ਭਾਰਤ-ਕੈਨੇਡਾ ਤਣਾਅ ਨੇ ਪੰਜਾਬ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ
ਹੁਸ਼ਿਆਰਪੁਰ/ਫਗਵਾੜਾ/ਕਪੂਰਥਲਾ, 15 ਅਕਤੂਬਰ
ਭਾਰਤ-ਕੈਨੇਡਾ ਵਿੱਚ ਵਧ ਰਹੇ ਤਣਾਅ ਨੇ ਪੰਜਾਬ ਦੇ ਕਈ ਨੌਜਵਾਨਾਂ ਅਤੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਹੁਸ਼ਿਆਰਪੁਰ ਦੇ ਨੌਜਵਾਨ ਕੁਨਾਲ ਸੈਣੀ (21) ਦਾ ਮੰਨਣਾ ਹੈ ਕਿ ਉਸ ਦਾ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਫ਼ਨਾ ਅਧੂਰਾ ਰਹਿ ਜਾਵੇਗਾ। ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਅਰਵਿੰਦ ਸ਼ਰਮਾ, ਜਿਸ ਦਾ ਪੁੱਤਰ ਕੈਨੇਡਾ ਵਿੱਚ ਪੱਕੇ ਤੌਰ ’ਤੇ ਵਸਨੀਕ ਹੈ, ਨੂੰ ਡਰ ਹੈ ਕਿ ਆਪਣੇ ਪੁੱਤਰ ਨੂੰ ਮਿਲਣ ਲਈ ਉੱਤਰੀ ਅਮਰੀਕਾ ਦੇਸ਼ ਵਿੱਚ ਜਾਣ ਲਈ ਵੀਜ਼ਾ ਹਾਸਲ ਕਰਨਾ ਉਸ ਲਈ ਮੁਸ਼ਕਲ ਹੋ ਜਾਵੇਗਾ।
ਭਾਰਤ ਨੇ ਹਰਦੀਪ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਸੋਮਵਾਰ ਨੂੰ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ’ਚੋਂ ਕੱਢ ਦਿੱਤਾ ਅਤੇ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਵਾਪਸ ਸੱਦਣ ਦਾ ਐਲਾਨ ਕੀਤਾ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਇਸ ਵਧ ਰਹੇ ਕੂਟਨੀਤਕ ਵਿਵਾਦ ਨੇ ਕਈ ਪਰਿਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਪੜ੍ਹਾਈ ਕਰਨ ਅਤੇ ਉੱਥੇ ਵੱਸਣ ਲਈ ਕੈਨੇਡਾ ਪੰਜਾਬੀਆਂ ਲਈ ਸਭ ਤੋਂ ਪਸੰਦੀਦਾ ਦੇਸ਼ਾਂ ’ਚੋਂ ਇੱਕ ਹੈ। ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜ਼ਿਲ੍ਹਿਆਂ ਵਾਲੇ ਦੋਆਬਾ ਖੇਤਰ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ’ਚ ਵਸੇ ਹੋਏ ਹਨ। ਇਨ੍ਹਾਂ ’ਚੋਂ ਬਹੁਤੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿ ਰਹੇ ਹਨ। ਹੁਸ਼ਿਆਰਪੁਰ ਦੇ ਗੌਤਮ ਨਗਰ ਦੇ ਵਸਨੀਕ ਕੁਨਾਲ ਸੈਣੀ ਨੇ ਸਥਿਤੀ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਉਸ ਦਾ ਸੁਫਨਾ ਹੁਣ ਪੂਰਾ ਹੁੰਦਾ ਨਹੀਂ ਨਜ਼ਰ ਆ ਰਿਹਾ। ਤਿੰਨ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਈ ਉਸ ਦੀ ਭੈਣ ਕਨਿਕਾ ਸੈਣੀ ਉਸ ਨੂੰ ਕੈਨੇਡਾ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦੇ ਰਹੀ ਹੈ। ਉਸ ਨੇ ਆਪਣੇ ਭਰਾ ਨੂੰ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਉਨ੍ਹਾਂ ’ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ। ਮੌਜੂਦਾ ਹਾਲਾਤ ਦੇਖਦਿਆਂ ਕੁਨਾਲ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਆਪਣੀ ਯੋਜਨਾ ਬਦਲਣ ਦਾ ਫ਼ੈਸਲਾ ਕੀਤਾ ਹੈ ਅਤੇ ਉਹ ਹੁਣ ਉੱਚ ਸਿੱਖਿਆ ਲਈ ਹੋਰ ਬਦਲ ਲੱਭ ਰਿਹਾ ਹੈ। ਜਾਣਕਾਰੀ ਅਨੁਸਾਰ ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ’ਚੋਂ 70 ਫੀਸਦ ਪੰਜਾਬੀ ਹਨ। ਫਗਵਾੜਾ ਦੇ ਇੱਕ ਵਿਅਕਤੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਕੂਟਨੀਤਕ ਰਿਸ਼ਤੇ ਜਲਦੀ ਸੁਲਝਾ ਲੈਣੇ ਚਾਹੀਦੇ ਹਨ। -ਪੀਟੀਆਈ
ਬੱਚਿਆਂ ਨੂੰ ਮਿਲਣ ਲਈ ਵਿਜ਼ਿਟਰ ਵੀਜ਼ਾ ਲੈਣ ’ਚ ਮਾਪਿਆਂ ਨੂੰ ਆ ਰਹੀ ਹੈ ਮੁਸ਼ਕਲ
ਕਪੂਰਥਲਾ ਦੇ ਰਿਸ਼ੀਪਾਲ, ਅਮਨਦੀਪ ਅਤੇ ਮਦਨ ਲਾਲ, ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹਾਈ ਲਈ ਗਏ ਹਨ, ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਰਕ ਪਰਮਿਟ ਵਧਾਉਣ ਵਿੱਚ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਆਪੋ-ਆਪਣੇ ਬੱਚਿਆਂ ਨੂੰ ਮਿਲਣ ਲਈ ਕੈਨੇਡਾ ਜਾਣ ਵਾਸਤੇ ਵਿਜ਼ਿਟਰ ਵੀਜ਼ਾ ਹਾਸਲ ਕਰਨ ਲਈ ਵੀ ਉਨ੍ਹਾਂ ਨੂੰ ਸਮੱਸਿਆ ਆ ਰਹੀ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਸਟੇਸ਼ਨਰੀ ਦੀ ਦੁਕਾਨ ਦੇ ਮਾਲਕ ਅਰਵਿੰਦ ਸ਼ਰਮਾ ਨੂੰ ਡਰ ਹੈ ਕਿ ਮੌਜੂਦਾ ਕੂਟਨੀਤਕ ਵਿਵਾਦ ਕਾਰਨ ਕੈਨੇਡਾ ਅਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਭਾਰਤੀਆਂ ਨੂੰ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।