ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਤੀ ਵਿਉਂਤਬੰਦੀ ਨਾਲ ਆਮਦਨ ’ਚ ਵਾਧਾ

07:47 AM Jun 29, 2024 IST

ਰਾਜ ਕੁਮਾਰ/ਜੀ.ਐੱਸ. ਰੋਮਾਣਾ/ ਹਰਮੀਤ ਸਿੰਘ ਕਿੰਗਰਾ*

Advertisement

ਖੇਤੀ ਵਿਉਂਤਬੰਦੀ, ਖੇਤੀ ਦੀਆਂ ਗਤੀਵਿਧੀਆਂ ਸਬੰਧੀ ਕਿਸਾਨ ਦੀ ਅਗਾਊਂ ਸੋਚ ਹੈ ਜਿਸ ਨਾਲ ਉਹ ਆਪਣੀ ਆਮਦਨ ਵਧਾਉਣ ਦੇ ਵਸੀਲਿਆਂ ਦੀ ਘੋਖ ਕਰ ਕੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾ ਸਕਦਾ ਹੈ। ਖੇਤੀ ਵਿਉਂਤਬੰਦੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਖੇਤੀ ਸਮੱਗਰੀ ਅਤੇ ਮਨੁੱਖੀ ਵਸੀਲਿਆਂ ਦੀ ਯੋਗ ਵਰਤੋਂ ਕਰ ਕੇ ਖੇਤੀ ਦੇ ਮੁਨਾਫ਼ੇ ਨੂੰ ਵਧਾਉਣਾ ਯਕੀਨੀ ਬਣਾਇਆ ਜਾ ਸਕੇ। ਖੇਤੀ ਵਿਉਂਤਬੰਦੀ ਕਰਨ ਲੱਗਿਆਂ ਘਰ ਦੀਆਂ ਲੋੜਾਂ ਜਿਵੇਂ ਸਬਜ਼ੀਆਂ, ਦਾਲਾਂ, ਤੇਲ, ਫ਼ਲ ਆਦਿ ਨੁੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਇਸ ਲਈ ਖੇਤੀ ਸਬੰਧੀ ਕੋਈ ਵੀ ਕੰਮਕਾਰ ਕਰਨ ਤੋਂ ਪਹਿਲਾਂ ਉਸ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰ ਕੇ ਅਤੇ ਉਸ ਨੂੰ ਵਧੀਆ ਤਰੀਕੇ ਨਾਲ ਨੇਪਰੇ ਚੜ੍ਹਾਉਣਾ ਹੀ ਵਿਉਂਤਬੰਦੀ ਅਖਾਉਂਦਾ ਹੈ। ਇਸ ਵਿੱਚ ਮੌਜੂਦਾ ਉੱਤਮ ਖੇਤੀ ਤਕਨੀਕਾਂ ਜਿਵੇਂ ਫ਼ਸਲਾਂ ਦੀ ਬਗੈਰ ਵਹਾਈ ਕਾਸ਼ਤ, ਘੱਟ ਪਾਣੀ ਦੀ ਮੰਗ ਵਾਲੀਆਂ ਫ਼ਸਲਾਂ ਦੀ ਕਾਸ਼ਤ, ਕੀੜਿਆਂ/ ਬਿਮਾਰੀਆਂ/ ਨਦੀਨਾਂ ਦੀ ਸਰਬਪੱਖੀ ਰੋਕਥਾਮ, ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਆਦਿ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

