For the best experience, open
https://m.punjabitribuneonline.com
on your mobile browser.
Advertisement

ਅਧੂਰਾ ਸੁਫਨਾ

06:16 AM Sep 03, 2024 IST
ਅਧੂਰਾ ਸੁਫਨਾ
Advertisement

ਡਾ. ਪ੍ਰਵੀਨ ਬੇਗਮ

Advertisement

ਮੈਂ ਸਕੂਲੋਂ ਘਰ ਆ ਕੇ ਹਾਲੇ ਸੁੱਤੀ ਹੀ ਸੀ ਕਿ ਮੇਰੇ ਫੋਨ ਦੀ ਘੰਟੀ ਵੱਜੀ। ਫੋਨ ਦੂਸਰੇ ਕਮਰੇ ਵਿੱਚ ਪਿਆ ਹੋਣ ਕਾਰਨ ਮੈਂ ਨਾ ਚੁੱਕਿਆ ਕਿਉਂ ਜੋ ਮੈਨੂੰ ਨੀਂਦ ਨੇ ਘੇਰਿਆ ਹੋਇਆ ਸੀ। ਫੋਨ ਮੇਰੀ ਧੀ ਨੇ ਚੁੱਕਿਆ ਤਾਂ ਅੱਗੋਂ ਆਵਾਜ਼ ਆਈ, ‘‘ਪੁੱਤ ਮੰਮੀ ਨਾਲ ਗੱਲ ਕਰਾ ਦੇ।’’ ‘‘ਉਹ ਤਾਂ ਜੀ ਸੁੱਤੇ ਪਏ ਨੇ’’ ਬੇਟੀ ਨੇ ਆਖਿਆ, ‘‘ਜਦੋਂ ਉੱਠ ਗਏ ਗੱਲ ਕਰਵਾ ਦੇਵਾਂਗੀ।’’ ਕਹਿ ਕੇ ਉਹਨੇ ਫੋਨ ਰੱਖ ਦਿੱਤਾ।
ਮੈਂ ਸ਼ਾਮ ਨੂੰ ਉੱਠੀ ਤਾਂ ਬੇਟੀ ਨੇ ਦੱਸਿਆ ਕਿ ਨਾਜ਼ ਮਾਸੀ ਦਾ ਫੋਨ ਆਇਆ ਸੀ। ਮੈਂ ਘੜੀ ਵੱਲ ਨਜ਼ਰ ਮਾਰੀ ਤਾਂ ਸਾਢੇ ਕੁ ਛੇ ਦਾ ਸਮਾਂ ਸੀ। ਮੈਂ ਸੋਚਿਆ ਰੋਜ਼ੇ ਚੱਲ ਰਹੇ ਨੇ, ਉਨ੍ਹਾਂ ਦਾ ਇਫ਼ਤਾਰੀ ਸਮਾਂ ਹੋਵੇਗਾ ਤੇ ਫਿਰ ਮਗਰਿਬ ਦੀ ਨਮਾਜ਼ ਦਾ ਵੀ। ਸੋਚ ਕੇ ਮੈਂ ਕੁਝ ਲਿਖਣ ਲਈ ਆਪਣੇ ਕਮਰੇ ਵਿੱਚ ਚਲੀ ਗਈ। ਕਮਰੇ ਵਿੱਚ ਖਿਲਾਰਾ ਪਿਆ ਸੀ। ਸ਼ਾਇਦ ਮੇਰੀ ਧੀ ਨੇ ਅਲਮਾਰੀ ਵਿੱਚੋਂ ਕੱਢ ਕੇ ਕੁਝ ਪੁਰਾਣੀਆਂ ਫੋਟੋਆਂ ਦੇਖੀਆਂ ਸਨ ਤਾਂ ਮੈਨੂੰ ਮੇਰੀ ਅਤੇ ਨਾਜ਼ ਦੀ ਇੱਕ ਪੁਰਾਣੀ ਈਦ ਮੌਕੇ ਦੀ ਫੋਟੋ ਦਿਸੀ। ਨਾਜ਼ ਮੇਰੇ ਪਿੰਡੋਂ ਹੀ ਗੁਆਂਢੀਆਂ ਦੀ ਕੁੜੀ ਸੀ। ਭਾਵੇਂ ਰਿਸ਼ਤਾ ਸਾਡਾ ਕੋਈ ਨਹੀਂ ਸੀ, ਅਸੀਂ ਸਹੇਲੀਆਂ ਸੀ ਪਰ ਭੈਣਾਂ ਨਾਲੋਂ ਵਧ ਕੇ। ਸਾਡਾ ਖਾਣ-ਪੀਣ, ਕੱਪੜਾ ਲੀੜਾ, ਰੀਝਾਂ, ਬਚਪਨ ਤੇ ਜਵਾਨੀ ਦੇ ਹਾਸੇ ਤੇ ਵਲਵਲੇ ਸਾਂਝੇ ਸਨ। ਬਾਰ੍ਹਵੀਂ ਜਮਾਤ ਤੋਂ ਬਾਅਦ ਮੈਂ ਕਾਲਜ ਤੇ ਫਿਰ ਉਚੇਰੀ ਸਿੱਖਿਆ ਲਈ ਪਟਿਆਲੇ ਆ ਗਈ। ਪਰ ਉਹ ਬਾਰ੍ਹਵੀਂ ਜਮਾਤ ਤੋਂ ਬਾਅਦ ਪੜ੍ਹ ਹੀ ਨਾ ਸਕੀ। ਉਸਦੇ ਪਿਤਾ ਜੀ ਕੁੜੀਆਂ ਨੂੰ ਪੜ੍ਹਾਉਣ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਸਨ ਅਖੇ ਅਸੀਂ ਕਿਹੜਾ ਨੌਕਰੀ ਕਰਵਾਉਣੀ ਏ। ਵਿਆਹ ਹੀ ਕਰਨਾ ਅਗਲੇ ਸਾਲ ਤੱਕ। ਮੈਨੂੰ ਯਾਦ ਏ ਕਿ ਮੈਂ ਨਾਜ਼ ਦਾ ਪ੍ਰਾਈਵੇਟ ਬੀ.ਏ. ਦਾ ਫਾਰਮ ਭਰ ਉਸਨੂੰ ਪੜ੍ਹਨ ਲਈ ਕਿਤਾਬਾਂ ਵੀ ਲਿਆ ਕੇ ਦਿੱਤੀਆਂ ਪਰ ਉਹ ਘਰ ਦੇ ਕੰਮਾਂ-ਕਾਰਾਂ ਦੇ ਬੋਝ ਥੱਲੇ ਦਬ ਕੇ ਪੜ੍ਹਨ ਨੂੰ ਸਮਾਂ ਹੀ ਨਾ ਦੇ ਪਾਉਂਦੀ। ਕਿਵੇਂ ਨਾ ਕਿਵੇਂ ਮੈਂ ਦੇਰ ਸਵੇਰ ਸਮਾਂ ਕੱਢ ਉਸਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੀ। ਉਹ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ਤੇ ਅੱਗੇ ਤੱਕ ਜਾਣਾ ਚਾਹੁੰਦੀ ਸੀ। ਪਰ ਉਸ ਤੋਂ ਛੋਟੇ ਉਸਦੇ ਦੋ ਭਰਾ, ਪੜ੍ਹਨ ਪਿੱਛੇ ਉਸਨੂੰ ਕੌੜੇ-ਕੁਸੈਲੇ ਬੋਲ ਬੋਲਦੇ। ਉਹ ਦਬ ਕੇ ਰਹਿ ਜਾਂਦੀ। ਸਾਰਾ ਦਿਨ ਉਹ ਡੰਗਰਾਂ ਵਿੱਚ ਡੰਗਰ ਹੋਈ ਵਾਹੋ-ਦਾਹੀ ਭੱਜ ਭੱਜ ਕੇ ਕੰਮ ਕਰਦੀ। ਇੱਕ ਦਿਨ ਆਥਣ ਵੇਲੇ ਉਸ ਦੇ ਪਿਤਾ ਨੇ ਉਸਦੀਆਂ ਕਿਤਾਬਾਂ ਚੁੱਲ੍ਹੇ ਵਿੱਚ ਵਗਾਹ ਮਾਰੀਆਂ ‘ਅਖੇ ਲੱਗੀ ਏ ਨਵੇਂ ਕੰਮ ਕਰਨ। ਸਾਡੇ ਨਹੀਂ ਰਿਵਾਜ ਇਸ ਕੰਜਰਖਾਨੇ ਦਾ’ ਤੇ ਨਾਲ ਹੀ ਮੈਨੂੰ ਵੀ ਖ਼ਰੀਆਂ-ਖੋਟੀਆਂ ਸੁਣਾਈਆਂ। ਮੈਂ ਚੁੱਪ ਕਰ ਗਈ ਤੇ ਮੇਰੇ ਘਰਦਿਆਂ ਨੇ ਮੇਰਾ ਨਾਜ਼ ਨਾਲ ਬੋਲਣਾ-ਚੱਲਣਾ ਬੰਦ ਕਰ ਦਿੱਤਾ। ਸੱਚੀਂ ਮੈਨੂੰ ਬਹੁਤ ਤਰਸ ਆਉਂਦਾ ਉਸ ’ਤੇ। ਮੈਂ ਕਈ ਵਾਰੀ ਸੋਚਦੀ ਕਿ ਕੀ ਜ਼ਿੰਦਗੀ ਏ ਕੁੜੀਆਂ ਦੀ ਕਿ ਚਾਹ ਕੇ ਵੀ ਅਸੀਂ ਆਪਣੇ ਮਨ ਦੀ ਨਹੀਂ ਕਰ ਸਕਦੀਆਂ। ਨਾਜ਼ ਦੇ ਫੋਨ ਦੀ ਘੰਟੀ ਨੇ ਮੈਨੂੰ ਸੋਚਾਂ ਵਿੱਚੋਂ ਕੱਢਿਆ ਤੇ ਉਸ ਇਕਦਮ ਬੋਲਣਾ ਸ਼ੁਰੂ ਕੀਤਾ, ‘ਤੂੰ ਤਾਂ ਜਮਾਂ ਫੋਨ ਨੀ ਕਰਦੀ, ਭੁੱਲ ਹੀ ਗਈ’। ਮੈਂ ਆਪਣੇ ਰੁਝੇਵੇਂ ਦੱਸਦਿਆਂ ਮਾਫ਼ੀ ਮੰਗੀ, ਉਸ ਨੇ ਹੱਸਦਿਆਂ ਆਖਿਆ, ‘ਕੋਈ ਨਹੀਂ, ਮੈਨੂੰ ਪਤਾ ਸਾਰਾ। ਅੱਛਾ ਦੱਸ ਤਸਲੀਮ ਨੂੰ ਦਸਵੀਂ ਤੋਂ ਬਾਅਦ ਕੀ ਕਰਾਵਾਂ, ਵੈਸੇ ਉਹ ਨਾਨ-ਮੈਡੀਕਲ ਲੈ ਕੇ ਅੱਗੇ ਪੜ੍ਹਨਾ ਚਾਹੁੰਦੀ ਏ’। ਮੈਂ ਕਿਹਾ ਤੇਰੇ ਖਾਵੰਦ ਰਾਜ਼ੀ ਨੇ ਇਸ ਵਾਸਤੇ। ਉਸ ਹੱਸਦਿਆਂ ਆਖਿਆ, ‘ਬਿਲਕੁਲ, ਵੈਸੇ ਕੋਈ ਰਾਜ਼ੀ ਹੋਵੇ ਜਾਂ ਨਾ ਪਰ ਮੈਂ ਆਪਣੀਆਂ ਧੀਆਂ ਰੁਲਣ ਨਹੀਂ ਦੇਣੀਆਂ। ਉਨ੍ਹਾਂ ਦੇ ਸੁਫਨੇ ਮਰਨ ਨਹੀਂ ਦੇਣੇ। ਉਨ੍ਹਾਂ ਨੂੰ ਮੈਂ ਸਾਰੀ ਉਮਰ ਰਿਸਦੇ ਰਹਿਣ ਵਾਲੇ ਜ਼ਖ਼ਮ ਨਹੀਂ ਦੇਣੇ। ਉਨ੍ਹਾਂ ਦੀਆਂ ਉਡਾਰੀਆਂ ਵਾਸਤੇ ਉਨ੍ਹਾਂ ਦੇ ਖੰਭਾਂ ਵਿੱਚ ਜਾਨ ਮੈਂ ਭਰਾਂਗੀ।’ ਇੱਕ ਪਲ ਰੁਕਦਿਆਂ ਉਸ ਨੇ ਗੱਲ ਅੱਗੇ ਤੋਰੀ, ‘ਜੇਕਰ ਮੈਂ ਨਹੀਂ ਪੜ੍ਹ ਸਕੀ ਤਾਂ ਕੀ ਹੋਇਆ ਪਰ ਮੈਂ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਹੈ, ਉੱਥੋਂ ਤੱਕ ਜਿੱਥੋਂ ਤੱਕ ਉਨ੍ਹਾਂ ਦਾ ਮਨ ਕਰੇ। ਉਹ ਜੋ ਕਰਨਾ ਚਾਹੁਣ ਕਰ ਸਕਦੀਆਂ ਨੇ, ਨੌਕਰੀ ਵੀ।’ ਸੁਣਦੇ ਸਾਰ ਮੇਰੇ ਹੰਝੂ ਰੋਕੇ ਨਾ ਰੁਕੇ ਕਿ ਨਾਜ਼ ਆਪਣੀਆਂ ਧੀਆਂ ਰਾਹੀਂ ਆਪਣੀ ਅਧਵਾਟੇ ਰਹਿ ਗਈ ਜ਼ਿੰਦਗੀ ਨੂੰ ਪੂਰਾ ਕਰੇਗੀ। ਉਹ ਉਡਾਣ ਦੇਵੇਗੀ ਆਪਣੇ ਉਨ੍ਹਾਂ ਸੁਫ਼ਨਿਆਂ ਨੂੰ ਜਿਨ੍ਹਾਂ ਨੂੰ ਕਿਸੇ ਵਕਤ ਅੱਗ ਦੇ ਸੇਕ, ਆਪਣਿਆਂ ਦੇ ਹੀ ਗੁਸੈਲੇ ਬੋਲ ਤੇ ਕੰਮ ਦੇ ਬੋਝ ਨੇ ਪੂਰਾ ਨਹੀਂ ਸੀ ਹੋਣ ਦਿੱਤਾ।
ਸੰਪਰਕ: 89689-48018

Advertisement

Advertisement
Author Image

joginder kumar

View all posts

Advertisement