India China Relations: ਟਰੰਪ ਵੱਲੋਂ ਛੇੜੀ ਟੈਰਿਫ਼ ਜੰਗ ਦਰਮਿਆਨ ਭਾਰਤ ਨਾਲ ਰਿਸ਼ਤੇ ਸੁਧਾਰ ਰਿਹੈ ਚੀਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਪਰੈਲ
India China Relations: ਅਮਰੀਕਾ ਨਾਲ ਜਾਰੀ ਟੈਰਿਫ਼ ਜੰਗ ਦਰਮਿਆਨ ਚੀਨ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਦਿਸ਼ਾ ਵਿਚ ਵੱਡਾ ਕਦਮ ਪੁੱਟਿਆ ਹੈ। ਚੀਨ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਨੇਮਾਂ ਵਿਚ ਕਈ ਅਹਿਮ ਛੋਟਾਂ ਦਿੱਤੀਆਂ ਹਨ।
ਚੀਨੀ ਦੂਤਾਵਾਸ ਮੁਤਾਬਕ 1 ਜਨਵਰੀ ਤੋਂ 9 ਅਪਰੈਲ 2025 ਤੱਕ ਭਾਰਤ ਸਥਿਤ ਚੀਨੀ ਦੂਤਾਵਾਸਾਂ ਤੇ ਕੌਸੁਲੇਟਾਂ ਵਿਚ ਭਾਰਤੀ ਨਾਗਰਿਕਾਂ ਨੂੰ 85000 ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਹਨ।
ਚੀਨੀ ਰਾਜਦੂਤ ਸ਼ੂ ਫੇਈਹੋਂਗ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਭਾਰਤੀ ਨਾਗਰਿਕ ਚੀਨ ਆਉਣ ਤੇ ਇਥੋਂ ਦੇ ਖੁੱਲ੍ਹੇ, ਸੁਰੱਖਿਅਤ, ਜੀਵੰਤ ਤੇ ਦੋਸਤਾਨਾ ਸਭਿਆਚਾਰ ਦਾ ਤਜਰਬਾ ਕਰਨ।’’
ਇਸ ਪਹਿਲ ਤਹਿਤ ਹੁਣ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਅਰਜ਼ੀ ਲਈ ਮੁਲਾਕਾਤ ਲਈ ਅਗਾਊਂ ਸਮਾਂ ਲੈਣ ਦੀ ਲੋੜ ਨਹੀਂ ਪਏਗੀ। ਉਹ ਕਿਸੇ ਵੀ ਕੰਮਕਾਜੀ ਦਿਨ ਸਿੱਧਾ ਵੀਜ਼ਾ ਕੇਂਦਰ ਪਹੁੰਚ ਸਕਦੇ ਹਨ। ਇਹੀ ਨਹੀਂ ਛੋਟੀ ਮਿਆਦ ਦੀਆਂ ਯਾਤਰਾਵਾਂ ਲਈ ਬਾਇਓਮੈਟਰਿਕ ਡੇਟਾ ਜਮ੍ਹਾਂ ਕਰਵਾਉਣ ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਗਈ ਹੈ। ਵੀਜ਼ਾ ਫੀਸ ਵਿਚ ਵੀ ਕਟੌਤੀ ਕੀਤੀ ਗਈ ਹੈ ਤੇ ਵੀਜ਼ਾ ਅਰਜ਼ੀ ਦੇ ਅਮਲ ਨੂੰ ਵੀ ਤੇਜ਼ ਕੀਤਾ ਗਿਆ ਹੈ। ਚੀਨ ਦੀ ਇਸ ਰਣਨੀਤੀ ਦਾ ਮੁੱਖ ਮਕਸਦ ਨਾ ਸਿਰਫ਼ ਸੈਰ ਸਪਾਟੇ ਨੂੰ ਹੱਲਾਸ਼ੇਰੀ ਦੇਣਾ ਹੈ ਬਲਕਿ ਭਾਰਤ ਨਾਲ ਵਪਾਰਕ ਤੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਚੀਨੀ ਦੂਤਾਵਾਸ ਦੀ ਤਰਜਮਾਨ ਯੂ ਜਿੰਗ ਨੇ ਕਿਹਾ ਕਿ ਭਾਰਤ ਤੇ ਚੀਨ ਦੋਵੇਂ ਵਿਕਾਸਸ਼ੀਲ ਦੇਸ਼ ਹਨ ਤੇ ਉਨ੍ਹਾਂ ਨੂੰ ਵਪਾਰ ਵਿਚ ਇਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਅਮਰੀਕਾ ਉੱਤੇ ਟੈਰਿਫ ਦੀ ‘ਦੁਰਵਰਤੋਂ’ ਦਾ ਦੋਸ਼ ਲਾਉਂਦਿਆਂ ਭਾਰਤ ਨੂੰ ਇਸ ਮਾਮਲੇ ਵਿਚ ਚੀਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਭਾਰਤ-ਚੀਨ ਰਿਸ਼ਤਿਆਂ ਵਿਚ ਨਵੇਂ ਦਿਸਹੱਦੇ ਜੋੜ ਸਕਦਾ ਹੈ, ਖਾਸ ਕਰਕੇ ਅਜਿਹੇ ਮੌਕੇ ਜਦੋਂ ਆਲਮੀ ਵਪਾਰ ਉੱਤੇ ਭੂ-ਸਿਆਸੀ ਤਣਾਅ ਦਾ ਅਸਰ ਪੈ ਰਿਹਾ ਹੈ।