ਭਾਰਤ ਤੇ ਨਿਊਜ਼ੀਲੈਂਡ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਵਚਨਬੱਧ
ਵੈਲਿੰਗਟਨ, 8 ਅਗਸਤ
ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਭਾਰਤ-ਨਿਉੂਜ਼ੀਲੈਂਡ ਵਿਚਾਲੇ ਦੁਵੱਲੇ ਸਬੰਧਾਂ ਖਾਸਕਰ ਸਿੱਖਿਆ, ਵਪਾਰ ਤੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਰਾਸ਼ਟਰਪਤੀ ਮੁਰਮੂ ਆਪਣੇ ਤਿੰਨ ਮੁਲਕੀ ਦੌਰੇ ਦੇ ਦੂਜੇ ਪੜਾਅ ਤਹਿਤ ਬੁੱਧਵਾਰ ਨੂੰ ਨਿਊਜ਼ੀਲੈਂਡ ਪਹੁੰਚੇ ਸਨ।
ਵਿਦੇਸ਼ ਮੰਤਰਾਲੇ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਭਾਰਤ-ਨਿਊਜ਼ੀਲੈਂਡ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਦਰੋਪਦੀ ਮੁਰਮੂੁ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਿਚਾਰ ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਦੁਵੱਲੇ ਸਬੰਧ ਖਾਸਕਰ ਸਿੱਖਿਆ, ਵਪਾਰ ਅਤੇ ਸੱਭਿਆਚਾਰ ਨੂੰ ਹੋਰ ਅੱਗੇ ਵਧਾਉਣ ਦੀ ਵਚਨਬੱਧਤਾ ਦੁਹਰਾਈ।’’ ਇਸੇ ਦੌਰਾਨ ਰਾਸ਼ਟਰਪਤੀ ਦਫ਼ਤਰ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਇਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਨੇ ਨਿਊੁਜ਼ੀਲੈਂਡ ਦੀ ਗਵਰਨਰ ਜਨਰਲ ਡੇਮ ਸਿੰਡੀ ਕਿਰੋ ਅਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਨਾਲ ਵੀ ਦੁਵੱਲੇ ਦੋਸਤਾਨਾ ਸਬੰਧਾਂ ਅਤੇ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਬਾਅਦ ’ਚ ਪੀਟਰਸ ਜਿਹੜੇ ਕਿ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵੀ ਹਨ, ਨੇ ਵੀ ਰਾਸ਼ਟਰਪਤੀ ਮੁਰਮੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਮੁਰਮੂ ਨੇ ਵੈਲਿੰਗਟਨ ’ਚ ਨਿਊਜ਼ੀਲੈਂਡ ਕੌਮਾਂਤਰੀ ਸਿੱਖਿਆ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ ਅਤੇ ਸਿੱਖਿਆ ਦੀ ਪਰਿਵਰਤਨ ਸ਼ਕਤੀ ਬਾਰੇ ਚਾਣਨਾ ਪਾਇਆ।
ਮੁਰਮੂ ਨੇ ਕਿਹਾ, ‘‘ਸਿੱਖਿਆ ਹਮੇਸ਼ਾ ਮੇਰੇ ਦਿਲੇ ਦੇ ਨੇੜੇ ਰਹੀ ਹੈ। ਮੈਂ ਸਿੱਖਿਆ ਨੂੰ ਪਰਿਵਰਤਨ ਦੀ ਸ਼ਕਤੀ ਵਜੋਂ ਪ੍ਰਤੱਖ ਰੂਪ ’ਚ ਦੇਖਿਆ ਅਤੇ ਅਨੁਭਵ ਕੀਤਾ ਹੈ।
ਸਿੱਖਿਆ ਸਿਰਫ ਵਿਅਕਤੀਗਤ ਕੋਸ਼ਿਸ਼ ਨਹੀਂ ਹੈ ਬਲਕਿ ਸਮਾਜਿਕ ਪਰਿਵਰਤਨ ਅਤੇ ਰਾਸ਼ਟਰ ਨਿਰਮਾਣ ਦਾ ਸਾਧਨ ਵੀ ਹੈ।’’ ਉਨ੍ਹਾਂ ਆਖਿਆ ਕਿ 21ਵੀਂ ਸਦੀ ਦੇ ਭਾਰਤ ’ਚ ਸਿੱਖਿਆ ਪ੍ਰਬੰਧ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਮੁਤਾਬਕ ਨਿਊਜ਼ੀਲੈਂਡ ਖੋਜ ਅਤੇ ਨਵੀਨਤਾ, ਸਮਾਵੇਸ਼ਤਾ ਤੇ ਉੱਤਮਤਾ ’ਤੇ ਖਾਸ ਧਿਆਨ ਦੇਣ ਦੇ ਨਾਲ ਆਪਣੀ ਉੱਚ ਗੁਣਵੱਤਾ ਵਾਲੀ ਸਿੱਖਿਆ ਲਈ ਪ੍ਰਸਿੱਧ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਨਿਊਜ਼ੀਲੈਂਡ ਸਿੱਖਿਆ ਕਾਨਫਰੰਸ ਸਿੱਖਿਆ ’ਚ ਜਾਰੀ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਯੋਗ ਦੇ ਨਵੇਂ ਖੇਤਰ ਲੱਭਣ ਦਾ ਮੌਕਾ ਦਿੰਦੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਨੇ ਵੈਲਿੰਗਟਨ ਰੇਲਵੇ ਸਟੇਸ਼ਨ ’ਤੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕੀਤੀ। ਬਾਅਦ ’ਚ ਉਨ੍ਹਾਂ ਨੇ ਵੈਲਿੰਗਟਨ ’ਚ ਫੁਕਿਯਾਹੂ ਕੌਮੀ ਜੰਗੀ ਯਾਦਗਾਰ ’ਤੇ ਸ਼ਹੀਦ ਸੈਨਿਕਾਂ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ। -ਪੀਟੀਆਈ