ਸਰਕਾਰ ’ਤੇ ਪੂੰਜੀਪਤੀਆਂ ਦਾ ਕੰਟਰੋਲ ਵਧਿਆ: ਰਾਕੇਸ਼ ਟਿਕੈਤ
ਨਵੀਂ ਦਿੱਲੀ, 17 ਅਪਰੈਲ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਭਾਜਪਾ ਦੇ ਲੋਕ ਸਭਾ ਚੋਣਾਂ 2024 ਦੇ ਮੈਨੀਫੈਸਟੋ ’ਤੇ ਭਰੋਸਾ ਨਹੀਂ ਹੈ ਅਤੇ ਕੇਂਦਰ ਵਿੱਚ ਭਗਵਾਂ ਪਾਰਟੀ ਦੀ ਸਰਕਾਰ ਸਰਮਾਏਦਾਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ। ਟਿਕੈਤ ਨੇ ਕਿਹਾ ਕਿ ਭਾਰਤ ਨੂੰ ਸਸਤੀ ਮਜ਼ਦੂਰੀ ਦੇ ਸਰੋਤ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਸਰਕਾਰ ਉੱਤੇ ਕਾਰਪੋਰੇਟ ਘਰਾਣਿਆਂ ਦਾ ਕੰਟਰੋਲ ਵਧ ਗਿਆ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਮਸਲਿਆਂ ਨਾਲ ਸਿੱਝਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਮਜ਼ਬੂਤ ਹੋਣ ਦੀ ਅਪੀਲ ਕੀਤੀ। ਭਾਜਪਾ ਦੇ ਮੈਨੀਫੈਸਟੋ ਬਾਰੇ ਪੁੱਛੇ ਜਾਣ ’ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਟਿਕੈਤ ਨੇ ਕਿਹਾ, ‘‘ਇਹ ਪੂੰਜੀਪਤੀਆਂ ਦਾ ਗਰੋਹ ਹੈ, ਜਿਸ ਨੇ ਸਿਆਸੀ ਪਾਰਟੀ ’ਤੇ ਕਬਜ਼ਾ ਕਰ ਲਿਆ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਮੈਨੀਫੈਸਟੋ ’ਤੇ ਭਰੋਸਾ ਨਹੀਂ ਹੈ। 2014 ਵਿੱਚ ਵੀ ਮੈਨੀਫੈਸਟੋ ਵਿੱਚ ਕਿਹਾ ਗਿਆ ਸੀ ਕਿ ਉਹ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਗੇ। ਹੁਣ 10 ਸਾਲ ਹੋ ਗਏ ਹਨ ਅਤੇ ਸਿਫ਼ਾਰਸ਼ਾਂ ਲਾਗੂ ਨਹੀਂ ਕੀਤੀਆਂ ਗਈਆਂ।’’ ਟਿਕੈਤ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਉਹ ‘ਏ2 ਐੱਫਐੱਲ’ ਫਾਰਮੂਲੇ ਦੀ ਵਰਤੋਂ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਿਫ਼ਾਰਸ਼ਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ।’’ ਸਾਲ 2020-21 ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਭਾਜਪਾ ਦੇ ਮੈਨੀਫੈਸਟੋ ਵਿੱਚ ਸਵਾਮੀਨਾਥਨ ਕਮਿਸ਼ਨ ਵੱਲੋਂ ਸੁਝਾਏ ਗਏ ਫਾਰਮੂਲੇ ’ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਇਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਖ਼ਿਲਾਫ਼ ‘ਖੁੱਲ੍ਹੀ ਚੁਣੌਤੀ’ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ (ਨਰਿੰਦਰ ਮੋਦੀ) 2047 ਦੀ ਗੱਲ ਕਰਦੇ ਹਨ, ਜੇਕਰ ਉਹ (ਭਾਜਪਾ) ਆਪਣੇ ਉਦੇਸ਼ ਵਿੱਚ ਕਾਮਯਾਬ ਹੋ ਗਏ ਤਾਂ ਦੇਸ਼ ਦਾ 70 ਫੀਸਦੀ ਹਿੱਸਾ ਪੂੰਜੀਪਤੀਆਂ ਦਾ ਹੋ ਜਾਵੇਗਾ। ਜ਼ਮੀਨ ਉਨ੍ਹਾਂ ਦਾ ਅਗਲਾ ਨਿਸ਼ਾਨਾ ਹੈ।’’ -ਪੀਟੀਆਈ