For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ-ਹਮਾਸ ਜੰਗਬੰਦੀ ’ਤੇ ਵੋਟਿੰਗ ਤੋਂ ਭਾਰਤ ਲਾਂਭੇ

07:32 AM Oct 29, 2023 IST
ਇਜ਼ਰਾਈਲ ਹਮਾਸ ਜੰਗਬੰਦੀ ’ਤੇ ਵੋਟਿੰਗ ਤੋਂ ਭਾਰਤ ਲਾਂਭੇ
ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲੇ ਮਗਰੋਂ ਨਿਕਲ ਰਿਹਾ ਧੂੰਆਂ। -ਫੋਟੋ: ਰਾਇਟਰਜ਼
Advertisement

ਸੰਯਕੁਤ ਰਾਸ਼ਟਰ, 28 ਅਕਤੂਬਰ
ਇਜ਼ਰਾਈਲ-ਹਮਾਸ ਜੰਗ ਖ਼ਿਲਾਫ਼ ਮਤੇ ’ਤੇ ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਕਿਹਾ ਕਿ ਅਤਿਵਾਦ ਕਿਸੇ ਨੂੰ ਨਹੀਂ ਬਖ਼ਸ਼ਦਾ ਹੈ ਅਤੇ ਉਸ ਦੀ ਕੋਈ ਹੱਦ, ਕੌਮੀਅਤ ਜਾਂ ਨਸਲ ਨਹੀਂ ਹੈ। ਭਾਰਤ ਨੇ ਕਿਹਾ ਕਿ ਦੁਨੀਆ ਨੂੰ ਅਤਿਵਾਦੀ ਕਾਰਿਆਂ ਨੂੰ ਜਾਇਜ਼ ਠਹਿਰਾਉਣ ਵਾਲਿਆਂ ਦੀਆਂ ਗੱਲਾਂ ਵੱਲ ਤਵੱਜੋ ਨਹੀਂ ਦੇਣੀ ਚਾਹੀਦੀ ਹੈ। ਭਾਰਤ ਸੰਯੁਕਤ ਰਾਸ਼ਟਰ ਮਹਾਸਭਾ ’ਚ ‘ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਤੇ ਮਾਨਵੀ ਜ਼ਿੰਮੇਵਾਰੀਆਂ ਨੂੰ ਕਾਇਮ ਰੱਖਣ’ ਵਾਲੇ ਜਾਰਡਨ ਦੇ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ। ਬਾਅਦ ’ਚ ਭਾਰਤ ਨੇ ਸਫਾਈ ਦਿੱਤੀ ਕਿ ਉਸ ਦੇ ਪੱਖ ਨੂੰ ਸ਼ਾਮਲ ਨਾ ਕੀਤੇ ਜਾਣ ਕਾਰਨ ਉਹ ਮਤੇ ਤੋਂ ਲਾਂਭੇ ਰਿਹਾ। ਇਸ ਮਤੇ ’ਚ ਇਜ਼ਰਾਈਲ-ਹਮਾਸ ਜੰਗ ’ਚ ਫੌਰੀ ਜੰਗਬੰਦੀ ਅਤੇ ਗਾਜ਼ਾ ਪੱਟੀ ’ਚ ਬਿਨਾ ਕਿਸੇ ਰੁਕਾਵਟ ਦੇ ਸਹਾਇਤਾ ਪਹੁੰਚਾਉਣਾ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਸਭਾ ਨੇ ਉਸ ਮਤੇ ਨੂੰ ਅਪਣਾਇਆ ਜਿਸ ’ਚ ਫੌਰੀ, ਟਿਕਾਊ ਅਤੇ ਲਗਾਤਾਰ ਸੁਲ੍ਹਾ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਦੁਸ਼ਮਣੀ ਖ਼ਤਮ ਹੋ ਸਕੇ। ਮਤੇ ਦੇ ਪੱਖ ’ਚ 121 ਮੁਲਕ ਭੁਗਤੇ, 45 ਮੈਂਬਰ ਵੋਟਿੰਗ ਤੋਂ ਦੂਰ ਰਹੇ ਅਤੇ 14 ਮੈਂਬਰਾਂ ਨੇ ਉਸ ਦੇ ਵਿਰੁੱਧ ਵੋਟ ਪਾਇਆ। ਮਤੇ ਵਿੱਚ ਗਾਜ਼ਾ ਪੱਟੀ ’ਚ ਆਮ ਨਾਗਰਿਕਾਂ ਨੂੰ ਲੋੜੀਂਦੀਆਂ ਵਸਤਾਂ ਅਤੇ ਸੇਵਾਵਾਂ ਫੌਰੀ ਮੁਹੱਈਆ ਕਰਨ ਦੀ ਮੰਗ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਉਪ ਸਥਾਈ ਪ੍ਰਤੀਨਿਧ ਯੋਜਨਾ ਪਟੇਲ ਨੇ ਵੋਟ ’ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਜਿਹੀ ਦੁਨੀਆ ’ਚ ਜਿਥੇ ਮੱਤਭੇਦਾਂ
ਅਤੇ ਵਿਵਾਦਾਂ ਨੂੰ ਵਾਰਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ, ਵੱਕਾਰੀ ਸੰਸਥਾ ਨੂੰ ਹਿੰਸਾ ਦਾ ਸਹਾਰਾ ਲੈਣ ਦੀਆਂ ਘਟਨਾਵਾਂ ’ਤੇ ਡੂੰਘਾਈ ਨਾਲ ਫਿਕਰਮੰਦ ਹੋਣਾ ਚਾਹੀਦਾ ਹੈ। ਪਟੇਲ ਨੇ ਕਿਹਾ,‘‘ਹਿੰਸਾ ਜਦੋਂ ਇੰਨੇ ਵੱਡੇ ਪੱਧਰ ਅਤੇ ਤੀਬਰਤਾ ਨਾਲ ਹੁੰਦੀ ਹੈ ਤਾਂ ਇਹ ਬੁਨਿਆਦੀ ਮਾਨਵੀ ਕਦਰਾਂ-ਕੀਮਤਾਂ ਦਾ ਅਪਮਾਨ ਹੈ।’ ਪਟੇਲ ਨੇ ਇਜ਼ਰਾਈਲ ’ਚ 7 ਅਕਤੂਬਰ ਨੂੰ ਹੋਏ ਅਤਿਵਾਦੀ ਹਮਲਿਆਂ ਦੀ ਨਿਖੇਧੀ ਕੀਤੀ। ਵੋਟ ਬਾਰੇ ਭਾਰਤ ਦੇ ਸਪੱਸ਼ਟੀਕਰਨ ’ਚ ਹਮਾਸ ਦਾ ਜ਼ਿਕਰ ਨਹੀਂ ਕੀਤਾ ਗਿਆ। ਭਾਰਤ ਨੇ ਉਮੀਦ ਜਤਾਈ ਕਿ ਮਹਾਸਭਾ ’ਚ ਇਸ ਚਰਚਾ ਨਾਲ ਅਤਿਵਾਦ ਅਤੇ ਹਿੰਸਾ ਖ਼ਿਲਾਫ਼ ਇਕ ਸਪੱਸ਼ਟ ਸੁਨੇਹਾ ਜਾਵੇਗਾ ਅਤੇ ਇਸ ਨਾਲ ਕੂਟਨੀਤੀ ਅਤੇ ਵਾਰਤਾ ਦੀਆਂ ਸੰਭਾਵਨਾਵਾਂ ਦਾ ਵਿਸਥਾਰ ਹੋਵੇਗਾ ਤੇ ਮਾਨਵੀ ਸੰਕਟ ਨਾਲ ਸਿੱਝਣ ’ਚ ਮਦਦ ਮਿਲੇਗੀ। ਭਾਰਤ ਨੇ ਬੰਧਕਾਂ ਦੀ ਫੌਰੀ ਅਤੇ ਬਿਨਾ ਸ਼ਰਤ ਰਿਹਾਈ ਦਾ ਵੀ ਸੱਦਾ ਦਿੱਤਾ। ਸ਼ੁਰੂ ’ਚ ਇਰਾਕ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ ਸੀ ਪਰ ਬਾਅਦ ’ਚ ਵੋਟਿੰਗ ਸਮੇਂ ਤਕਨੀਕੀ ਸਮੱਸਿਆ ਦਾ ਹਵਾਲਾ ਦਿੰਦਿਆਂ ਉਸ ਨੇ ਇਸ ਦੇ ਪੱਖ ’ਚ ਮਤਦਾਨ ਕੀਤਾ। ਮਤੇ ਖ਼ਿਲਾਫ਼ ਵੋਟਿੰਗ ਕਰਨ ਵਾਲੇ ਮੁਲਕਾਂ ’ਚ ਇਜ਼ਰਾਈਲ ਅਤੇ ਅਮਰੀਕਾ ਸ਼ਾਮਲ ਸਨ। ਚੀਨ, ਫਰਾਂਸ, ਅਤੇ ਰੂਸ ਨੇ ਮਤੇ ਦੇ ਪੱਖ ’ਚ ਵੋਟਿੰਗ ਕੀਤੀ ਜਦਕਿ ਕੈਨੇਡਾ, ਜਰਮਨੀ, ਜਾਪਾਨ, ਯੂਕਰੇਨ ਅਤੇ ਬ੍ਰਿਟੇਨ ਗ਼ੈਰਹਾਜ਼ਰ ਰਹੇ। -ਪੀਟੀਆਈ