ਖੇਤੀ ਵਿਉਂਤਬੰਦੀ ਦੀ ਅਹਿਮੀਅਤ

• ਖੇਤੀ ਵਿੱਚ ਜ਼ਿਆਦਾ ਕੰਮ ਮੌਸਮ ’ਤੇ ਨਿਰਭਰ ਕਰਦੇ ਹਨ ਜੋ ਕਿਸੇ ਖ਼ਾਸ ਸਮੇਂ ’ਤੇ ਹੀ ਕਰਨੇ ਪੈਂਦੇ ਹਨ। ਇਸ ਲਈ ਵਿਉਂਤਬੰਦੀ ਬਹੁਤ ਅਹਿਮ ਹੋ ਜਾਂਦੀ ਹੈ।
• ਖੇਤੀ ਵਿਚ ਕਿਹੜੀ ਫ਼ਸਲ ਨਾਲ ਕਿਹੜਾ ਸਹਾਇਕ ਧੰਦਾ ਜ਼ਿਆਦਾ ਲਾਹੇਵੰਦ ਰਹੇਗਾ, ਇਹ ਗੱਲ ਸਹੀ ਖੇਤੀ ਵਿਉਂਤਬੰਦੀ ਤੋਂ ਹੀ ਪਤਾ ਲੱਗ ਸਕਦੀ ਹੈ।
• ਉਪਲੱਬਧ ਸਾਧਨਾਂ ਦੀ ਪੜਚੋਲ ਕਰ ਕੇ ਲੋੜੀਂਦੇ ਸਾਧਨਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ। ਕਈ ਵਾਰ ਬਿਜਾਈ ਸਮੇਂ ਕਈ ਲੋੜੀਂਦੇ ਸਾਧਨ ਮਿਲਣ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਬਿਜਾਈ ਲੇਟ ਹੋਣ ਨਾਲ਼ ਝਾੜ ਵੀ ਘਟ ਸਕਦਾ ਹੈ।
• ਕਰਜ਼ੇ ਦੀ ਜ਼ਰੂਰਤ ਬਾਰੇ ਪਹਿਲਾਂ ਹੀ ਪਤਾ ਲਗਾ ਕੇ ਸਭ ਤੋਂ ਘੱਟ ਵਿਆਜ ਵਾਲੇ ਅਦਾਰੇ ਕੋਲੋਂ ਵੇਲੇ ਸਿਰ ਕਰਜ਼ਾ ਲਿਆ ਜਾ ਸਕਦਾ ਹੈ।
• ਕਿਸਾਨ ਦੀ ਖੇਤੀ ਅਤੇ ਸਹਾਇਕ ਧੰਦਿਆਂ ਨਾਲ ਸਬੰਧਤ ਗਿਆਨ ਅਤੇ ਸੋਚਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਜਿਸ ਦੇ ਨਤੀਜੇ ਵਜੋਂ ਉਹ ਹਰ ਸਾਲ ਖੇਤੀ ਵਿੱਚ ਸੁਧਾਰ ਕਰ ਸਕਦਾ ਹੈ।

