ਅਜ਼ੀਜ਼ਪੁਰ ਟੌਲ ਪਲਾਜ਼ਾ ਦੀਆਂ ਦਰਾਂ ’ਚ ਵਾਧਾ
ਕਰਮਜੀਤ ਸਿੰਘ ਚਿੱਲਾ
ਬਨੂੜ, 29 ਮਾਰਚ
ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਤੇ ਪੈਂਦੇ ਪਿੰਡ ਅਜ਼ੀਜ਼ਪੁਰ ਵਿੱਚ ਲੱਗੇ ਟੌਲ ਪਲਾਜ਼ੇ ਉੱਤੋਂ ਲੰਘਦੇ ਭਾਰੀ ਵਾਹਨ ਚਾਲਕਾਂ ਦੀਆਂ ਜੇਬਾਂ ਨੂੰ 31 ਮਾਰਚ ਦੀ ਅੱਧੀ ਰਾਤ ਤੋਂ ਵਧੀਆਂ ਦਰਾਂ ਦਾ ਝਟਕਾ ਲੱਗੇਗਾ। ਕਾਰ, ਜੀਪ ਅਤੇ ਮਿਨੀ ਬੱਸਾਂ ਦੀਆਂ ਟੌਲ ਦਰਾਂ ਪੁਰਾਣੀਆਂ ਹੀ ਰਹਿਣਗੀਆਂ ਤੇ ਉਨ੍ਹਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ। ਇਹ ਟੌਲ ਟਰੈਫ਼ਿਕ ਮੀਡੀਆ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਚਲਾਇਆ ਜਾ ਰਿਹਾ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਬੱਸਾਂ ਤੇ ਦੋ ਐਕਸਲ ਵਾਲੇ ਟਰੱਕ ਚਾਲਕਾਂ ਨੂੰ ਹੁਣ ਇੱਕ ਪਾਸੇ ਦੇ ਚੱਕਰ ਲਈ 145 ਦੀ ਥਾਂ 150 ਰੁਪਏ, ਦੋ ਪਾਸੇ ਦੇ ਚੱਕਰਾਂ ਲਈ 220 ਦੀ ਥਾਂ 225 ਰੁਪਏ ਦੇਣੇ ਪੈਣਗੇ। ਤਿੰਨ ਐਕਸਲਾਂ ਵਾਲੇ ਕਮਰਸ਼ੀਅਲ ਵਾਹਨਾਂ ਦੇ ਇੱਕ ਚੱਕਰ ਲਈ 160 ਦੀ ਥਾਂ ਹੁਣ 165 ਰੁਪਏ ਅਤੇ ਆਉਣ ਜਾਣ ਲਈ 240 ਦੀ ਥਾਂ 245 ਰੁਪਏ ਅਦਾ ਕਰਨੇ ਹੋਣਗੇ। ਚਾਰ ਤੋਂ ਛੇ ਐਕਸਲਾਂ ਵਾਲੇ ਵਾਹਨ ਚਾਲਕਾਂ ਨੂੰ ਇੱਕ ਪਾਸੇ ਦੇ ਚੱਕਰ ਲਈ 230 ਦੀ ਥਾਂ 235 ਅਤੇ ਆਉਣ ਜਾਣ ਲਈ 340 ਦੀ ਥਾਂ 350 ਰੁਪਏ ਦੇਣੇ ਹੋਣਗੇ।
ਸੱਤ ਜਾਂ ਵਧੇਰੇ ਐਕਸਲਾਂ ਵਾਲੇ ਵਾਹਨਾਂ ਵਾਲਿਆਂ ਨੂੰ ਇੱਕ ਪਾਸੇ ਲਈ 280 ਦੀ ਥਾਂ 285 ਰੁਪਏ ਅਤੇ ਆਉਣ ਜਾਣ ਲਈ 415 ਦੀ ਥਾਂ 425 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ। ਇਨ੍ਹਾਂ ਵਾਹਨ ਚਾਲਕਾਂ ਨੂੰ ਮਹੀਨਾਵਾਰੀ ਪਾਸ ਬਣਾਉਣ ਲਈ ਵੀ ਪਹਿਲਾਂ ਦੇ ਮੁਕਾਬਲੇ 125 ਤੋਂ ਲੈ ਕੇ 240 ਰੁਪਏ ਦਾ ਵਾਧੂ ਭੁਗਤਾਨ ਕਰਨਾ ਪਵੇਗਾ।
ਫਾਸਟੈਗ ਬਿਨਾਂ ਵਾਹਨਾਂ ਨੂੰ ਦੇਣਾ ਪਵੇਗਾ ਦੁੱਗਣਾ ਟੌਲ
ਬਿਨਾਂ ਫਸਟੈਗ ਤੋਂ ਲੰਘਣ ਵਾਲੇ ਵਾਹਨਾਂ ਨੂੰ ਪਹਿਲਾਂ ਵਾਂਗ ਟੌਲ ਦੀਆਂ ਦੁੱਗਣੀਆਂ ਦਰਾਂ ਦੀ ਅਦਾਇਗੀ ਕਰਨੀ ਹੋਵੇਗੀ। ਵੱਡੇ ਵਾਹਨਾਂ ਕੋਲੋਂ ਬਿਨਾਂ ਫਾਸਟੈਗ ਦੇ ਵਧੀਆਂ ਹੋਈਆਂ ਦਰਾਂ ਅਨੁਸਾਰ ਦੁੱਗਣੀ ਦਰ ਵਸੂਲੀ ਜਾਵੇਗੀ। ਟੌਲ ਦੇ ਮੈਨੇਜਰ ਮਨੋਜ ਰਾਣਾ ਨੇ ਭਾਰੀ ਵਾਹਨਾਂ ਦੇ ਟੌਲ ਦੀਆਂ ਦਰਾਂ ਵਧਾਏ ਜਾਣ ਦੀ ਪੁਸ਼ਟੀ ਕਰਦਿਆਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਤੇ ਫਾਸਟੈਗ ਲਗਾ ਕੇ ਸਫ਼ਰ ਕਰਨ।