ਵਿਦਿਅਕ ਅਦਾਰਿਆਂ ’ਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ
ਸਤਵਿੰਦਰ ਬਸਰਾ
ਲੁਧਿਆਣਾ, 16 ਅਗਸਤ
ਸ਼ਹਿਰ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ 78ਵਾਂ ਆਜ਼ਾਦੀ ਦਿਹਾੜੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਦੇਸ਼ ਭਗਤਾਂ ਅਤੇ ਸੂਰਬੀਰਾਂ ਨੂੰ ਯਾਦ ਕੀਤਾ। ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਪ੍ਰਿੰ. ਪ੍ਰੋ. ਦੀਪਕ ਚੋਪੜਾ ਦੀ ਅਗਵਾਈ ਹੇਠ ਤਿਰੰਗਾ ਝੰਡਾ ਲਹਿਰਾਇਆ ਗਿਆ। ਐੱਨਐੱਸਐੱਸ ਵਾਲੰਟੀਅਰਾਂ ਨੇ ਦੇਸ਼ ਭਗਤੀ ਨਾਲ ਸਬੰਧਤ ਗੀਤ ਅਤੇ ਕਵਿਤਾਵਾਂ ਗਾ ਕੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ। ਸਰਕਾਰੀ ਕਾਲਜ ਲੜਕੀਆਂ ਵਿੱਚ ਪ੍ਰਿੰ. ਸੁਮਨ ਲਤਾ ਅਤੇ ਸੀਨੀਅਰ ਸਟਾਫ ਕੌਂਸਲ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਮਹਾਨ ਆਦਰਸ਼ਾਂ, ਕਦਰਾਂ-ਕੀਮਤਾਂ ਅਤੇ ਕੁਰਬਾਨੀਆਂ ਬਾਰੇ ਚਾਨਣਾ ਪਾਇਆ ਗਿਆ। ਇਸੇ ਤਰ੍ਹਾਂ ਜੀਐਨਕੇਸੀਡਬਲਿਯੂ ਵਿੱਚ ਪ੍ਰਿੰ. ਡਾ. ਮਨੀਤਾ ਕਾਹਲੋਂ ਦੀ ਅਗਵਾਈ ਹੇਠ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ ਆਜ਼ਾਦੀ ਦਿਹਾੜਾ ਮਨਾਇਆ। ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿੱਚ ਪ੍ਰਿੰ. ਡਾ. ਮੁਹੰਮਦ ਸਲੀਮ ਦੀ ਅਗਵਾਈ ਵਿੱਚ ਅਜ਼ਾਦੀ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ।
ਸਮਰਾਲਾ (ਡੀਪੀਐੱਸ ਬੱਤਰਾ): ਸੈਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚਪ੍ਰਧਾਨ ਨਗਰ ਕੌਂਸਲ ਕਰਨਵੀਰ ਸਿੰਘ ਢਿੱਲੋਂ, ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੀ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕਰਨਵੀਰ ਸਿੰਘ ਢਿੱਲੋ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਬੱਚਿਆਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਸੰਬੋਧਨ ਕੀਤਾ। ਪ੍ਰੋਗਰਾਮ ਵਿਚ ਨਰਸਰੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਭਰਪੂਰ ਗੀਤਾਂ ਉਤੇ ਡਾਂਸ, ਨਾਟਕ ਆਦਿ ਖੇਡ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਗਏ।