For the best experience, open
https://m.punjabitribuneonline.com
on your mobile browser.
Advertisement

ਭਾਰਤ-ਚੀਨ ਵੱਲੋਂ ਅਸਲ ਕੰਟਰੋਲ ਰੇਖਾ ਤੋਂ ਫ਼ੌਜ ਹਟਾਉਣ ਸਣੇ ਹੋਰ ਮੁੱਦਿਆਂ ਬਾਰੇ ਚਰਚਾ

08:06 AM Mar 29, 2024 IST
ਭਾਰਤ ਚੀਨ ਵੱਲੋਂ ਅਸਲ ਕੰਟਰੋਲ ਰੇਖਾ ਤੋਂ ਫ਼ੌਜ ਹਟਾਉਣ ਸਣੇ ਹੋਰ ਮੁੱਦਿਆਂ ਬਾਰੇ ਚਰਚਾ
Advertisement

ਨਵੀਂ ਦਿੱਲੀ, 28 ਮਾਰਚ
ਪੂਰਬੀ ਲੱਦਾਖ਼ ’ਚ ਚੱਲ ਰਹੇ ਸਰਹੱਦੀ ਵਿਵਾਦ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਇਆ ਜਿਸ ਤਹਿਤ ਦੋਵੇਂ ਮੁਲਕਾਂ ਨੇ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਇਕ-ਦੂਜੇ ਦੇ ਲਗਾਤਾਰ ਸੰਪਰਕ ’ਚ ਰਹਿਣ ’ਤੇ ਸਹਿਮਤੀ ਜਤਾਈ। ਉਂਜ ਦੋਵੇਂ ਮੁਲਕਾਂ ਵਿਚਕਾਰ ਅਸਲ ਕੰਟਰੋਲ ਰੇਖਾ ’ਤੇ ਜਾਰੀ ਵਿਵਾਦ ਨੂੰ ਲੈ ਕੇ ਖੜੋਤ ਟੁੱਟਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 29ਵੀਂ ਮੀਟਿੰਗ ਦੌਰਾਨ ਅਸਲ ਕੰਟਰੋਲ ਰੇਖਾ ਅਤੇ ਬਾਕੀ ਮੁੱਦਿਆਂ ਦੇ ਹੱਲ ਬਾਰੇ ਦੋਵਾਂ ਧਿਰਾਂ ਨੇ ਡੂੰਘਾਈ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਬਿਆਨ ’ਚ ਕਿਹਾ ਗਿਆ ਕਿ ਇਹ ਅਹਿਮ ਮੀਟਿੰਗ 27 ਮਾਰਚ ਨੂੰ ਪੇਈਚਿੰਗ ’ਚ ਹੋਈ ਸੀ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਗੌਰੰਗਲਾਲ ਦਾਸ ਨੇ ਕੀਤੀ ਜਦਕਿ ਚੀਨੀ ਵਫ਼ਦ ਦੀ ਅਗਵਾਈ ਚੀਨੀ ਵਿਦੇਸ਼ ਮੰਤਰਾਲੇ ਦੇ ਸਰਹੱਦੀ ਅਤੇ ਸਮੁੰਦਰੀ ਵਿਭਾਗ ਦੇ ਡਾਇਰੈਕਟਰ ਜਨਰਲ ਹੋਂਗ ਲਿਆਂਗ ਕਰ ਰਹੇ ਸਨ। ਮੀਟਿੰਗ ’ਚ ਦੋਵੇਂ ਮੁਲਕਾਂ ਦੇ ਵਿਦੇਸ਼ ਮਾਮਲਿਆਂ, ਰੱਖਿਆ, ਇਮੀਗਰੇਸ਼ਨ ਅਤੇ ਹੋਰ ਵਿਭਾਗਾਂ ਦੇ ਪ੍ਰਤੀਨਿਧ ਵੀ ਹਾਜ਼ਰ ਸਨ। ਬਿਆਨ ’ਚ ਕਿਹਾ ਗਿਆ ਕਿ ਦੋਵੇਂ ਮੁਲਕ ਸਰਹੱਦੀ ਇਲਾਕਿਆਂ ’ਚ ਮੌਜੂਦਾ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕਾਲ ਤਹਿਤ ਅਮਨ ਤੇ ਚੈਨ ਬਹਾਲ ਰੱਖਣ ’ਤੇ ਵੀ ਸਹਿਮਤ ਹੋਏ। ਇਸ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਮੁਲਕਾਂ ਨੇ ਚੀਨ-ਭਾਰਤ ਸਰਹੱਦੀ ਇਲਾਕੇ ਦੇ ਹਾਲਾਤ ਅਤੇ ਪ੍ਰਬੰਧਨ ’ਚ ਪ੍ਰਗਤੀ ਦਾ ਹਾਂ-ਪੱਖੀ ਮੁਲਾਂਕਣ ਕਰਨ ਦੇ ਨਾਲ ਨਾਲ ਅਗਲੇ ਪੜਾਅ ਲਈ ਸੁਖਾਵੇਂ ਮਾਹੌਲ ’ਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਬਿਆਨ ਮੁਤਾਬਕ ਦੋਵੇਂ ਮੁਲਕ ਸਰਹੱਦ ਨਾਲ ਲਗਦੇ ਇਲਾਕਿਆਂ ’ਚ ਢੁੱਕਵੇਂ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨ ਲਈ ਵੀ ਸਹਿਮਤ ਹੋਏ ਤਾਂ ਜੋ ਛੇਤੀ ਤੋਂ ਛੇਤੀ ਉਨ੍ਹਾਂ ਦਾ ਕੋਈ ਢੁੱਕਵਾਂ ਹੱਲ ਨਿਕਲ ਸਕੇ। ਇਸ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਕਾਰ ਪਿਛਲੇ ਸਾਲ 30 ਨਵੰਬਰ ਨੂੰ ਮੀਟਿੰਗ ਹੋਈ ਸੀ। ਚੀਨੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਦੋਵੇਂ ਮੁਲਕ ਕੋਰ ਕਮਾਂਡਰ ਪੱਧਰ ਦੀ ਵਾਰਤਾ ਦਾ ਨਵਾਂ ਗੇੜ ਛੇਤੀ ਤੋਂ ਛੇਤੀ ਸ਼ੁਰੂ ਬਾਰੇ ਵੀ ਰਾਜ਼ੀ ਹੋਏ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ਼ ’ਚ ਸਰਹੱਦੀ ਵਿਵਾਦ 5 ਮਈ, 2020 ਨੂੰ ਸ਼ੁਰੂ ਹੋਇਆ ਸੀ ਜਿਸ ਮਗਰੋਂ ਪੈਂਗੌਂਗ ਝੀਲ ਇਲਾਕੇ ’ਚ ਹਿੰਸਕ ਝੜਪਾਂ ਵੀ ਹੋਈਆਂ ਸਨ। ਗਲਵਾਨ ਘਾਟੀ ’ਚ ਜੂਨ 2020 ’ਚ ਝੜਪਾਂ ਮਗਰੋਂ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਹੋਰ ਨਿਘਾਰ ਆ ਗਿਆ ਸੀ। -ਪੀਟੀਆਈ

Advertisement

‘ਭਾਰਤ ਦਾ ਅਟੁੱਟ ਹਿੱਸਾ ਬਣਿਆ ਰਹੇਗਾ ਅਰੁਣਾਚਲ ਪ੍ਰਦੇਸ਼’

ਨਵੀਂ ਦਿੱਲੀ: ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਤੇ ਵਾਰ ਵਾਰ ਜਤਾਏ ਜਾ ਰਹੇ ਦਾਅਵੇ ’ਤੇ ਇਤਰਾਜ਼ ਪ੍ਰਗਟ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉੱਤਰ-ਪੂਰਬੀ ਸੂਬਾ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਬਣਿਆ ਰਹੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਚੀਨ ਜਿੰਨੀ ਮਰਜ਼ੀ ਵਾਰ ਆਪਣੇ ਆਧਾਰਹੀਣ ਦਾਅਵੇ ਦੁਹਰਾ ਸਕਦਾ ਹੈ ਪਰ ਇਸ ਨਾਲ ਹਾਲਾਤ ਬਦਲਣ ਵਾਲੇ ਨਹੀਂ ਹਨ। ਚੀਨ ਨੇ ਇਸ ਮਹੀਨੇ ਚੌਥੀ ਵਾਰ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਇਲਾਕਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਮਹੀਨੇ ਦੇ ਸ਼ੁਰੂ ’ਚ ਅਰੁਣਾਚਲ ਪ੍ਰਦੇਸ਼ ਦੇ ਦੌਰੇ ’ਤੇ ਚੀਨ ਨੇ ਇਤਰਾਜ਼ ਪ੍ਰਗਟ ਕੀਤਾ ਸੀ। ਮੋਦੀ ਨੇ ਰਣਨੀਤਕ ਤੌਰ ’ਤੇ ਅਹਿਮ ਸੇਲਾ ਸੁਰੰਗ ਦਾ ਉਦਘਾਟਨ ਕੀਤਾ ਸੀ ਜਿਸ ਤੋਂ ਚੀਨ ਔਖਾ ਗਿਆ ਹੈ। -ਆਈਏਐੱਨਐੱਸ

Advertisement
Author Image

sukhwinder singh

View all posts

Advertisement
Advertisement
×