Advertisement

ਭਾਰਤ ਦੇ ਪੱਖ ਨੂੰ ਸ਼ਾਮਲ ਨਾ ਕੀਤੇ ਜਾਣ ਕਾਰਨ ਮਤੇ ਤੋਂ ਦੂਰੀ ਬਣਾਈ

ਨਵੀਂ ਦਿੱਲੀ: ਭਾਰਤ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ’ਚ ਮਤੇ ਤੋਂ ਲਾਂਭੇ ਰਹਿਣ ’ਤੇ ਸਫ਼ਾਈ ਦਿੰਦਿਆਂ ਕਿਹਾ ਗਿਆ ਹੈ ਕਿ ਮਤੇ ਵਿੱਚ ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਗਏ ਹਮਲਿਆਂ ਦੀ ਕੋਈ ਸਪੱਸ਼ਟ ਨਿੰਦਾ ਸ਼ਾਮਲ ਨਹੀਂ ਸੀ। ਸੂਤਰਾਂ ਨੇ ਕਿਹਾ ਕਿ ਮੁੱਖ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਇਸ ਪੱਖ ਨੂੰ ਸ਼ਾਮਲ ਕਰਦਿਆਂ ਸੋਧ ਪੇਸ਼ ਕੀਤੀ ਗਈ ਸੀ। ਭਾਰਤ ਨੇ ਸੋਧ ਦੇ ਪੱਖ ’ਚ ਵੋਟ ਕੀਤਾ ਜਿਸ ਨੂੰ 88 ਵੋਟਾਂ ਮਿਲੀਆਂ ਪਰ ਲੋੜੀਂਦਾ ਦੋ ਤਿਹਾਈ ਬਹੁਮਤ ਨਾ ਮਿਲਣ ਕਾਰਨ ਇਹ ਸੋਧ ਪਾਸ ਨਹੀਂ ਹੋ ਸਕੀ। ਸੂਤਰਾਂ ਨੇ ਕਿਹਾ ਕਿ ਮਤੇ ’ਚ ਭਾਰਤ ਦੇ ਸਟੈਂਡ ਨੂੰ ਸ਼ਾਮਲ ਨਾ ਕੀਤੇ ਜਾਣ ਕਾਰਨ ਉਹ ਵੋਟਿੰਗ ਤੋਂ ਦੂਰ ਰਹੇ। -ਪੀਟੀਆਈ

