ਅਸਲ ਮਾਲਕ ਦੀ ਪਛਾਣ ਨਾ ਹੋਣ ’ਤੇ ਵੀ ਜਾਇਦਾਦ ਜ਼ਬਤ ਕਰ ਸਕਦੈ ਆਮਦਨ ਕਰ ਵਿਭਾਗ
ਨਵੀਂ ਦਿੱਲੀ:
ਆਮਦਨ ਕਰ ਵਿਭਾਗ ਬੇਨਾਮੀ ਰੋਕੂ ਕਾਨੂੰਨ ਤਹਿਤ ਅਸਲ ਮਾਲਕ ਦੀ ਪਛਾਣ ਨਾ ਹੋਣ ’ਤੇ ਵੀ ਜਾਇਦਾਦ ਜ਼ਬਤ ਕਰ ਸਕਦਾ ਹੈ। ਕਾਨੂੰਨ ਵਿੱਚ ਇਸ ਸਥਿਤੀ ਨਾਲ ਨਜਿੱਠਣ ਲਈ ਖਾਸ ਪ੍ਰਬੰਧ ਹਨ। ਬੇਨਾਮੀ ਵਿਰੋਧੀ ਕਾਨੂੰਨ ਨਾਲ ਸਬੰਧਤ ਟ੍ਰਿਬਿਊਨਲ ਨੇ ਇਹ ਜਾਣਕਾਰੀ ਦਿੱਤੀ। ਬੇਨਾਮੀ ਜਾਇਦਾਦ ਲੈਣ-ਦੇਣ ’ਤੇ ਪਾਬੰਦੀ ਐਕਟ, 1988 ਤਹਿਤ ਸਥਾਪਤ ਟ੍ਰਿਬਿਊਨਲ ਨੇ ਪਿਛਲੇ ਸਾਲ 26 ਨਵੰਬਰ ਨੂੰ ਆਮਦਨ ਕਰ ਵਿਭਾਗ ਦੀ ਲਖਨਊ ਇਕਾਈ ਵੱਲੋਂ ਜਾਰੀ 2023 ਦੇ ਜ਼ਮੀਨ ਜਾਇਦਾਦ ਕੁਰਕੀ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਕਥਿਤ ਬੇਨਾਮੀ ਜਾਇਦਾਦ ਮਾਮਲਾ ਵਿਭਾਗ ਵੱਲੋਂ ਲਖਨਊ ਸਥਿਤ ਤਿੰਨ ਪ੍ਰਾਪਰਟੀ ਡੀਲਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਜਾਣ ਮਗਰੋਂ ਸਾਹਮਣੇ ਆਇਆ ਸੀ। ਇਨ੍ਹਾਂ ਨੇ ‘ਕਾਕੋਰੀ ਖੇਤਰ ਵਿੱਚ ਬੇਹਿਸਾਬ ਨਕਦੀ ਦਾ ਭੁਗਤਾਨ ਕਰਕੇ ਜ਼ਮੀਨ ਖਰੀਦੀ ਸੀ।’ ਵਿਭਾਗ ਦੀ ਲਖਨਊ ਸਥਿਤ ਬੇਨਾਮੀ ਰੋਕੂ ਇਕਾਈ ਨੇ ਕਾਕੋਰੀ ’ਚ 3.47 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਪੰਜ ਜ਼ਮੀਨਾਂ ਕੁਰਕ ਕਰਨ ਅਤੇ ਇਨ੍ਹਾਂ ਨੂੰ ‘ਬੇਨਾਮੀ ਜਾਇਦਾਦਾਂ’ ਵਜੋਂ ਸ਼੍ਰੇਣੀਬੱਧ ਕਰਨ ਲਈ ਅਸਥਾਈ ਹੁਕਮ ਜਾਰੀ ਕੀਤਾ ਸੀ। -ਪੀਟੀਆਈ