For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਬਚਾਉਣ ਲਈ ਬਣਿਆ: ਨੱਢਾ

07:35 AM May 31, 2024 IST
‘ਇੰਡੀਆ’ ਗੱਠਜੋੜ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਬਚਾਉਣ ਲਈ ਬਣਿਆ  ਨੱਢਾ
ਅੰਮ੍ਰਿਤਸਰ ਵਿੱਚ ਰੈਲੀ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਤਰਨਜੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ ਅਤੇ ਹੋਰ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਮਈ
ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ‘ਇੰਡੀਆ’ ਗੱਠਜੋੜ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਹ ਗੱਠਜੋੜ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਬਚਾਉਣ ਲਈ ਬਣਿਆ ਹੈ, ਜਿਸ ਦੇ ਵਧੇਰੇ ਨੇਤਾ ਜਾਂ ਤਾਂ ਜ਼ਮਾਨਤ ’ਤੇ ਹਨ ਜਾਂ ਜੇਲ੍ਹ ’ਚ ਹਨ। ਉਨ੍ਹਾਂ ਅੱਜ ਇੱਥੇ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਅਤੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀ ਨੇ ਰੈਲੀ ਸਥਾਨ ਦੇ ਨੇੜੇ ਭਾਜਪਾ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ।
ਸ੍ਰੀ ਨੱਢਾ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਆਗੂ ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਲਾਲੂ ਯਾਦਵ ਸਭ ਜ਼ਮਾਨਤਾਂ ’ਤੇ ਹਨ। ਇਸੇ ਤਰ੍ਹਾਂ ਸਿਸੋਦੀਆ ਤੇ ਜੈਨ ਜੇਲ੍ਹਾਂ ਵਿੱਚ ਹਨ। ਉਨ੍ਹਾਂ ਵਿਅੰਗ ਕੀਤਾ ਕਿ ‘ਇੰਡੀਆ’ ਗੱਠਜੋੜ ਵਿੱਚ ਅਜਿਹਾ ਕੋਈ ਵੀ ਨੇਤਾ ਨਹੀਂ ਜਿਸ ਉੱਤੇ ਘੁਟਾਲੇ ਦਾ ਦੋਸ਼ ਨਾ ਹੋਵੇ ਸਗੋਂ ਇਨ੍ਹਾਂ ਨੇ ਭ੍ਰਿਸ਼ਟਾਚਾਰ ’ਚ ਰਿਕਾਰਡ ਕਾਇਮ ਕੀਤੇ ਹੋਏ ਹਨ। ਇਸੇ ਤਰ੍ਹਾਂ ਹੀ ਇਸ ਗੱਠਜੋੜ ’ਚ ਪਰਿਵਾਰਵਾਦ ਵਾਲੀਆਂ ਪਾਰਟੀਆਂ ਹਨ, ਜਿਨ੍ਹਾਂ ਦਾ ਦੇਸ਼ ਅਤੇ ਸਮਾਜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਸਿਰਫ਼ ਆਪਣੇ ਪਰਿਵਾਰ ਦੀ ਸਿਆਸਤ ਨੂੰ ਬਚਾਉਣ ਵਿੱਚ ਲੱਗੇ ਹਨ।
ਭਾਜਪਾ ਪ੍ਰਧਾਨ ਨੇ ਆਪਣਾ ਭਾਸ਼ਣ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਨਾਲ ਸ਼ੁਰੂ ਕੀਤਾ ਅਤੇ ਭਾਸ਼ਣ ਦੇ ਦੌਰਾਨ ਕਈ ਵਾਰ ਪੰਜਾਬੀ ਬੋਲੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਅਤੇ ‘ਆਪ’ ਇੱਕ ਦੂਜੇ ਨਾਲ ਗਲਵੱਕੜੀ ਵਿੱਚ ਹਨ, ਪਰ ਪੰਜਾਬ ’ਚ ਇੱਕ-ਦੂਜੇ ਨਾਲ ਕੁਸ਼ਤੀ ਕਰ ਰਹੇ ਹਨ। ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਕਿਹਾ ਕਿ ਭਾਰਤ ਵਿਕਾਸ ਕਰ ਰਿਹਾ ਹੈ, ਪਰ ਅੰਮ੍ਰਿਤਸਰ ਪਿਛਲੇ ਕਈ ਸਾਲਾਂ ਤੋਂ ਪਛੜਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਸੁਧਾਰ ਤਾਂ ਹੀ ਹੋ ਸਕਦਾ ਹੈ ਜੇ ਕੇਂਦਰ ਵਿੱਚ ਮੋਦੀ ਦੀ ਸਰਕਾਰ ਹੋਵੇ ਅਤੇ ਅੰਮ੍ਰਿਤਸਰ ਤੇ ਖਡੂਰ ਸਾਹਿਬ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹੋਣ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਨਰਿੰਦਰ ਸਿੰਘ ਰੈਣਾ, ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਸੰਬੋਧਨ ਕੀਤਾ।

