For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰੀਆਂ ਦਾ ਟੋਲਾ: ਮੋਦੀ

06:44 AM May 24, 2024 IST
‘ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰੀਆਂ ਦਾ ਟੋਲਾ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਪ੍ਰਨੀਤ ਕੌਰ, ਸੁਨੀਲ ਜਾਖੜ ਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

* ‘ਆਪ’ ਨੂੰ ਧੋਖੇਬਾਜ਼ ਤੇ ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਿਆ
* ਪੰਜਾਬ ਨਾਲ ਗੂੜ੍ਹੀ ਸਾਂਝ ਦੀ ਬਾਤ ਪਾਈ

Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ ਧੋਖੇਬਾਜ਼ ਤੇ ‘ਇੰਡੀਆ’ ਗੱਠਜੋੜ ਨੂੰ ਭ੍ਰਿਸ਼ਟਾਚਾਰੀਆਂ ਦਾ ਟੋਲਾ ਦੱਸਿਆ। ਸ੍ਰੀ ਮੋਦੀ ਨੇ ਭਗਵੰਤ ਮਾਨ ਨੂੰ ‘ਕਾਗਜ਼ੀ’ ਮੁੱਖ ਮੰਤਰੀ ਦੱਸਿਆ, ਜਿਸ ਨੂੰ ਦਿੱਲੀ ਦਰਬਾਰ ’ਚ ਹਾਜ਼ਰੀ ਭਰਨ ਤੋਂ ਫੁਰਸਤ ਨਹੀਂ ਮਿਲਦੀ। ਸ੍ਰੀ ਮੋਦੀ ਨੇ ਕੇਂਦਰ ਵਿਚ ਮੁੜ ਸਰਕਾਰ ਬਣਾਉਣ ਲਈ ਗੁਰੂਆਂ ਦੀ ਧਰਤੀ ਤੋਂ ਸਿਰ ਝੁਕਾ ਕੇ ਆਸ਼ੀਰਵਾਦ ਮੰਗਿਆ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਨਾ ਅਕਾਲੀ ਦਲ ਤੇ ਨਾ ਹੀ ਕਿਸਾਨ ਅੰਦੋਲਨ ਦਾ ਕੋਈ ਜ਼ਿਕਰ ਕੀਤਾ। ਉਨ੍ਹਾਂ ਨੇ ਖੇਤੀ ਦੀ ਗੱਲ ਤਾਂ ਕੀਤੀ, ਪਰ ‘ਕਿਸਾਨ’ ਦੀ ਥਾਂ ‘ਲੋਕ’ ਸ਼ਬਦ ਵਰਤਿਆ।

ਰੈਲੀ ਦੌਰਾਨ ਹੱਥ ਜੋੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਪ੍ਰਨੀਤ ਕੌਰ। -ਫੋਟੋ: ਰਾਜੇਸ਼ ਸੱਚਰ