ਫਲਸਤੀਨ ਵੱਲੋਂ ਮਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ

ਨਿਊਯਾਰਕ: ਸੰਯੁਕਤ ਰਾਸ਼ਟਰ ਮਹਾਸਭਾ ’ਚ ਇਜ਼ਰਾਈਲ-ਹਮਾਸ ਜੰਗ ਬੰਦ ਕਰਨ ਅਤੇ ਮਾਨਵੀ ਸਹਾਇਤਾ ਪਹੁੰਚਾਏ ਜਾਣ ਸਬੰਧੀ ਪਾਸ ਕੀਤੇ ਗਏ ਮਤੇ ਦਾ ਸਵਾਗਤ ਕਰਦਿਆਂ ਫਲਸਤੀਨ ਨੇ ਕਿਹਾ ਹੈ ਕਿ ਇਸ ਮਤੇ ਦੀ ਫੌਰੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਤੇ ਦੀ ਪਾਲਣਾ ਨਹੀਂ ਹੁੰਦੀ ਹੈ ਤਾਂ ਇਸ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਸੰਯੁਕਤ ਰਾਸ਼ਟਰ ’ਚ ਫਲਸਤੀਨੀ ਮਿਸ਼ਨ ਨੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਇਜ਼ਰਾਈਲ ਦੇ ਹਮਲਾਵਰ ਰੁਖ਼ ਅਤੇ ਕਤਲੇਆਮ ਨੂੰ ਬੰਦ ਕਰਵਾਏ। ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਸਥਾਈ ਨੁਮਾਇੰਦੇ ਗਿਲਾਡ ਆਰਡਨ ਨੇ ਮਤੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਅਤੇ ਮਾਨਵਤਾ ਲਈ ਕਾਲਾ ਦਿਨ ਹੈ ਅਤੇ ਉਨ੍ਹਾਂ ਦਾ ਮੁਲਕ ਆਪਣੇ ਲੋਕਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ਾਂ ਕਰੇਗਾ। -ਏਐੱਨਆਈ