Advertisement

ਭਾਜਪਾ ਨੇ ਬਿਨਾਂ ਭੇਦਭਾਵ ਸੂਬਿਆਂ ਦੇ ਵਿਕਾਸ ਕਾਰਜ ਕੀਤੇ: ਨੱਢਾ

ਫ਼ਰੀਦਕੋਟ (ਜਸਵੰਤ ਜੱਸ): ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੋਂ ਦੀ ਅਨਾਜ ਮੰਡੀ ਵਿੱਚ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਖੁਸ਼ਹਾਲ ਬਣਾਇਆ ਅਤੇ ਕਿਸੇ ਵੀ ਸੂਬੇ ਨਾਲ ਬਿਨਾਂ ਭੇਦਭਾਵ ਤੋਂ ਵਿਕਾਸ ਕਾਰਜ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਲੋਕਾਂ ਨੂੰ ਧੜਿਆਂ ਵਿੱਚ ਵੰਡਿਆ ਅਤੇ ਸਿਆਸੀ ਲਾਭ ਲੈਣ ਲਈ ਦਲਿਤਾਂ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਦਲਿਤਾਂ ਨੂੰ ਦਿੱਤੇ ਰਾਖਵੇਂਕਰਨ ਦਾ ਹੱਕ ਦੇਸ਼ ਦੀ ਇੱਕ ਖਾਸ ਧਿਰ ਨੂੰ ਦੇਣਾ ਚਾਹੁੰਦਾ ਹੈ। ਇੱਥੋਂ ਦੀ ਮੁੱਖ ਅਨਾਜ ਮੰਡੀ ਵਿੱਚ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਹੈਲੀਕਾਪਟਰ ਉਤਾਰਨ ਲਈ ਪ੍ਰਸ਼ਾਸਨ ਵੱਲੋਂ ਮੰਡੀ ਵਿਚਲੇ ਫਲੱਡ ਲਾਈਟਾਂ ਦੇ ਗੱਡੇ ਖੰਭੇ ਸਾਈਡ ਕਰਨੇ ਪਏ। ਸੁਰੱਖਿਆ ਕਾਰਨਾਂ ਕਰਕੇ ਜੇਪੀ ਨੱਢਾ ਦੇ ਹੈਲੀਕਾਪਟਰ ਦਾ ਹੈਲੀਪੈਡ ਰੈਲੀ ਵਾਲੀ ਥਾਂ ਦੇ ਬਿਲਕੁਲ ਨੇੜੇ ਬਣਾਇਆ ਗਿਆ ਸੀ। ਪ੍ਰਸ਼ਾਸਨ ਨੇ ਭਾਜਪਾ ਦੇ ਕੌਮੀ ਪ੍ਰਧਾਨ ਦਾ ਹੈਲੀਕਾਪਟਰ ਰੈਲੀ ਵਾਲੀ ਥਾਂ ਉਤਾਰਨ ਲਈ ਇੱਥੇ ਲੱਗੇ ਬਿਜਲੀ ਦੇ ਖੰਭੇ ਤੁਰੰਤ ਹਟਾ ਦਿੱਤੇ ਜੋ ਕਰੀਬ 16 ਮਹੀਨੇ ਪਹਿਲਾਂ ਹੀ ਲੱਗੇ ਸਨ। ਕਿਸਾਨ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਖੰਭਿਆਂ ਸਬੰਧੀ ਉਹ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜਣਗੇ।

ਨੱਢਾ ਵੱਲੋਂ ਡਾ. ਸ਼ੁਭਾਸ਼ ਸ਼ਰਮਾ ਦੇ ਹੱਕ ਵਿੱਚ ਰੋਡ ਸ਼ੋਅ

ਨੰਗਲ (ਰਾਕੇਸ਼ ਸੈਣੀ): ਇੱਥੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਉਮੀਦਵਾਰ ਡਾ. ਸ਼ੁਭਾਸ਼ ਸ਼ਰਮਾ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਜਵਾਹਰ ਮਾਰਕੀਟ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਅੱਡਾ ਮਾਰਕੀਟ ਵਿੱਚ ਜਾ ਕੇ ਸਮਾਪਤ ਹੋਇਆ| ਇਸ ਮੌਕੇ ਸ੍ਰੀ ਨੱਢਾ ਨੇ ਕਿਹਾ ਕਿ ਸਿਰਫ਼ ਤੇ ਸਿਰਫ਼ ਭਾਜਪਾ ਹੀ ਦੇਸ਼ ਨੂੰ ਬੁਲੰਦੀਆਂ ’ਤੇ ਲੈ ਕੇ ਜਾ ਸਕਦੀ ਹੈ|

Advertisement
Author Image

sukhwinder singh

View all posts

Advertisement
Advertisement
×