ਸਥਾਨਕ ਪੋਲੋ ਗਰਾਊਂਡ ਵਿਚ ਰੱਖੀ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਰੈਲੀ ਵਿਚ ਕੇਸਰੀ ਦਸਤਾਰ ਸਜਾ ਕੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਨਾਲ ਕੀਤੀ। ਉਨ੍ਹਾਂ ਆਪਣੇ ਭਾਸ਼ਣ ਵਿਚ ਪੰਜਾਬ, ਪੰਜਾਬੀਅਤ, ਸਿੱਖ ਸਮਾਜ ਅਤੇ ਸਿੱਖ ਧਰਮ ਦਾ ਵੀ ਗੁਣਗਾਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਉਹ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੋਂ ਸਿਰ ਝੁਕਾ ਕੇ ਆਸ਼ੀਰਵਾਦ ਮੰਗਣ ਆਏ ਹਨ ਤੇ ਆਸ ਕਰਦੇ ਹਨ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਵਿਕਾਸ ਹੋਵੇ ਜਾਂ ਦੇਸ਼ ਦੀ ਸੁਰੱਖਿਆ, ਸਿੱਖ ਕੌਮ ਨੇ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ। ਉਨ੍ਹਾਂ ਜਿੱਥੇ ਪੰਜਾਬ ਨਾਲ ਆਪਣੀ ਗੂੜ੍ਹੀ ਸਾਂਝ ਦੀ ਬਾਤ ਪਾਈ, ਉਥੇ ਹੀ ਪਟਿਆਲਾ ਦੀਆਂ ਗਲੀਆਂ ’ਚ ਘੁੰਮੇ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਤੇ ਕੁਝ ਖੇਤਰਾਂ ਦੇ ਨਾਮ ਵੀ ਲਏ।
ਸ੍ਰੀ ਮੋਦੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ’ਤੇ ਵੀਰ ਬਲੀਦਾਨ ਦਿਵਸ ਸ਼ੁਰੂ ਕਰਨ, ਪਾਕਿਸਤਾਨ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਵਿਵਸਥਾ, ਹਰਿਮੰਦਰ ਸਾਹਿਬ ਵਿਚਲੇ ਲੰਗਰ ਦੇ ਰਾਸ਼ਨ ਨੂੰ ਟੈਕਸ ਮੁਕਤ ਕਰਨ ਅਤੇ ਹਰਿਮੰਦਰ ਸਾਹਿਬ ਲਈ ਵਿਦੇਸ਼ਾਂ ਤੋਂ ਫੰਡ ਭੇਜਣ ਸਮੇਤ ਕਈ ਹੋਰ ਕਾਰਜ ਵੀ ਗਿਣਾਏ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ’ਚ ਜਿੱਥੇ ‘ਇੰਡੀਆ’ ਗੱਠਜੋੜ ਨੂੰ ਭ੍ਰਿਸ਼ਟਾਚਾਰੀਆਂ ਦਾ ਟੋਲਾ ਦੱਸਿਆ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਰਗੜੇ ਲਾਏ। ਉਨ੍ਹਾਂ ਕਿਹਾ ਕਿ ਇਥੇ (ਪੰਜਾਬ ’ਚ) ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਮੰਤਰੀ ਤੇ ਸੰਤਰੀ ਮੌਜ ਕਰ ਰਹੇ ਹਨ। ਉਨ੍ਹਾਂ ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਿਆ ਅਤੇ ਕਿਹਾ ਕਿ ਉਸ ਨੂੰ ਤਾਂ ਦਿੱਲੀ ਦਰਬਾਰ ’ਚ ਹਾਜਰੀ ਭਰਨ ਤੋਂ ਹੀ ਫੁਰਸਤ ਨਹੀਂ ਮਿਲਦੀ, ਪੰਜਾਬ ਦਾ ਉਹ ਕੀ ਸੰਵਾਰੇਗਾ। ਲੋਕਾਂ ਨੂੰ ‘ਆਪ’ ਤੋਂ ਸੁਚੇਤ ਕਰਦਿਆਂ, ਸ੍ਰੀ ਮੋਦੀ ਨੇ ਕਿਹਾ ਕਿ ਜੋ ਲੋਕ ਅੰਨਾ ਹਜ਼ਾਰੇ ਵਰਗੀ ਸ਼ਖ਼ਸੀਅਤ ਨੂੰ ਧੋਖਾ ਦੇ ਸਕਦੇ ਹਨ, ਉਨ੍ਹਾਂ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਕਾਂਗਰਸ ਤੇ ‘ਆਪ’ ਨੂੰ ਇੱਕੋ ਜਿਹੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਥੇ ਵੱਖਰੇ ਲੜਨ ਦਾ ਵਿਖਾਵਾ ਕਰਨ ਵਾਲ਼ੀਆਂ ਇਹ ਜਮਾਤਾਂ ਦਿੱਲੀ ਤੇ ਹੋਰ ਰਾਜਾਂ ’ਚ ਇੱਕ ਦੂਜੇ ਨੂੰ ਜੱਫੀਆਂ ਪਾ ਰਹੀਆਂ ਹਨ।
ਸ੍ਰੀ ਮੋਦੀ ਨੇ ਕਿਹਾ ਕਿ ‘ਪੰਜਾਬ ਦੇ ਲੋਕਾਂ ਨੇ ਖੇਤੀ ਅਤੇ ਹੋਰ ਕਾਰਜਾਂ ਜ਼ਰੀਏ ਦੇਸ਼ ਦੇ ਵਿਕਾਸ ’ਚ ਚੋਖਾ ਯੋਗਦਾਨ ਪਾਇਆ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਪਟਿਆਲਾ ਦੀ ਧਰਤੀ ਤੋਂ ਕਰਨ ਦਾ ਮੌਕਾ ਮਿਲਿਆ, ਜਿਸ ਨੂੰ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਸ ਪਵਿੱਤਰ ਧਰਤੀ ਨੂੰ ਸ੍ਰੀ ਕਾਲੀ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਭਾਜਪਾ ਅਤੇ ਐੱਨਡੀਏ ਦਾ ਸਾਹਮਣਾ ਕਰ ਰਿਹਾ ਹੈ, ਦੂਜੇ ਪਾਸੇ ਭ੍ਰਿਸ਼ਟ ਲੋਕਾਂ ਦਾ ‘ਇੰਡੀਆ’ ਗੱਠਜੋੜ ਹੈ। ਵਿਰੋਧੀ ਧਿਰਾਂ ਦੇ ਇਸ ਗੱਠਜੋੜ ਕੋਲ਼ ਨਾ ਹੀ ਨੇਤਾ ਹੈ ਤੇ ਨਾ ਹੀ ਨੀਅਤ। ਇੱਕ ਪਾਸੇ ਮੋਦੀ ਹੈ ਜੋ ਲੜਾਕੂ ਜਹਾਜ਼ਾਂ ਤੋਂ ਲੈ ਕੇ ਸਭ ਕੁਝ ਬਣਾ ਰਿਹਾ ਹੈ। ਦੂਜੇ ਪਾਸੇ ਇੰਡੀਆ ਗੱਠਜੋੜ ਹੈ, ਜੋ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਾਡੇ ’ਚ ਘਰ ’ਚ ਦਾਖਲ ਹੋਏ ਅਤਿਵਾਦੀਆਂ ਨੂੰ ਮਾਰਨ ਦੀ ਹਿੰਮਤ ਹੈ ਤੇ ਦੂਜੇ ਪਾਸੇ ਅਤਿਵਾਦੀਆਂ ਦੇ ਮੁਕਾਬਲੇ ’ਤੇ ਹੰਝੂ ਵਹਾਉਣ ਵਾਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਦਸ ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਪਟਿਆਲਾ ਵਰਗਾ ਸ਼ਹਿਰ ਖੁਸ਼ਹਾਲ ਹੋਵੇਗਾ। ਪੰਜਾਬ ਨੂੰ ਦੇਸ਼ ਦਾ ਸਿੱਖਿਆ ਕੇਂਦਰ ਬਣਾ ਕੇ ਵਿਦੇਸ਼ੀ ਸੰਸਥਾਵਾਂ ਲਈ ਖੋਲ੍ਹਿਆ ਜਾਵੇਗਾ। ਭਾਰਤ ਨੂੰ ਖੇਡਾਂ ਦੀ ਮਹਾਸ਼ਕਤੀ ਬਣਾਉਣ ਲਈ ਮੋਦੀ ਸਰਕਾਰ ਭਾਰਤ ਦੀ ਧਰਤੀ ’ਤੇ ਓਲੰਪਿਕ ਦਾ ਆਯੋਜਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਰੈਲੀ ਵਾਲੀ ਸਟੇਜ ’ਤੇ ਪ੍ਰਨੀਤ ਕੌਰ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਲੋਕ ਸਭਾ ਹਲਕਿਆਂ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਪਰਮਪਾਲ ਕੌਰ ਸਿੱਧੂ, ਅਰਵਿੰਦ ਖੰਨਾ, ਗੇਜਾ ਰਾਮ ਬਾਲਮੀਕੀ ਤੇ ਹੰਸਰਾਜ ਹੰਸ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਇਨ੍ਹਾਂ ਸਮੇਤ ਭਾਜਪਾ ਦੇ ਸਮੂਹ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਪਾਉਣ ਦਾ ਹੋਕਾ ਦਿੱਤਾ।
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਈ ਮਸਲੇ ਸਾਂਝੇ ਕੀਤੇ। ਪ੍ਰਨੀਤ ਕੌਰ ਨੇ ਪਟਿਆਲਾ ਹਲਕੇ ਦੇ ਲੋਕਾਂ ਨਾਲ ਵਰ੍ਹਿਆਂ ਪੁਰਾਣੀ ਸਾਂਝ ਦੇ ਹਵਾਲੇ ਨਾਲ ਐਤਕੀਂ ਮੁੜ ਜਿੱਤ ਦੀ ਆਸ ਜਤਾਈ। ਇਸ ਮੌਕੇ ਭਾਜਪਾ ਪਟਿਆਲਾ ਦੇ ਪ੍ਰਧਾਨ ਸੰਜੀਵ ਬਿੱਟੂ, ਸੁਰਿੰਦਰ ਖੇੜਕੀ, ਜਸਪਾਲ ਗਗਰੌਲੀ, ਹਰਕੇਸ਼ ਗੋਇਲ, ਕੇ.ਕੇ ਮਲਹੋਤਰਾ ਸਮੇਤ ਕਈ ਹੋਰ ਸੂਬਾਈ ਆਗੂ ਵੀ ਮੌਜੂਦ ਸਨ। ਲੋਕ ਸਭਾ ਚੋਣਾਂ ਲੜ ਰਹੇ ਭਾਜਪਾ ਉਮੀਦਵਾਰਾਂ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰੀ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਭੇਟ ਕੀਤਾ। ਇਸ ਤੋਂ ਪਹਿਲਾਂ ਹਰਿਆਣਾ ਦੇ ਮਹਿੰਦਰਗੜ੍ਹ ਵਿਚ ਚੋਣ ਪ੍ਰਚਾਰ ਦੇ ਆਖਰੀ ਦਿਨ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਦਾ ਜੇਕਰ ਵੱਸ ਚੱਲੇ ਤਾਂ ਉਹ ‘ਰਾਮ ਰਾਮ’ ਕਹਿਣ ਵਾਲੇ ਹਰੇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਵਾ ਦੇਵੇਗੀ। ਉਨ੍ਹਾਂ ਕਾਂਗਰਸ ’ਤੇ ਭਾਰਤ ਨੂੰ ਵੰਡਣ ਤੇ ਆਪਣੇ ਵੋਟ ਬੈਂਕ ਲਈ ਦੋ ਮੁਸਲਿਮ ਦੇਸ਼ ਬਣਾਉਣ ਦਾ ਦੋਸ਼ ਲਾਇਆ। ਸ੍ਰੀ ਮੋਦੀ ਨੇ ਭਿਵਾਨੀ-ਮਹਿੰਦਰਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਧਰਮਬੀਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਇੰਡੀਆ ਗੱਠਜੋੜ ‘ਕੱਟੜ ਫ਼ਿਰਕੂ, ਜਾਤੀਵਾਦੀ ਤੇ ਕੁਨਬਾਪ੍ਰਸਤ’ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਿੰਨਾ ਚਿਰ ਸੱਤਾ ਵਿਚ ਰਹੀ, ਉਸ ਨੇ ਅਯੁੱਧਿਆ ਵਿਚ ਰਾਮ ਮੰਦਿਰ ਨਹੀਂ ਬਣਨ ਦਿੱਤਾ। ਉਨ੍ਹਾਂ ਕਿਹਾ, ‘‘ਹਰਿਆਣਾ ਵਿਚ ਹਰ ਕੋਈ ‘ਰਾਮ ਰਾਮ’ ਕਹਿੰਦਾ ਹੈ। ਲੋਕ ਹਰ ਦਸ ਕਦਮ ਬਾਅਦ ‘ਰਾਮ ਰਾਮ’ ਕਹਿੰਦੇ ਹਨ। ਪਰ ਜੇਕਰ ਕਾਂਗਰਸ ਦਾ ਵੱਸ ਚੱਲੇ ਤਾਂ ਉਹ ‘ਰਾਮ ਰਾਮ’ ਕਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਏ।

‘ਭਾਜਪਾ ਵਾਂਗ ‘ਕਾਗ਼ਜ਼ੀ’ ਮੁੱਖ ਮੰਤਰੀ ਨਹੀਂ ਬਣਾਉਂਦੇ’

ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਕਾਗਜ਼ੀ ਮੁੱਖ ਮੰਤਰੀ’ ਦੱਸਣ ਵਾਲੇ ਬਿਆਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਪਹਿਲਾਂ ਆਪਣੀ ਪੀੜ੍ਹੀ (ਪਾਰਟੀ) ਹੇਠ ਸੋਟਾ ਫੇਰਨ ਦੀ ਲੋੜ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲੱਗਦਾ ਹੈ ਕਿ ਹਰ ਸਿਆਸੀ ਪਾਰਟੀ ਭਾਜਪਾ ਵਾਂਗ ਤਾਨਾਸ਼ਾਹ ਹੈ। ਉਨ੍ਹਾਂ ਕਿਹਾ ਕਿ ਕਾਗ਼ਜ਼ੀ ਮੁੱਖ ਮੰਤਰੀ ਨਿਯੁਕਤ ਕਰਨਾ ਭਾਜਪਾ ਦੀ ਸ਼ੈਲੀ ਹੈ। ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਨੇ ਸ਼ਿਵਰਾਜ ਸਿੰਘ ਚੌਹਾਨ ਦੇ ਚਿਹਰੇ ’ਤੇ ਚੋਣ ਲੜੀ, ਫਿਰ ਉਨ੍ਹਾਂ ਨੇ ਮੋਹਨ ਯਾਦਵ ਨੂੰ ਮੁੱਖ ਮੰਤਰੀ ਬਣਾ ਦਿੱਤਾ। ਇਸੇ ਤਰ੍ਹਾਂ ਝਾਰਖੰਡ ਅਤੇ ਰਾਜਸਥਾਨ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਵੱਖ-ਵੱਖ ਲੋਕਾਂ ਨੂੰ ਪੇਸ਼ ਕੀਤਾ, ਪਰ ਚੋਣਾਂ ਜਿੱਤ ਕੇ ਉਨ੍ਹਾਂ ਨੇ ਆਪਣਾ ‘ਕਾਗ਼ਜ਼ੀ’ ਮੁੱਖ ਮੰਤਰੀ ਲੋਕਾਂ ’ਤੇ ਥੋਪ ਦਿੱਤਾ। ਸ੍ਰੀ ਗਰਗ ਨੇ ਕਿਹਾ ਕਿ ‘ਆਪ’ ਜਮਹੂਰੀ ਢੰਗ ਨਾਲ ਕੰਮ ਕਰਦੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਆਪਣੀਆਂ ਕਾਲਾਂ ਅਤੇ ਟੈਕਸਟ ਸੁਨੇਹਿਆਂ ਰਾਹੀਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਚੁਣਿਆ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੰਨ ਕਰੋੜ ਪੰਜਾਬੀਆਂ ਨੇ ਚੁਣਿਆ ਹੈ। ਇੰਨਾ ਹੀ ਨਹੀਂ ਉਹ ਅਜਿਹੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡਾ ਅਤੇ ਇਤਿਹਾਸਕ ਫ਼ਤਵਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ 4 ਜੂਨ ਨੂੰ ਭਗਵੰਤ ਮਾਨ ਲਈ ਪੰਜਾਬੀਆਂ ਦਾ ਪਿਆਰ ਅਤੇ ਸਮਰਥਨ ਦੇਖਣ ਨੂੰ ਮਿਲੇਗਾ।

