India-China agree : ਭਾਰਤ-ਚੀਨ ਸਰਹੱਦ ’ਤੇ ਸ਼ਾਂਤੀ ਕਾਇਮ ਰੱਖਣ ਅਤੇ ਸਬੰਧਾਂ ਵਿੱਚ ਸਥਿਰਤਾ ਲਈ ਕਦਮ ਉਠਾਉਣ ਵਾਸਤੇ ਸਹਿਮਤ
ਪੇਈਚਿੰਗ, 18 ਦਸੰਬਰ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਸਾਰਥਕ ਚਰਚਾ ਕੀਤੀ ਅਤੇ ਛੇ ਸੂਤਰੀ ਆਮ ਸਹਿਮਤੀ ’ਤੇ ਪਹੁੰਚੇ, ਜਿਨ੍ਹਾਂ ਵਿੱਚ ਸਰਹੱਦਾਂ ’ਤੇ ਸ਼ਾਂਤੀ ਕਾਇਮ ਰੱਖਣ ਤੇ ਸਬੰਧਾਂ ਦੇ ਸਥਿਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਵੀ ਕਦਮ ਉਠਾਉਣਾ ਸ਼ਾਮਲ ਹਨ।
ਇਸ ਦੌਰਾਨ ਚੀਨ ਵਿੱਚ ਭਾਰਤੀ ਤੀਰਥਯਾਤਰੀਆਂ ਦੀ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਤੋਂ ਸ਼ੁਰੂ ਕਰਨ, ਸਰਹੱਦ ਪਾਰ ਨਦੀ ਸਹਿਯੋਗ ਅਤੇ ਨਾਥੂਲਾ ਪਾਸ ਸਰਹੱਦੀ ਵਪਾਰ ਨੂੰ ਉਤਸ਼ਾਹਿਤ ਕਰਨ ’ਤੇ ਵੀ ਸਹਿਮਤੀ ਬਣੀ।
ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਪੰਜ ਸਾਲਾਂ ਦੇ ਵਕਫ਼ੇ ਤੋਂ ਬਾਅਦ ਹੋਈ ਪਹਿਲੀ ਮੀਟਿੰਗ ਦੌਰਾਨ ਦੋਵੇਂ ਧਿਰਾਂ ਨੇ ਸਰਹੱਦ ਮੁੱਦਿਆਂ ’ਤੇ ਦੋਹਾਂ ਦੇਸ਼ਾਂ ਵਿਚਾਲੇ ਨਿਕਲੇ ਹੱਲ ਦਾ ਸਕਾਰਾਤਮਕ ਮੁਲਾਂਕਣ ਕੀਤਾ। ਬਿਆਨ ਮੁਤਾਬਕ ਦੋਵੇਂ ਦੇਸ਼ਾਂ ਦੇ ਆਗੂਆਂ ਦਾ ਮੰਨਣਾ ਸੀ ਕਿ ਸਰਹੱਦੀ ਮੁੱਦਿਆਂ ਨੂੰ ਦੁਵੱਲੇ ਸਬੰਧਂ ਦੀ ਸਮੁੱਚੀ ਸਥਿਤੀ ਨੂੰ ਸਹੀ ਢੰਗ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਜੋ ਸਬੰਧਾਂ ਦੇ ਵਿਕਾਸ ’ਤੇ ਇਸ ਦਾ ਅਸਰ ਨਾ ਪਵੇ। ਇਸ ਵਿੱਚ ਕਿਹਾ ਗਿਆ ਕਿ ਦੋਵੇਂ ਧਿਰਾਂ ਸਰਹੱਦੀ ਖੇਤਰ ਵਿੱਚ ਸ਼ਾਂਤੀ ਤੇ ਸਥਿਰਤ ਕਾਇਮ ਰੱਖਣ ਅਤੇ ਦੁਵੱਲੇ ਸਬੰਧਾਂ ਦੇ ਸਥਿਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਦਮ ਉਠਾਉਣ ’ਤੇ ਸਹਿਮਤ ਹੋਏ।
ਬਿਆਨ ਮੁਤਾਬਕ ਦੋਵੇਂ ਧਿਰਾਂ ਨੇ ਸਰਹੱਦ ਦੀ ਸਥਿਤ ਦਾ ਮੁਲਾਂਕਣ ਕੀਤਾ ਅਤੇ ਸਰਹੱਦੀ ਖੇਤਰ ਵਿੱਚ ਪ੍ਰਬੰਧਨ ਤੇ ਕੰਟਰੋਲ ਨੇਮਾਂ ਨੂੰ ਹੋਰ ਵਧੇਰੇ ਪ੍ਰਭਾਵੀ ਕਰਨ, ਭਰੋਸਾ ਬਹਾਲੀ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਸਰਹੱਦ ’ਤੇ ਸਥਾਈ ਸ਼ਾਂਤੀ ਤੇ ਸਥਿਰਤਾ ਹਾਸਲ ਕਰਨ ’ਤੇ ਸਹਿਮਤੀ ਜਤਾਈ।
ਇਸ ਵਿੱਚ ਕਿਹਾ ਗਿਆ ਕਿ ਦੋਵੇਂ ਦੇਸ਼ ਸਰਹੱਦ ਪਾਰ ਲੈਣ-ਦੇਣ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਤਿੱਬਤ, ਚੀਨ ਵਿੱਚ ਭਾਰਤੀ ਤੀਰਥਯਾਤਰੀਆਂ ਦੀ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਤੋਂ ਸ਼ੁਰੂ ਕਰਨ, ਸਰਹੱਦ ਪਾਰ ਨਦੀ ਸਹਿਯੋਗ ਅਤੇ ਨਾਥੂਲਾ ਪਾਸ ਸਰਹੱਦੀ ਵਪਾਰ ਨੂੰ ਉਤਸ਼ਾਹਿਤ ਕਰਨ ’ਤੇ ਵੀ ਸਹਿਮਤ ਹੋਏ। -ਪੀਟੀਆਈ