For the best experience, open
https://m.punjabitribuneonline.com
on your mobile browser.
Advertisement

ਦੇਸ਼ ਵਿੱਚ ‘ਇੰਡੀਆ ਗੱਠਜੋੜ’ ਦੀ ਸਰਕਾਰ ਬਣੇਗੀ: ਯੇਚੁਰੀ

08:47 AM May 31, 2024 IST
ਦੇਸ਼ ਵਿੱਚ ‘ਇੰਡੀਆ ਗੱਠਜੋੜ’ ਦੀ ਸਰਕਾਰ ਬਣੇਗੀ  ਯੇਚੁਰੀ
ਜਲੰਧਰ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੀਤਾ ਰਾਮ ਯੇਚੁਰੀ । -ਫੋਟੋ: ਮਲਕੀਅਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 30 ਮਈ
ਸੀਪੀਆਈ (ਐੱਮ) ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਅੱਜ ਇੱਥੇ ਜੰਡਿਆਲਾ ਮੰਜਕੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 4 ਜੂਨ ਮਗਰੋਂ ਦੇਸ਼ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਖੱਬੀਆਂ ਧਿਰਾਂ ਗੱਠਜੋੜ ਦੀ ਸਰਕਾਰ ਦਾ ਬਾਹਰੋਂ ਸਮਰਥਨ ਕਰਨਗੀਆਂ। ਕਾਮਰੇਡ ਸੀਤਾ ਰਾਮ ਯੇਚੁਰੀ ਜਲੰਧਰ ਲੋਕ ਸਭਾ ਹਲਕੇ ਤੋਂ ਸੀਪੀਆਈ (ਐੱਮ) ਦੇ ਉਮੀਦਵਾਰ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਫਿਰਕਾਪ੍ਰਸਤ ਸਰਕਾਰ ਅਤੇ ਆਰਐੱਸਐੱਸ ਦੇਸ਼ ਵਿੱਚ ਫਿਰਕੂ ਜ਼ਹਿਰ ਘੋਲ ਰਹੀਆਂ ਹਨ ਤੇ ਸਮਾਜ ਵਿੱਚ ਧਰਮ ਤੇ ਜਾਤਾਂ ਦੇ ਨਾਂ ’ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ। ਦੇਸ਼ ਵਿੱਚ ਅਮੀਰ ਅਤੇ ਗਰੀਬ ਲਈ ਦੋ ਭਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸ੍ਰੀ ਯੇਚੁਰੀ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੋਈ ਪਈ ਹੈ। ਦੇਸ਼ ਸਿਰ ਕਰਜ਼ਾ ਤੇਜ਼ੀ ਨਾਲ ਵਧ ਰਿਹਾ ਹੈ ਪਰ ਫਿਰ ਵੀ ਪ੍ਰਧਾਨ ਮੰਤਰੀ ਨੇ ਆਪਣੇ ਅਮੀਰ ਮਿੱਤਰਾਂ ਦਾ 16 ਲੱਖ ਕਰੋੜ ਤੋਂ ਵੱਧ ਬੈਂਕਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਏਨਾ ਕਰਜ਼ਾ ਨਹੀਂ ਹੈ ਜਿੰਨਾ ਇਨ੍ਹਾਂ ਵੱਡੇ ਕਾਰਪੋਰੇਟਰਾਂ ਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਬੁਲਡੋਜ਼ਰਵਾਦ ਲਿਆਂਦਾ ਗਿਆ ਹੈ। ਹਰਿਆਣਾ ਵਿੱਚ ਬੁਲਡੋਜ਼ਰ ਰੈਲੀ ਕੱਢੀ ਗਈ, ਪਰ ਉਸ ਦਾ ਚੋਣ ਕਮਿਸ਼ਨ ਨੇ ਕੋਈ ਨੋਟਿਸ ਨਹੀਂ ਲਿਆ। ਸੀਪੀਆਈ (ਐਮ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੀ ਤਿੱਖੀ ਆਲੋਚਨਾ ਕੀਤੀ। ਸੀਪੀਆਈ ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਰੈਲੀ ਦੌਰਾਨ ਸੀਪੀਆਈ (ਐੱਮ) ਦੇ ਸੀਨੀਅਰ ਆਗੂ ਕਾਮਰੇਡ ਭੂਪ ਚੰਦ ਚੰਨੋ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਲਹਿਬਰ ਸਿੰਘ ਤੱਗੜ, ਰਾਮ ਸਿੰਘ ਨੂਰਪੁਰੀ, ਬਲਵੀਰ ਸਿੰਘ ਜਾਡਲਾ ਅਤੇ ਰੂਪ ਬਸੰਤ ਸਿੰਘ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×