Advertisement

ਖੇਤੀ ਵਿਉਂਤਬੰਦੀ ਦੇ ਪਹਿਲੂ

• ਕਿਹੜੀ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਹੋਰ ਕਿਹੜੇ-ਕਿਹੜੇ ਖੇਤੀ ਸਹਾਇਕ ਧੰਦੇ ਸ਼ੁਰੂ ਕਰਨੇ ਹਨ।
• ਹਰੇਕ ਫ਼ਸਲ ਹੇਠ ਕਿੰਨਾ ਰਕਬਾ ਰੱਖਣਾ ਹੈ, ਕਿਹੜੀ-ਕਿਹੜੀ ਫ਼ਸਲ ਕਿਹੜੇ-ਕਿਹੜੇ ਖੇਤ ਵਿੱਚ ਬੀਜਣੀ ਹੈ/ ਸਬੰਧਿਤ ਧੰਦੇ ਦਾ ਆਕਾਰ ਕਿੰਨਾ ਰੱਖਣਾ ਹੈ।
• ਹਰ ਇੱਕ ਫ਼ਸਲ/ ਸਬੰਧਤ ਧੰਦੇ ਲਈ ਬੀਜ, ਖਾਦਾਂ, ਨਦੀਨਨਾਸ਼ਕ ਤੇ ਕੀਟਨਾਸ਼ਕ ਦਵਾਈਆਂ, ਕਿਰਤ ਅਤੇ ਹੋਰ ਸਾਮਾਨ ਆਦਿ ਦੀ ਕਿੰਨੀ ਜ਼ਰੂਰਤ ਹੈ।
• ਖੇਤੀ ਸਮੱਗਰੀ ਦਾ ਪ੍ਰਬੰਧ ਕਿੱਥੋਂ, ਕਿਵੇਂ ਅਤੇ ਕਦੋਂ ਕਰਨਾ ਹੈ।
• ਕੀ ਉਪਜ ਸਟੋਰ ਕਰਨੀ ਹੈ ਜਾਂ ਤੁਰੰਤ ਵੇਚਣੀ ਹੈ।
• ਉਪਜ ਨੂੰ ਵੇਚਣ ਦਾ ਠੀਕ ਸਮਾਂ, ਮੰਡੀ ਅਤੇ ਤਰੀਕਾ ਕੀ ਹੋਣਾ ਚਾਹੀਦਾ ਹੈ।
ਖੇਤੀ ਵਿਉਂਤਬੰਦੀ ਵਿਚ ਧਿਆਨ ਰੱਖਣ ਯੋਗ ਨੁਕਤੇ
• ਖੇਤੀ ਵਿਉਂਤਬੰਦੀ ਲਈ ਫ਼ਸਲਾਂ ਦੀਆਂ ਸਿਫ਼ਾਰਸ਼ਾਂ ਬਾਰੇ ਗਿਆਨ ਹੋਣਾ ਜ਼ਰੂਰੀ ਹੈ ਜੋ ਖੇਤੀ ਸਾਹਿਤ, ਖੇਤੀ ਮਾਹਿਰਾਂ ਨਾਲ ਸੰਪਰਕ, ਟੀਵੀ, ਰੇਡੀਓ, ਇੰਟਰਨੈੱਟ, ਕਿਸਾਨ ਸਿਖਲਾਈ ਕੈਂਪਾਂ ਆਦਿ ਨਾਲ ਵਧਾਇਆ ਜਾ ਸਕਦਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਪਾਣੀ ਦੀ ਗੁਣਵੱਤਾ ਬਾਰੇ ਵੀ ਗਿਆਨ ਹੋਣਾ ਜ਼ਰੂਰੀ ਹੈ। ਕੁੱਝ ਜ਼ਿਲ੍ਹਿਆਂ ਦਾ ਪਾਣੀ ਚੰਗਾ ਅਤੇ ਕੁੱਝ ਕੁ ਦਾ ਮਾੜਾ/ ਨਾ-ਵਰਤਣਯੋਗ ਹੈ। ਇਨ੍ਹਾਂ ਹਾਲਤਾਂ ਫ਼ਸਲ ਦੀ ਚੋਣ ਉਪਲੱਬਧ ਪਾਣੀ ਦੀ ਸ਼੍ਰੇਣੀ ’ਤੇ ਨਿਰਭਰ ਕਰਦੀ ਹੈ।
• ਫ਼ਸਲਾਂ ਤੋਂ ਨਿਰੋਲ ਆਮਦਨ ਦਾ ਅੰਦਾਜ਼ਾ ਲਗਾਉਣ ਲਈ ਉਨ੍ਹਾਂ ਦੇ ਔਸਤ ਝਾੜ ਅਤੇ ਉਤਪਾਦਕ ਖ਼ਰਚਿਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
• ਜ਼ਮੀਨ, ਕਿਰਤ, ਪਸ਼ੂ, ਮਸ਼ੀਨਰੀ, ਪੂੰਜੀ ਆਦਿ ਜਿਹੇ ਸੀਮਤ ਸਾਧਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਫ਼ਸਲਾਂ ਅਧੀਨ ਰਕਬਾ ਵਿਉਂਤਣਾ ਚਾਹੀਦਾ ਹੈ। ਉਧਾਰ ਜਾਂ ਕਿਰਾਏ ’ਤੇ ਲਏ ਜਾਣ ਵਾਲੇ ਸਾਧਨਾਂ ਨੂੰ ਵੀ ਵਿਚਾਰ ਅਧੀਨ ਰੱਖਣਾ ਚਾਹੀਦਾ ਹੈ।
• ਮੌਜੂਦਾ ਯੋਜਨਾਬੰਦੀ ਵਿੱਚ ਸੰਭਵ ਜੋਖ਼ਮ ਜੋ ਕੀਮਤਾਂ ਅਤੇ ਝਾੜ ਘਟਣ ਕਾਰਨ ਪੈਦਾ ਹੋ ਸਕਦੇ ਹਨ, ਨੂੰ ਮੁੱਖ ਰੱਖ ਕੇ ਕੁੱਝ ਸੰਭਾਵਿਤ ਯੋਜਨਾਵਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਫਿਰ ਉਹ ਵਿਉਂਤਬੰਦੀ ਜਿਸ ਤੋਂ ਵਧੇਰੇ ਖਾਲਸ ਆਮਦਨ ਪ੍ਰਾਪਤ ਹੋ ਸਕੇ, ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਪਰ ਮੌਸਮ ਦੀ ਖ਼ਰਾਬੀ ਕਾਰਨ ਜਾਂ ਕੀਮਤਾਂ ਦੇ ਵਾਧੇ-ਘਾਟੇ ਕਾਰਨ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਗੁੰਜ਼ਾਇਸ਼ ਜ਼ਰੂਰ ਰੱਖਣੀ ਚਾਹੀਦੀ ਹੈ।
• ਯੋਜਨਾਬੰਦੀ ਲਈ ਲੋੜੀਂਦੀ ਖਾਦ, ਬੀਜ, ਦਵਾਈਆਂ, ਧਨ, ਕਿਰਤ, ਮਸ਼ੀਨਰੀ ਆਦਿ ਅਤੇ ਇਨ੍ਹਾਂ ਨੂੰ ਕਦੋਂ, ਕਿਵੇਂ, ਕਿਥੋਂ ਪ੍ਰਾਪਤ ਕਰਨ ਬਾਰੇ ਪੂਰੀ ਵਿਉਂਤ ਬਣਾ ਲੈਣੀ ਚਾਹੀਦੀ ਹੈ।
• ਖੇਤੀ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਬਹੁਤ ਲਾਜ਼ਮੀ ਹੈ ਕਿਉਂਕਿ ਇਸ ਨਾਲ ਕਿਸਾਨ ਵੱਧ ਆਮਦਨ ਵਾਲੇ ਕੰਮਾਂ-ਕਾਰਾਂ ਨੂੰ ਤਰਜੀਹ ਦੇ ਕੇ ਅਤੇ ਘੱਟ ਆਮਦਨ ਵਾਲੇ ਕੰਮ ਘਟਾ ਕੇ ਮੁਨਾਫ਼ਾ ਵਧਾ ਸਕਦਾ ਹੈ।
• ਕੌਮੀ ਅਤੇ ਕੌਮਾਂਤਰੀ ਮੰਡੀਕਰਨ ਦੇ ਮਿਆਰ, ਆਯਾਤ, ਨਿਰਯਾਤ ਦੀਆਂ ਸੰਭਾਵਨਾਵਾਂ, ਆਦਿ ਨੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ ਹੈ।