ਕਿਸਾਨ ਅੰਦੋਲਨ ਤੇ ਬੇਰੁਜ਼ਗਾਰੀ ਨੂੰ ਲੈ ਕੇ ਖਾਮੋਸ਼ ਕਿਉਂ ਨੇ ਮੋਦੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਪੰਜਾਬ ਦੇ ਪਟਿਆਲਾ ਤੇ ਹਰਿਆਣਾ ਦੇ ਮਹਿੰਦਰਗੜ੍ਹ ਵਿਚ ਕੀਤੀਆਂ ਚੋਣ ਰੈਲੀਆਂ ਦੇ ਹਵਾਲੇ ਨਾਲ ਪੰਜਾਬ ਵਿਚ ਕਿਸਾਨਾਂ ਵੱਲੋਂ ਪਿਛਲੇ ਸੌ ਦਿਨਾਂ ਤੋਂ ਕੀਤੇ ਜਾ ਰਹੇ ਅੰਦੋਲਨ ਤੇ ਹਰਿਆਣਾ ਵਿਚ ਬੇਰੁਜ਼ਗਾਰੀ ਜਿਹੇ ਮੁੱਦਿਆਂ ਨੂੰ ਲੈ ਸ੍ਰੀ ਮੋਦੀ ਦੀ ‘ਚੁੱਪੀ’ ਉੱਤੇ ਸਵਾਲ ਉਠਾਏ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅੱਜ ਦੇ ਸਵਾਲ ਸੱਤਾ ਤੋਂ ਲਾਂਭੇ ਹੋ ਰਹੇ ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਹਨ: ਪ੍ਰਧਾਨ ਮੰਤਰੀ ਪਿਛਲੇ ਸੌ ਦਿਨਾਂ ਤੋਂ ਪੰਜਾਬ/ਹਰਿਆਣਾ ਦੀ ਸ਼ੰਭੂ ਬਾਰਡਰ ਦੀ ਹੱਦ ’ਤੇ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਚੁੱਪ ਕਿਉਂ ਹਨ? ਪ੍ਰਧਾਨ ਮੰਤਰੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਕੀ ਬਣਿਆ? ਪਟਿਆਲਾ ਨੂੰ ਸਮਾਰਟ ਸ਼ਹਿਰਾਂ ਦੇ ਮਿਸ਼ਨਾਂ ’ਚੋਂ ਬਾਹਰ ਕਿਉਂ ਰੱਖਿਆ?’’ ਕਾਂਗਰਸ ਆਗੂ ਨੇ ਕਿਹਾ ਕਿ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਭਾਜਪਾ ਸਰਕਾਰ ਹਰਿਆਣਾ ਵਿਚ ਪੱਕੀ ਨੌਕਰੀਆਂ ਦੇਣ ਵਿਚ ‘ਨਾਕਾਮ’ ਰਹੀ ਹੈ ਤੇ ਇਸ ਦੀ ਥਾਂ ਸਕਿੱਲ ਐਂਪਲਾਇਮੈਂਟ ਕਾਰਪੋਰੇਸ਼ਨ ਜ਼ਰੀਏ ਅਸਥਾਈ ਠੇਕਾ ਅਧਾਰਿਤ ਨੌਕਰੀਆਂ ਦਾ ਪ੍ਰਚਾਰ ਪਾਸਾਰ ਕੀਤਾ ਜਾ ਰਿਹਾ ਹੈ। ਰਮੇਸ਼ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਸੱਜਰਾ ਅੰਦੋਲਨ ਵਿੱਢੇ ਨੂੰ ਸੌ ਦਿਨ ਹੋ ਗਏ ਹਨ। ਸਾਲ 2020 ਤੋਂ ਹੁਣ ਤੱਕ ਕਿਸਾਨ ਅੰਦੋਲਨ ਦੌਰਾਨ 850 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ 400 ਤੋਂ ਵੱਧ ਜ਼ਖ਼ਮੀ ਹੋਏ ਹਨ। -ਪੀਟੀਆਈ

