ਭਾਰਤ ਤੇ ਨੇਪਾਲ ਸਰਹੱਦ ਪਾਰ ਸੰਪਰਕ ਸਹੂਲਤ ਵਧਾਉਣ ਲਈ ਪ੍ਰਤੀਬੱਧ
ਕਾਠਮੰਡੂ, 14 ਜਨਵਰੀ
ਭਾਰਤ ਤੇ ਨੇਪਾਲ ਦੇ ਅਧਿਕਾਰੀਆਂ ਨੇ ਆਰਥਿਕ ਤੇ ਵਣਜ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗਾਂ ’ਤੇ ਚਰਚਾ ਕੀਤੀ ਅਤੇ ਦੋਵਾਂ ਮੁਲਕਾਂ ਨੇ ਸਰਹੱਦ ਪਾਰ ਨਿਰਵਿਘਨ ਸੰਪਰਕ ਸਹੂਲਤ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਦੁਵੱਲੀ ਪਹਿਲ ਲਾਗੂ ਕਰਨ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਗੈਰਕਾਨੂੰਨੀ ਵਪਾਰ ਰੋਕਣ ਲਈ ਵਪਾਰ, ਆਵਾਜਾਈ ਤੇ ਸਹਿਯੋਗ ਸਬੰਧੀ ਭਾਰਤ-ਨੇਪਾਲ ਅੰਤਰ-ਸਰਕਾਰੀ ਉਪ ਕਮੇਟੀ (ਆਈਜੀਐੱਸਸੀ) ਨੇ 12-13 ਜਨਵਰੀ ਨੂੰ ਕਾਠਮੰਡੂ ’ਚ ਸੈਸ਼ਨ ਕਰਵਾਇਆ। ਦੋਵਾਂ ਧਿਰਾਂ ਨੇ ਦਵਾਈਆਂ ਤੇ ਆਯੁਰਵੈਦਿਕ ਉਤਪਾਦਾਂ ਲਈ ਆਪਸੀ ਸਮਝ ਵਾਲੇ ਬਾਜ਼ਾਰ ਦੀ ਪਹੁੰਚ ਬਾਰੇ ਚਰਚਾ ਕੀਤੀ। ਭਾਰਤੀ ਧਿਰ ਨੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੂੰ ਉਤਸ਼ਾਹਿਤ ਕਰਨ ਲਈ ਪੈਰਿਸ ਸਮਝੌਤੇ ਦੀਆਂ ਮੱਦਾਂ ਤਹਿਤ ਆਈਪੀਆਰ ਪ੍ਰਬੰਧ ਦੀ ਲੋੜ ’ਤੇ ਜ਼ੋਰ ਦਿੱਤਾ। ਵਣਜ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਪੁਲ ਬਾਂਸਲ ਨੇ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਵਫ਼ਦ ’ਚ ਵੱਖ ਵੱਖ ਮੰਤਰਾਲਿਆਂ ਤੇ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਨੇਪਾਲੀ ਧਿਰ ਦੀ ਅਗਵਾਈ ਨੇਪਾਲ ਸਰਕਾਰ ਦੇ ਉਦਯੋਗ, ਵਣਜ ਤੇ ਸਪਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਰਾਮ ਚੰਦਰ ਤਿਵਾੜੀ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਵੱਖ ਵੱਖ ਨੇਪਾਲੀ ਮੰਤਰਾਲਿਆਂ ਤੇ ਵਿਭਾਗਾਂ ਦੇ ਅਧਿਕਾਰੀ ਵੀ ਇਸ ਵਫ਼ਦ ਦਾ ਹਿੱਸਾ ਸਨ। ਮੀਟਿੰਗ ’ਚ ਏਕੀਕ੍ਰਿਤ ਜਾਂਚ ਚੌਕੀਆਂ ਤੇ ਰੇਲਵੇ ਲਿੰਕ ਦੇ ਨਿਰਮਾਣ ਸਮੇਤ ਭਾਰਤ ਤੇ ਨੇਪਾਲ ਵਿਚਾਲੇ ਸਰਹੱਦ ਪਾਰ ਨਿਰਵਿਘਨ ਸੰਪਰਕ ਸੇਵਾ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਦੁਵੱਲੀ ਪਹਿਲ ’ਤੇ ਧਿਆਨ ਕੇਂਦਰਿਤ ਕੀਤਾ। -ਪੀਟੀਆਈ