ਬਾਗਬਾਨੀ ਸਬੰਧੀ ਵਿਉਂਤਬੰਦੀ

ਮਸ਼ੀਨੀਕਰਨ ਨਾਲ ਵਿਹਲੀ ਹੋ ਰਹੀ ਕਿਸਾਨੀ ਨੂੰ ਆਹਰੇ ਲਾਉਣ ਲਈ ਬਾਗ਼ਬਾਨੀ ਵਿੱਚ ਫ਼ਲ ਅਤੇ ਸਬਜ਼ੀਆਂ ਦੋਵੇਂ ਤਰ੍ਹਾਂ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਦੀਆਂ ਹਨ। ਜਿੱਥੇ ਸਬਜ਼ੀਆਂ ਇੱਕ ਘੱਟ ਸਮੇਂ ਦਾ ਅਤੇ ਜ਼ਿਆਦਾ ਜੋਖ਼ਮ ਵਾਲਾ ਕੰਮ ਹੈ, ਉੱਥੇ ਬਾਗ਼ ਇੱਕ ਲੰਬੇ ਸਮੇਂ ਦਾ ਘੱਟ ਜੋਖ਼ਮ ਵਾਲਾ ਅਤੇ ਲਾਹੇਵੰਦ ਧੰਦਾ ਵੀ ਹੈ। ਬਾਗ਼ਾਂ ਲਈ ਲੰਬੇ ਸਮੇਂ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਬਾਗ਼ਬਾਨੀ ਲਈ ਇਲਾਕੇ ਦਾ ਸਰਵੇਖਣ ਕਰਨਾ ਬੇਹੱਦ ਜ਼ਰੂਰੀ ਹੈ ਕਿ ਕਿੰਨਾ ਕੁ ਰਕਬਾ ਇਸ ਕਿੱਤੇ ਹੇਠ ਹੈ ਅਤੇ ਕਿਹੜੀਆਂ-ਕਿਹੜੀਆਂ ਮੰਡੀਆਂ ਵਿੱਚ ਇਸ ਦੀ ਖ਼ਪਤ ਹੋ ਸਕਦੀ ਹੈ। ਸਬਜ਼ੀਆਂ ਦੀ ਕਾਸ਼ਤ ਲਈ ਚੰਗੀ ਜ਼ਮੀਨ, ਚੰਗਾ ਪਾਣੀ, ਚੰਗਾ ਬੀਜ ਅਤੇ ਮਜ਼ਦੂਰਾਂ ਦੇ ਪ੍ਰਬੰਧ ਬੇਹੱਦ ਜ਼ਰੂਰੀ ਹਨ। ਬਾਗ਼ਾਂ ਲਈ 6 ਫੁੱਟ ਡੂੰਘਾਈ ਤੱਕ ਦੀ ਮਿੱਟੀ ਦੀ ਕਿਸਮ, ਪਾਣੀ ਦੀ ਗੁਣਵੱਤਾ, ਬਿਮਾਰੀ ਰਹਿਤ ਨਰੋਏ ਬੂਟੇ ਆਦਿ ਦਾ ਪ੍ਰਬੰਧ ਵਿਉਂਤਿਆ ਜਾਣਾ ਚਾਹੀਦਾ ਹੈ। ਫ਼ਲਾਂ/ ਸਬਜ਼ੀਆਂ ਦੀ ਕੀਮਤ ਵਧਾਉਣ ਲਈ ਪ੍ਰਾਸੈਸਿੰਗ ਸਬੰਧੀ ਜਾਣਕਾਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ। ਸਬਜ਼ੀਆਂ/ ਫਲਾਂ ਦੇ ਆਪ ਮੰਡੀਕਰਨ ਦੀਆਂ ਸੰਭਾਵਨਾਵਾਂ ਲਈ ਯੋਗ ਵਿਉਂਤਬੰਦੀ ਕੀਤੀ ਹੋਣੀ ਚਾਹੀਦੀ ਹੈ ਤਾਂ ਜੋ ਮੁਨਾਫ਼ਾ ਵਧਾਇਆ ਜਾ ਸਕੇ।
*ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ, ਪੀਏਯੂ।

Advertisement
Advertisement