ਪ੍ਰਧਾਨ ਮੰਤਰੀ ਦੀਆਂ ਜਲੰਧਰ ਤੇ ਗੁਰਦਾਸਪੁਰ ’ਚ ਚੋਣ ਰੈਲੀਆਂ ਅੱਜ

ਜਲੰਧਰ (ਪਾਲ ਸਿੰਘ ਨੌਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਜਲੰਧਰ ਤੇ ਗੁਰਦਾਸਪੁਰ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਗੁਜਰਾਤ ਪੁਲੀਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਗੁਜਰਾਤ ਪੁਲੀਸ ਜਲੰਧਰ ਪਹੁੰਚ ਗਈ ਸੀ। ਸ੍ਰੀ ਮੋਦੀ ਸਥਾਨਕ ਪੀਏਪੀ ਗਰਾਊਂਡ ਵਿੱਚ ਸ਼ਾਮ ਚਾਰ ਵਜੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਉਧਰ ਕਿਸਾਨਾਂ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਵਿਰੋਧ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਲੰਧਰ ਪ੍ਰਸ਼ਾਸਨ ਨੇ ਭਲਕੇ ਪੂਰੇ ਸ਼ਹਿਰ ਨੂੰ ‘ਨੋ ਫਲਾਈ ਜ਼ੋਨ’ ਐਲਾਨ ਦਿੱਤਾ ਹੈ। ਏਡੀਸੀ ਜਲੰਧਰ ਡਾ: ਅਮਿਤ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਡਾਣ ਭਰਨ ’ਤੇ ਮੁਕੰਮਲ ਪਾਬੰਦੀ ਰਹੇਗੀ।

Advertisement
Author Image

joginder kumar

View all posts

Advertisement
Advertisement
×