ਆਜ਼ਾਦੀ ਦਿਵਸ: ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 4 ਅਗਸਤ
ਫਰੀਡਮ ਫਾਈਟਰ ਉਤਰਾਧਿਕਰੀ ਜਥੇਬੰਦੀ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮ ਮੌਕੇ ਆਜ਼ਾਦੀ ਘੁਲਾਈਆਂ ਦੀਆਂ ਜ਼ਿੰਦਾ ਤਿੰਨ ਪਤਨੀਆਂ ਦੇ ਨਾਲ ਸਮੂਹ ਦੇਸ਼ ਭਗਤਾਂ ਦੇ ਵਾਰਸਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਣ ਤੇ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਇਥੇ ਡੀਸੀ ਦਫਤਰ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਕੀਤੀ ਗਈ। ਸ੍ਰੀ ਨਿਰਮਲ ਸਿੰਘ ਨੇ ਦੱਸਿਆ ਕਿ ਅੱਜਕਲ ਆਜ਼ਾਦੀ ਦੇ ਜਸ਼ਨ ਮਹਿਜ ਰਸਮ ਬਣ ਕੇ ਰਹਿ ਗਏ ਹਨ ਜਦਕਿ ਸਾਡੇ ਬਜ਼ੁਰਗਾਂ ਨੇ ਆਪਣੀਆਂ ਜਾਨਾਂ ਦੇ ਕੇ ਇਹ ਆਜ਼ਾਦੀ ਲਈ ਹੈ। ਇਸ ਲਈ ਆਜ਼ਾਦੀ ਸਮਾਗਮਾਂ ਦੇ ਵਿੱਚ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲ ਵਿਸ਼ੇਸ਼ ਤਵੱਜੋਂ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ’ਚ ਤਿੰਨ ਆਜ਼ਾਦੀ ਘੁਲਾਟਿਆਂ ਦੀਆਂ ਪਤਨੀਆਂ ਜ਼ਿੰਦਾ ਹਨ ਜੋ ਬਹੁਤ ਬਿਰਧ ਅਵਸਥਾ ’ਚ ਹਨ। ਇਸ ਲਈ ਉਨ੍ਹਾਂ ਦੇ ਘਰਾਂ ’ਚੋਂ ਲਿਆਉਣ ਦਾ ਪ੍ਰਬੰਧ ਵੀ ਪ੍ਰਸ਼ਾਸਨ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਰੋਸ ਜਾਹਿਰ ਕੀਤਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਦੇ ਨਾਮ ਬਦਲਕੇ ਫਰੀਡਮ ਫਾਇਟਰਾ ਦੇ ਨਾਮ ’ਤੇ ਰੱਖਣ ਵੱਲ ਵੀ ਪ੍ਰਸ਼ਾਸਨ ਵੱਲੋਂ ਕੋਈ ਰਾਹ ਨਹੀਂ ਦਿੱਤਾ ਜਾ ਰਿਹਾ।