸੱਦੇ ਤੇ ਪਲਾਂਟ ਦੀ ਰੱਖਿਆ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਉਸ ਦਾ ਕੰਟਰੋਲ ਫੌਰੀ ਯੂਕਰੇਨ ਹਵਾਲੇ ਕੀਤਾ ਜਾਵੇ। ਮਤੇ ’ਚ ਰੂਸ ਨੂੰ ਯੂਕਰੇਨ ਦੇ ਅਹਿਮ ਪਾਵਰ ਪਲਾਂਟਾਂ ’ਤੇ ਹਮਲੇ ਫੌਰੀ ਰੋਕਣ ਦਾ ਵੀ ਸੱਦਾ ਦਿੱਤਾ ਗਿਆ ਹੈ ਕਿਉਂਕਿ ਇਹ ਹਮਲੇ ਵੱਡੇ ਪਰਮਾਣੂ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਇਹ ਮਤਾ ਯੂਕਰੇਨ ਨੇ ਪੇਸ਼ ਕੀਤਾ ਸੀ ਜਿਸ ਦੀ ਤਾਈਦ ਫਰਾਂਸ, ਜਰਮਨੀ ਅਤੇ ਅਮਰੀਕਾ ਸਮੇਤ 50 ਤੋਂ ਵੱਧ ਮੁਲਕਾਂ ਨੇ ਕੀਤੀ ਸੀ। ਮਤੇ ’ਤੇ ਵੋਟਿੰਗ ਤੋਂ ਪਹਿਲਾਂ ਰੂਸ ਦੇ ਪ੍ਰਥਮ ਉਪ ਸਥਾਈ ਨੁਮਾਇੰਦੇ ਦਮਿੱਤਰੀ ਪੋਲੰਸਕੀ ਨੇ ਕਿਹਾ ਕਿ ਮਹਾਸਭਾ ਨੇ ਬਦਕਿਸਮਤੀ ਨਾਲ ਕਈ ਅਜਿਹੇ ਦਸਤਾਵੇਜ਼ਾਂ ਨੂੰ ਅਪਣਾਇਆ ਹੈ ਜੋ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਹਕੀਕਤ ਬਿਆਨ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਮਤੇ ਦੇ ਪੱਖ ’ਚ ਵੋਟ ਪਾ ਕੇ ਮੁਲਕ ਗਲਤੀ ਨਾ ਕਰਨ ਕਿਉਂਕਿ ਇਸ ਨਾਲ ਕੀਵ, ਵਾਸ਼ਿੰਗਟਨ, ਬ੍ਰਸੱਲਜ਼ ਅਤੇ ਲੰਡਨ ਜੰਗ ਨੂੰ ਹੋਰ ਵਧਾਉਣ ਦੀ ਆਪਣੀ ਨੀਤੀ ਤਹਿਤ ਇਸ ਨੂੰ ਸਬੂਤ ਵਜੋਂ ਪੇਸ਼ ਕਰਨਗੇ। -ਪੀਟੀਆਈ

Advertisement

Advertisement
Advertisement