ਆਜ਼ਾਦ ਉਮੀਦਵਾਰ ਕਮਲਜੀਤ ਬਰਾੜ ਨੇ ਚੋਣ ਮੁਹਿੰਮ ਵਿੱਢੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਮਈ
ਹਲਕਾ ਜਗਰਾਉਂ ਦੀ ਵਿਧਾਨ ਸਭਾ ’ਚ ਨੁਮਾਇੰਦਗੀ ਕਰ ਚੁੱਕੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਯੂਥ ਆਗੂ ਕਮਲਜੀਤ ਸਿੰਘ ਬਰਾੜ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਮੁਹਿੰਮ ਵਿੱਢ ਦਿੱਤੀ ਹੈ। ਲੰਬੇ ਵਕਫੇ ਮਗਰੋਂ ਉਨ੍ਹਾਂ ਦੀ ਜਗਰਾਉਂ ਦੇ ਕੱਚਾ ਮਲਕ ਰੋਡ ਸਥਿਤ ਰਿਹਾਇਸ਼ ’ਤੇ ਅੱਜ ਮੁੜ ਰੌਣਕਾਂ ਦੇਖਣ ਨੂੰ ਮਿਲੀਆਂ। ਬਰਾੜ ਪਰਿਵਾਰ ਨਾਲ ਜੁੜੇ ਰਹੇ ਕਾਂਗਰਸੀ ਆਗੂ ਤੇ ਵਰਕਰਾਂ ਤੋਂ ਇਲਾਵਾ ਕਈ ਹੋਰ ਵੀ ਅੱਜ ਦੀ ਮੀਟਿੰਗ ’ਚ ਹਾਜ਼ਰ ਹੋਏ। ਇਨ੍ਹਾਂ ’ਚ ਸਾਬਕਾ ਸਰਪੰਚ ਵੀ ਸ਼ਾਮਲ ਸਨ। ਇਸ ਮੌਕੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਅਤੇ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਣਗੇ। ਜ਼ਿਕਰਯੋਗ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਉਨ੍ਹਾਂ ਨੂੰ ਕਾਂਗਰਸ ’ਚੋਂ ਬਾਹਰ ਦਾ ਰਸਤਾ ਦਿਖਾਇਆ ਹੋਇਆ ਹੈ। ਇਸੇ ਕਰਕੇ ਉਨ੍ਹਾਂ ਦੀ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਹੁਣ ਖੜਕਦੀ ਹੈ ਜਦਕਿ ਕਿਸੇ ਸਮੇਂ ਇਹ ਦੋਵੇਂ ਇਕ ਦੂਜੇ ਦੇ ਨੇੜੇ ਮੰਨੇ ਜਾਂਦੇ ਸਨ। ਇਸ ਮੌਕੇ ਕੁਲਦੀਪ ਸਿੰਘ ਡਾਂਗੀਆਂ, ਹਰਮੇਲ ਸਿੰਘ ਮੱਲ੍ਹਾ, ਗੁਰਜੀਤ ਸਿੰਘ ਗੀਟਾ ਰਸੂਲਪੁਰ, ਮਨਜੀਤ ਸਿੰਘ ਸੰਘੇੜਾ, ਹਮਨ ਕੁਮਾਰ, ਕੁਲਵੰਤ ਸਹੋਤਾ, ਰਿੰਪੀ ਲੱਧੜ, ਜਗਦੀਸ਼ ਸਿੰਘ ਗਾਲਿਬ, ਕੇਵਲ ਸਿੰਘ ਦੇਹੜਕਾ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਹਰਮੰਦਰ ਸਿੰਘ, ਸੁਖਦੇਵ ਸਿੰਘ ਗਿੱਦੜਵਿੰਡੀ, ਅਮਰਜੀਤ ਕਮਾਲਪੁਰਾ, ਅਵਤਾਰ ਸਿੰਘ ਮਲਕ ਤੇ ਹਰਜਿੰਦਰ ਸਿੰਘ ਬੁੱਟਰ ਆਦਿ ਹਾਜ਼ਰ ਸਨ।