ਪ੍ਰਿਯੰਕਾ, ਪਵਾਰ, ਯੇਚੁਰੀ ਤੇ ਰਾਜਾ ਨੇ ਭਾਰਤ ਦੇ ਸਟੈਂਡ ’ਤੇ ਹੈਰਾਨੀ ਜਤਾਈ

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਐੱਨਸੀਪੀ ਮੁਖੀ ਸ਼ਰਦ ਪਵਾਰ, ਸੀਪੀਐੱਮ ਦੇ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਆਗੂ ਡੀ ਰਾਜਾ ਨੇ ਭਾਰਤ ਵੱਲੋਂ ਸੰਯੁਕਤ ਰਾਸ਼ਟਰ ’ਚ ਇਜ਼ਰਾਈਲ-ਹਮਾਸ ਜੰਗ ਨਾਲ ਸਬੰਧਤ ਮਤੇ ’ਤੇ ਲਏ ਗਏ ਸਟੈਂਡ ’ਤੇ ਹੈਰਾਨੀ ਜਤਾਈ ਹੈ। ਸੀਪੀਐੱਮ ਨੇ ਐਲਾਨ ਕੀਤਾ ਹੈ ਕਿ ਐਤਵਾਰ ਨੂੰ ਦਿੱਲੀ ਸਥਿਤ ਆਪਣੇ ਦਫ਼ਤਰ ’ਤੇ ਫਲਸਤੀਨ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਿਯੰਕਾ ਨੇ ਕਿਹਾ ਕਿ ਉਹ ਹੈਰਾਨ ਅਤੇ ਸ਼ਰਮਿੰਦਾ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ ਗਾਜ਼ਾ ’ਚ ਜੰਗਬੰਦੀ ਦਾ ਸੱਦਾ ਦੇਣ ਵਾਲੇ ਮਤੇ ’ਤੇ ਵੋਟਿੰਗ ਤੋਂ ਭਾਰਤ ਦੂਰ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਾਨਵਤਾ ਦੇ ਹਰ ਕਾਨੂੰਨ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ ਤਾਂ ਅਜਿਹਾ ਸਟੈਂਡ ਨਹੀਂ ਲੈਣਾ ਚਾਹੀਦਾ ਅਤੇ ਖਾਮੋਸ਼ ਰਹਿ ਕੇ ਤਮਾਸ਼ਾ ਦੇਖਣਾ ਗਲਤ ਹੈ। ਪ੍ਰਿਯੰਕਾ ਨੇ ‘ਐਕਸ’ ’ਤੇ ਆਪਣੀ ਪੋਸਟ ’ਚ ਮਹਾਤਮਾ ਗਾਂਧੀ ਦੇ ਉਸ ਕਥਨ ਦਾ ਜ਼ਿਕਰ ਕੀਤਾ ਕਿ ‘ਅੱਖ ਦੇ ਬਦਲੇ ਅੱਖ ਵਾਲੀ ਧਾਰਨਾ ਪੂਰੀ ਦੁਨੀਆ ਨੂੰ ਅੰਨ੍ਹਾ ਬਣਾ ਦਿੰਦੀ ਹੈ।’’ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਸਥਾਪਨਾ ਅਹਿੰਸਾ ਅਤੇ ਸਚਾਈ ਦੇ ਸਿਧਾਂਤਾਂ ’ਤੇ ਹੋਈ ਸੀ ਅਤੇ ਇਨ੍ਹਾਂ ਸਿਧਾਤਾਂ ਲਈ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਸ਼ਹਾਦਤਾਂ ਦਿੱਤੀਆਂ ਸਨ। ਇਹ ਸਿਧਾਂਤ ਭਾਰਤ ਦੇ ਉਸ ਨੈਤਿਕ ਹੌਸਲੇ ਦੀ ਨੁਮਾਇੰਦਗੀ ਕਰਦੇ ਹਨ ਜਿਸ ਨੇ ਕੌਮਾਂਤਰੀ ਭਾਈਚਾਰੇ ਦੇ ਮੈਂਬਰ ਵਜੋਂ ਉਸ ਦੇ ਕਦਮਾਂ ਦਾ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ,‘‘ਜਦੋਂ ਮਾਨਵਤਾ ਦੇ ਹਰ ਕਾਨੂੰਨ ਨੂੰ ਤਬਾਹ ਕਰ ਦਿੱਤਾ ਗਿਆ ਹੈ, ਲੱਖਾਂ ਲੋਕਾਂ ਲਈ ਭੋਜਨ, ਪਾਣੀ, ਦਵਾਈਆਂ ਦੀ ਸਪਲਾਈ, ਸੰਚਾਰ ਅਤੇ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਫਲਸਤੀਨ ’ਚ ਹਜ਼ਾਰਾਂ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤਾਂ ਸਟੈਂਡ ਲੈਣ ਤੋਂ ਇਨਕਾਰ ਕਰਨਾ ਅਤੇ ਖਾਮੋਸ਼ ਦੇਖਣਾ ਗਲਤ ਹੈ।’’ ਪ੍ਰਿਯੰਕਾ ਗਾਂਧੀ ਦੇ ਜਵਾਬ ’ਤੇ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਜਿਹੜੇ ਹੈਰਾਨ ਅਤੇ ਸ਼ਰਮਿੰਦਾ ਹਨ, ਉਹ ਇਹ ਸਮਝ ਲੈਣ ਕਿ ਭਾਰਤ ਅਤਿਵਾਦ ਨਾਲ ਕਦੇ ਵੀ ਖੜ੍ਹਾ ਨਹੀਂ ਹੋਵੇਗਾ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਫਲਸਤੀਨ ਮੁੱਦੇ ’ਤੇ ਮੋਦੀ ਸਰਕਾਰ ਦੀ ਨੀਤੀ ਦੁਚਿੱਤੀ ਵਾਲੀ ਹੈ। ਪਵਾਰ ਨੇ ਕਿਹਾ ਕਿ ਗਾਜ਼ਾ ’ਚ ਜਿਸ ਢੰਗ ਨਾਲ ਹਮਲੇ ਕੀਤੇ ਗਏ ਹਨ, ਉਸ ਦੀ ਭਾਰਤ ਨੇ ਕਦੇ ਵੀ ਹਮਾਇਤ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਇਜ਼ਰਾਈਲ ਦੀ ਹਮਾਇਤ ਵਾਲਾ ਬਿਆਨ ਦਿੱਤਾ ਪਰ ਫਿਰ ਜਦੋਂ ਦੁਨੀਆ ਭਰ ਤੋਂ ਪ੍ਰਤੀਕਰਮ ਆਉਣੇ ਸ਼ੁਰੂ ਹੋਏ ਤਾਂ ਵਿਦੇਸ਼ ਮੰਤਰਾਲੇ ਨੇ ਫਲਸਤੀਨ ਦੇ ਹੱਕ ’ਚ ਬਿਆਨ ਦਿੱਤੇ। ਸੀਪੀਐੱਮ ਅਤੇ ਸੀਪੀਆਈ ਨੇ ਸੰਯੁਕਤ ਰਾਸ਼ਟਰ ’ਚ ਇਜ਼ਰਾਈਲ-ਹਮਾਸ ਜੰਗ ਸਬੰਧੀ ਮਤੇ ਦੀ ਵੋਟਿੰਗ ਤੋਂ ਲਾਂਭੇ ਰਹਿਣ ਬਾਰੇ ਸਾਂਝੇ ਬਿਆਨ ’ਚ ਕਿਹਾ ਕਿ ਇਸ ਨਾਲ ਭਾਰਤੀ ਵਿਦੇਸ਼ ਨੀਤੀ ਦਾ ਪਤਾ ਲਗਦਾ ਹੈ ਕਿ ਉਹ ਅਮਰੀਕੀ ਸਾਮਰਾਜਵਾਦ ਦੇ ਪਿੱਛੇ ਲੱਗ ਗਈ ਹੈ। ਸੀਪੀਐੱਮ ਦੇ ਜਨਰਲ ਸਕੱਤਰ ਅਤੇ ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਗਾਜ਼ਾ ’ਚ ਨਰਸੰਘਾਰ ਨੂੰ ਰੋਕਿਆ ਜਾਵੇ ਅਤੇ ਭਾਰਤ ਦੇ ਇਸ ਫ਼ੈਸਲੇ ਨਾਲ ਉਸ ਵੱਲੋਂ ਲੰਮੇ ਸਮੇਂ ਤੋਂ ਫਲਸਤੀਨੀਆਂ ਨੂੰ ਦਿੱਤੀ ਜਾ ਰਹੀ ਹਮਾਇਤ ਮਨਫ਼ੀ ਹੋ ਗਈ ਹੈ। -ਪੀਟੀਆਈ

ਇਜ਼ਰਾਈਲ ਵੱਲੋਂ ਜ਼ਮੀਨੀ ਹਮਲੇ ਤੇਜ਼, ਇੰਟਰਨੈੱਟ ਤੇ ਸੰਚਾਰ ਸੇਵਾਵਾਂ ਠੱਪ

ਇਜ਼ਰਾਈਲ ਦੇ ਤਲ ਅਵੀਵ ਵਿੱਚ ਹਮਾਸ ਵੱਲੋਂ ਅਗਵਾ ਕੀਤੇ ਗਏ ਵਿਅਕਤੀਆਂ ਦੀਆਂ ਤਸਵੀਰਾਂ ਫੜ ਕੇ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰ। -ਫੋਟੋ: ਰਾਇਟਰਜ਼

ਦੀਰ ਅਲ-ਬਲਾਹ, 28 ਅਕਤੂਬਰ
ਇਜ਼ਰਾਈਲ ਨੇ ਹਵਾਈ ਅਤੇ ਜ਼ਮੀਨੀ ਹਮਲੇ ਤੇਜ਼ ਕਰਦਿਆਂ ਗਾਜ਼ਾ ਪੱਟੀ ’ਚ ਇੰਟਰਨੈੱਟ ਅਤੇ ਸੰਚਾਰ ਦੇ ਹੋਰ ਸਾਧਨ ਠੱਪ ਕਰ ਦਿੱਤੇ ਹਨ। ਇਸ ਨਾਲ ਉਥੇ ਰਹਿਣ ਵਾਲੇ 23 ਲੱਖ ਲੋਕਾਂ ਦਾ ਆਪਸ ’ਚ ਅਤੇ ਬਾਹਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਹ ਖ਼ਿੱਤੇ ’ਚ ਜ਼ਮੀਨੀ ਅਪਰੇਸ਼ਨ ਦਾ ਘੇਰਾ ਵਧਾ ਰਹੀ ਹੈ। ਫ਼ੌਜ ਦੇ ਇਸ ਐਲਾਨ ਤੋਂ ਸੰਕੇਤ ਮਿਲਦਾ ਹੈ ਕਿ ਉਹ ਗਾਜ਼ਾ ’ਤੇ ਮੁਕੰਮਲ ਤੌਰ ’ਤੇ ਹਮਲੇ ਦੇ ਨੇੜੇ ਪਹੁੰਚ ਰਹੀ ਹੈ। ਇਜ਼ਰਾਈਲ ਦੇ ਹਵਾਈ ਹਮਲਿਆਂ ਕਾਰਨ ਹੋਏ ਧਮਾਕਿਆਂ ਨਾਲ ਗਾਜ਼ਾ ਸਿਟੀ ਦੇ ਆਸਮਾਨ ’ਚ ਲਗਾਤਾਰ ਰੌਸ਼ਨੀ ਦਿਖਾਈ ਦਿੰਦੀ ਰਹੀ। ਫ਼ੌਜ ਨੇ ਕਿਹਾ ਕਿ ਉਨ੍ਹਾਂ ਦੇ ਜੈੱਟਾਂ ਨੇ ਉੱਤਰੀ ਗਾਜ਼ਾ ’ਚ 150 ਸੁਰੰਗਾਂ ਅਤੇ ਅੰਡਰਗਰਾਊਂਡ ਬੰਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਫਲਸਤੀਨ ਦੇ ਟੈਲੀਕਾਮ ਪ੍ਰੋਵਾਈਡਰ ‘ਪਾਲਟੇਲ’ ਨੇ ਕਿਹਾ ਕਿ ਬੰਬਾਰੀ ਕਾਰਨ ਇੰਟਰਨੈੱਟ, ਸੈਲੂਲਰ ਅਤੇ ਲੈਂਡਲਾਈਨ ਸੇਵਾਵਾਂ ਮੁਕੰਮਲ ਤੌਰ ’ਤੇ ਠੱਪ ਹੋ ਗਈਆਂ ਹਨ। ਸੰਚਾਰ ਸੇਵਾ ਠੱਪਾ ਹੋਣ ਦਾ ਮਤਲਬ ਹੈ ਕਿ ਹਮਲੇ ’ਚ ਮਾਰੇ ਜਾਣ ਵਾਲੇ ਲੋਕਾਂ ਅਤੇ ਜ਼ਮੀਨੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੇਗੀ। ਉਂਜ ਖ਼ਿੱਤੇ ’ਚ ਕੁਝ ਸੈਟੇਲਾਈਟ ਫੋਨ ਕੰਮ ਕਰ ਰਹੇ ਹਨ। ਗਾਜ਼ਾ ’ਚ ਇਕ ਹਫ਼ਤੇ ਤੋਂ ਬਿਜਲੀ ਨਾ ਹੋਣ ਕਾਰਨ ਹਨੇਰਾ ਹੋਇਆ ਪਿਆ ਹੈ। ਗਾਜ਼ਾ ਦੇ ਲੋਕ ਉਸ ਸਮੇਂ ਖ਼ੌਫ਼ਜ਼ਦਾ ਹੋ ਗਏ ਜਦੋਂ ਮੈਸੇਜਿੰਗ ਐਪ ਅਚਾਨਕ ਬੰਦ ਹੋਣ ਕਾਰਨ ਪਰਿਵਾਰਾਂ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਅਤੇ ਫੋਨ ਆਉਣੇ ਬੰਦ ਹੋ ਗਏ। ਕਬਜ਼ੇ ਵਾਲੇ ਖੇਤਰਾਂ ਲਈ ਸੰਯੁਕਤ ਰਾਸ਼ਟਰ ਦੇ ਮਾਨਵੀ ਤਾਲਮੇਲ ਅਧਿਕਾਰੀ ਲਨਿ ਹੇਸਟਿੰਗਜ਼ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਫੋਨ ਅਤੇ ਇੰਟਰਨੈੱਟ ਸੇਵਾਵਾਂ ਬਿਨਾ ਹਸਪਤਾਲ ਅਤੇ ਸਹਾਇਤਾ ਮੁਹਿੰਮ ਨਹੀਂ ਚਲਾਈ ਜਾ ਸਕੇਗੀ। ਰੈੱਡ ਕ੍ਰਿਸੇਂਟ ਨੇ ਕਿਹਾ ਕਿ ਉਹ ਮੈਡੀਕਲ ਟੀਮਾਂ ਨਾਲ ਸੰਪਰਕ ਅਤੇ ਲੋਕ ਐਂਬੂਲੈਂਸ ਸੇਵਾ ਲਈ ਫੋਨ ਨਹੀਂ ਕਰ ਪਾ ਰਹੇ ਹਨ। ਪੱਤਰਕਾਰਾਂ ਦੀ ਸੁਰੱਖਿਆ ਨਾਲ ਸਬੰਧਤ ਕਮੇਟੀ ਨੇ ਕਿਹਾ ਕਿ ਦੁਨੀਆ ਜੰਗ ਦੀ ਹਕੀਕਤ ਦਿਖਾਉਣ ਵਾਲੇ ਸਾਧਨਾਂ ਤੋਂ ਖੁੰਝ ਰਹੀ ਹੈ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹੰਗਾਰੀ ਨੇ ਕਿਹਾ ਕਿ ਗਾਜ਼ਾ ’ਚ ਫ਼ੌਜ ਨੇ ਸ਼ੁੱਕਰਵਾਰ ਸ਼ਾਮ ਤੋਂ ਆਪਣੀਆਂ ਜ਼ਮੀਨੀ ਗਤੀਵਿਧੀਆਂ ਵਧਾ ਦਿੱਤੀਆਂ ਹਨ। ਹਮਾਸ ਦੇ ਮੀਡੀਆ ਸੈਂਟਰ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਜ਼ਰਾਇਲੀ ਬਲਾਂ ਨਾਲ ਰਾਤ ਭਰ ਸੰਘਰਸ਼ ਜਾਰੀ ਰਿਹਾ ਜਿਸ ’ਚ ਸਰਹੱਦ ’ਤੇ ਤਾਰਬੰਦੀ ਨੇੜੇ ਕਈ ਥਾਵਾਂ ’ਤੇ ਟੈਂਕਾਂ ਨਾਲ ਹਮਲੇ ਸ਼ਾਮਲ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਸ਼ੁੱਕਰਵਾਰ ਨੂੰ 377 ਹੋਰ ਮੌਤਾਂ ਹੋਈਆਂ ਹਨ ਜਿਸ ਨਾਲ ਹੁਣ ਤੱਕ 7700 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ ਤਲ ਅਵੀਵ ’ਚ ਬੰਧਕਾਂ ਦੇ ਸੈਂਕੜੇ ਰਿਸ਼ਤੇਦਾਰ ਇਕੱਠੇ ਹੋਏ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਤੇ ਰੱਖਿਆ ਮੰਤਰੀ ਯੋਏਵ ਗੈਲੈਂਟ ਨਾਲ ਮੁਲਾਕਾਤ ਦੀ ਮੰਗ ਕੀਤੀ। ਕੁਝ ਲੋਕਾਂ ਨੇ ਕਿਹਾ ਕਿ ਹਮਾਸ ਖ਼ਿਲਾਫ਼ ਵੱਡੀ ਕਾਰਵਾਈ ਤੋਂ ਪਹਿਲਾਂ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਲਈ ਇਜ਼ਰਾਈਲ ਨੂੰ ਜ਼ੋਰ ਲਾਉਣਾ ਚਾਹੀਦਾ ਹੈ। ਬਾਅਦ ’ਚ ਗੈਲੈਂਟ ਨੇ ਕਿਹਾ ਕਿ ਉਹ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਐਤਵਾਰ ਨੂੰ ਮੁਲਾਕਾਤ ਕਰਨਗੇ। ਇਸ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਨੇ ਕਾਹਿਰਾ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਾਰਤਾ ਰਾਹੀਂ ਸੰਘਰਸ਼ ਬੰਦ ਕਰਾਉਣ ਅਤੇ ਬੰਦੀਆਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। -ਏਪੀ

Advertisement
Author Image

sukhwinder singh

View all posts

Advertisement
Advertisement
×