ਮੋਦੀ ਤੇ ਸਾਂਚੇਜ਼ ਵੱਲੋਂ ਟਾਟਾ ਦੇ ਸੀ-295 ਪਲਾਂਟ ਦਾ ਉਦਘਾਟਨ
ਵਡੋਦਰਾ, 28 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਉਨ੍ਹਾਂ ਦੇ ਹਮਰੁਤਬਾ ਪੈਡਰੋ ਸਾਂਚੇਜ਼ ਨੇ ਅੱਜ ਇੱਥੇ ਸੀ-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ।
ਇਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਸਪੇਨ ਵਿਚਾਲੇ ਭਾਈਵਾਲੀ ਨਵੀਂ ਦਿਸ਼ਾ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਦੋਵੇਂ ਦੇਸ਼ਾਂ ਵਿਚਾਲੇ ਭਾਈਵਾਲੀ ਨਾ ਸਿਰਫ਼ ਮਜ਼ਬੂਤ ਹੋਵੇਗੀ ਬਲਕਿ ਇਸ ਨਾਲ ‘ਮੇਕ ਇਨ ਇੰਡੀਆ, ਮੇਕ ਫਾਰ ਵਰਲਡ’ ਦੇ ਮਿਸ਼ਨ ਨੂੰ ਵੀ ਰਫ਼ਤਾਰ ਮਿਲੇਗੀ। ਇਸ ਦੌਰਾਨ ਸ੍ਰੀ ਮੋਦੀ ਨੇ ਏਅਰਬੱਸ ਅਤੇ ਟਾਟਾ ਦੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਮਰਹੂਮ ਰਤਨ ਟਾਟਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਏਅਰਬੱਸ ਸੀ-295 ਇਕ ਦਰਮਿਆਨਾ ਰਣਨੀਤਕ ਆਵਾਜਾਈ ਜਹਾਜ਼ ਹੈ ਜੋ ਕਿ ਮੁੱਢਲੇ ਤੌਰ ’ਤੇ ਸਪੇਨ ਦੀ ਏਰੋਸਪੇਸ ਕੰਪਨੀ ਕਾਸਾ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਅਤੇ ਬਣਾਇਆ ਗਿਆ ਸੀ। ਕਾਸਾ ਹੁਣ ਯੂਰੋਪੀ ਬਹੁਕੌਮੀ ਏਅਰਬੱਸ ਡਿਫੈਂਸ ਅਤੇ ਪੁਲਾੜ ਡਿਵੀਜ਼ਨ ਦਾ ਹਿੱਸਾ ਹੈ। ਸੀ-295 ਨੂੰ ਮੈਡੀਕਲ ਨਿਕਾਸੀ, ਆਫ਼ਤ ਪ੍ਰਬੰਧਨ ਅਤੇ ਸਮੁੰਦਰੀ ਗਸ਼ਤ ਵਰਗੀ ਡਿਊਟੀ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਮੋਦੀ ਤੇ ਸਾਂਚੇਜ਼ ਨੇ ਇਸ ਕੇਂਦਰ ਦੇ ਉਦਘਾਟਨ ਮੌਕੇ ਲਗਾਈ ਗਈ ਇਕ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਇਸ ਫੈਕਟਰੀ ਦਾ ਨੀਂਹ ਪੱਥਰ ਅਕਤੂਬਰ 2022 ਵਿੱਚ ਰੱਖਿਆ ਗਿਆ ਸੀ। ਇਸੇ ਦੌਰਾਨ ਸਾਂਚੇਜ਼ ਨੇ ਕਿਹਾ ਕਿ ਪਹਿਲਾ ਜਹਾਜ਼ ਇਸ ਕੇਂਦਰ ਤੋਂ ਉਡਾਣ ਭਰਨ ਲਈ 2026 ਵਿੱਚ ਤਿਆਰ ਹੋ ਜਾਵੇਗਾ। ਇਸ ਮੌਕੇ ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਾਲ ਵਾਅਦਾ ਕੀਤਾ ਕਿ ਦੇਸ਼ ਵਿੱਚ ਬਣਿਆ ਪਹਿਲਾ ਜਹਾਜ਼ ਦੋ ਸਾਲਾਂ ਵਿੱਚ ਤਿਆਰ ਕਰ ਦਿੱਤਾ ਜਾਵੇਗਾ। -ਪੀਟੀਆਈ
ਸਪੇਨ ਨਾਲ ਸਮਝੌਤਾ ਪੱਤਰ ’ਤੇ ਸਹੀ ਪਾਈ
ਵਡੋਦਰਾ: ਪ੍ਰਧਾਨ ਮੰਤਰੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਦੀ ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਹੋਈ ਦੁਵੱਲੀ ਮੀਟਿੰਗ ਦੌਰਾਨ ਕਈ ਸਮਝੌਤੇ (ਐੱਮਓਯੂ) ਸਹੀਬੱਧ ਕੀਤੇ ਗਏ। ਭਾਰਤ ਤੇ ਸਪੇਨ ਵਿਚਾਲੇ ਇਹ ਸਮਝੌਤੇ ਢਾਂਚਾ ਨਿਰਮਾਣ, ਰੇਲ ਟਰਾਂਸਪੋਰਟ, ਸਭਿਆਚਾਰ ਤੇ ਸੈਰ-ਸਪਾਟਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਹਨ। ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੱਛਮੀ) ਤਨਮਯ ਲਾਲ ਨੇ ਕਿਹਾ ਕਿ ਵਡੋਦਰਾ ਦੇ ਵੱਕਾਰੀ ਲਕਸ਼ਮੀ ਵਿਲਾਸ ਪੈਲੇਸ ਵਿੱਚ ਹੋਈ ਦੁਵੱਲੀ ਗੱਲਬਾਤ ਦੌਰਾਨ ਦੋਵੇਂ ਆਗੂਆਂ ਨੇ ਯੂਕਰੇਨ ਤੇ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ। -ਪੀਟੀਆਈ
ਮੋਦੀ ਵੱਲੋਂ 4800 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
ਅਮਰੇਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਪਿੰਡ ਲਾਠੀ ਵਿੱਚ 4800 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮਗਰੋਂ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦੁਨੀਆ ਹੁਣ ਭਾਰਤ ਨੂੰ ਪੂਰੇ ਧਿਆਨ ਤੇ ਗੰਭੀਰਤਾ ਨਾਲ ਸੁਣ ਰਹੀ ਹੈ ਤੇ ਸਾਰੇ ਲੋਕ ਦੇਸ਼ ਨੂੰ ਨਵੀਂ ਆਸ ਨਾਲ ਦੇਖ ਰਹੇ ਹਨ ਅਤੇ ਵੱਖ-ਵੱਖ ਖੇਤਰਾਂ ’ਚ ਭਾਰਤ ਵਿੱਚ ਮੌਜੂਦ ਵਿਸ਼ਾਲ ਸੰਭਾਵਨਾਵਾਂ ’ਤੇ ਚਰਚਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਵਿੱਚ ਬਰਿੱਕਸ ਸੰਮੇਲਨ ’ਚ ਸ਼ਾਮਲ ਹੋਏ ਦੇਸ਼ਾਂ ਨੇ ਭਾਰਤ ਨਾਲ ਹੱਥ ਮਿਲਾਉਣ ਅਤੇ ਉਸ ਦੀ ਵਿਕਾਸ ਯਾਤਰਾ ਵਿੱਚ ਸਾਂਝੇਦਾਰ ਬਣਨ ਦੀ ਇੱਛਾ ਜ਼ਾਹਿਰ ਕੀਤੀ ਸੀ। ਮੋਦੀ ਨੇ ਕਿਹਾ ਕਿ ਜਰਮਨੀ ਦੇ ਚਾਂਸਲਰ ਓਲਾਫ ਸ਼ੌਲਜ਼ ਨੇ ਪਿਛਲੇ ਹਫ਼ਤੇ ਨਵੀਂ ਦਿੱਲੀ ਦੇ ਆਪਣੇ ਦੌਰੇ ਦੌਰਾਨ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਹਰੇਕ ਸਾਲ 90,000 ਭਾਰਤੀਆਂ ਨੂੰ ਵੀਜ਼ਾ ਜਾਰੀ ਕਰੇਗਾ ਅਤੇ ਹੁਣ ਇਹ ਦੇਸ਼ ਦੇ ਨੌਜਵਾਨਾਂ ’ਤੇ ਨਿਰਭਰ ਹੈ ਕਿ ਉਹ ਇਸ ਲਈ ਹੁਨਰ ਵਿਕਸਤ ਕਰਨ। -ਪੀਟੀਆਈ
ਦੋਵਾਂ ਆਗੂਆਂ ਨੇ ਹਵਾਈ ਅੱਡੇ ਤੋਂ ਫੈਕਟਰੀ ਤੱਕ ਰੋਡ ਸ਼ੋਅ ਕੀਤਾ
ਵਡੋਦਰਾ: ਟਾਟਾ-ਏਅਰਬੱਸ ਫੈਕਟਰੀ ਦਾ ਉਦਘਾਟਨ ਕਰਨ ਤੋਂ ਪਹਿਲਾਂ ਮੋਦੀ ਤੇ ਸਾਂਚੇਜ਼ ਨੇ ਸਵੇਰੇ ਹਵਾਈ ਅੱਡੇ ਤੋਂ ‘ਟਾਟਾ ਐਡਵਾਂਸਡ ਸਿਸਟਮਜ਼ ਲਿਮਿਟਡ’ ਕੇਂਦਰ ਤੱਕ ਢਾਈ ਕਿਲੋਮੀਟਰ ਤੱਕ ਫੁੱਲਾਂ ਨਾਲ ਸਜੀ ਖੁੱਲ੍ਹੀ ਕਾਰ ਵਿੱਚ ਰੋਡ ਸ਼ੋਅ ਕੀਤਾ। ਭਾਜਪਾ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਸਮਰਥਕਾਂ ਨੇ ਦੋਹਾਂ ਆਗੂਆਂ ਦਾ ਨਿੱਘਾ ਸਵਾਗਤ ਕੀਤਾ।