ਭਾਰਤ ਦਾ ਮੰਨਣਾ ਹੈ ਕਿ ਕੈਨੇਡਾ ਹਿੰਸਾ, ਅਤਿਵਾਦੀ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ: ਟਰੂਡੋ
ਵਾਸ਼ਿੰਗਟਨ, 17 ਅਕਤੂਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਕੈਨੇਡਾ ਹਿੰਸਾ, ਅਤਿਵਾਦੀ ਜਾਂ ਨਫ਼ਰਤ ਭੜਕਾਉਣ ਦੇ ਅਪਰਾਧ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਹੈ। ਟਰੂਡੋ ਨੇ ਸੰਘੀ ਚੋਣ ਪ੍ਰਕਿਰਿਆਵਾਂ ਤੇ ਲੋਕਤੰਤਰੀ ਸੰਸਥਾਵਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਸੰਦਰਭ ਵਿੱਚ ਜਨਤਕ ਜਾਂਚ ਦੌਰਾਨ ਗਵਾਹੀ ਦਿੰਦੇ ਹੋਏ ਕਿਹਾ ਕਿ ਕੈਨੇਡਾ ਸਰਕਾਰ ਇਹ ਪਤਾ ਲਾਉਣ ਲਈ ਭਾਰਤ ਤੋਂ ਮਦਦ ਮੰਗ ਰਹੀ ਹੈ ਕਿ ਕੀ ਕਥਿਤ ਦਖ਼ਲਅੰਦਾਜ਼ੀ ਅਤੇ ਹਿੰਸਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਸੀ ਜਾਂ ਸਰਕਾਰ ਵਿੱਚ ਕਿਸੇ ਉੱਚ ਅਹੁਦੇ ’ਤੇ ਬੈਠੇ ਵਿਅਕਤੀ ਦੇ ਨਿਰਦੇਸ਼ ’ਤੇ ਕੀਤੀ ਸੀ। ਟਰੂਡੋ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਕਿ ਕਥਿਤ ਦਖ਼ਲਅੰਦਾਜ਼ੀ ਕਿਸੇ ਸ਼ਰਾਰਤੀ ਅਨਸਰ ਨੇ ਕੀਤੀ ਸੀ ਜਾਂ ਇਹ ਭਾਰਤ ਸਰਕਾਰ ਦੇ ਕਿਸੇ ਜ਼ਿੰਮੇਵਾਰ ਮੈਂਬਰ ਦੇ ਨਿਰਦੇਸ਼ ’ਤੇ ਹੋਈ ਸੀ। ਟਰੂਡੋ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਬੇਹੱਦ ਅਹਿਮ ਸਵਾਲ ਹੈ ਅਤੇ ਇਹ ਇਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਪਤਾ ਲਾਉਣ ਲਈ ਅਸੀਂ ਭਾਰਤ ਸਰਕਾਰ ਤੋਂ ਵਾਰ ਵਾਰ ਸਹਾਇਤਾ ਦੀ ਅਪੀਲ ਕਰ ਰਹੇ ਹਾਂ। ਅਸੀਂ ਇਸ ਸਵਾਲ ਦੀ ਤਹਿ ਤੱਕ ਜਾਣਾ ਚਾਹੁੰਦੇ ਹਾਂ ਕਿ ਕੀ ਇਹ ਸਰਕਾਰ ਅੰਦਰ ਕਿਸੇ ਸੰਭਾਵੀ ਸ਼ਰਾਰਤੀ ਅਨਸਰ ਦਾ ਕੰਮ ਹੈ ਜਾਂ ਫਿਰ ਇਹ ਭਾਰਤ ਸਰਕਾਰ ਦੀ ਵਿਵਸਥਿਤ ਕੋਸ਼ਿਸ਼ ਹੈ।’’ -ਪੀਟੀਆਈ