ਕੋਹਲੀ ਵੱਲੋਂ ਹਰੀ ਸਿੰਘ ਨਲਵਾ ਚੌਕ ਦਾ ਉਦਘਾਟਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਸਤੰਬਰ
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇੱਥੇ ਸਥਾਨਕ ਸ਼ਹਿਰ ਵਿਚਲੇ ਰਾਘੋਮਾਜਰਾ ਸਥਿਤ ਪੀਲੀ ਸੜਕ ਵਾਲੀ ਪੁਲੀ ’ਤੇ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਵਾਲੇ ਚੌਕ ਦਾ ਉਦਘਾਟਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੁੱਤ ਅਤੇ ਚੌਕ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਹੈ, ਜਿਸ ਤਹਿਤ ਹੁਣ ਇਸ ਨੂੰ ਹਰੀ ਸਿੰਘ ਨਲਵਾ ਚੌਕ ਕਿਹਾ ਜਾਇਆ ਕਰੇਗਾ। ਇਸ ਮੌਕੇ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਛਿਆਨਵੇਂ ਕਰੋੜੀ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਅਕਾਲ ਤਖ਼ਤ ਸਾਹਿਬ ਅਤੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੇ ਸਮਕਾਲੀ ਸਨ। ਸਰਦਾਰ ਨਲਵਾ ਉਹ ਜਰਨੈਲ ਸਨ, ਜਿਨ੍ਹਾਂ ਨੇ ਕਾਬਲ ਤੇ ਪਿਸ਼ਾਵਰ ਦੇ ਉਸ ਦੇਸ਼ ਨੂੰ ਜਿੱਤਿਆ ਜਿਸ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਸੀ। ਉਨ੍ਹਾ ਸ੍ਰੀ ਨਲਵਾ ਦੇ ਜੀਵਨ ਬਾਰੇ ਹੋਰ ਜਾਣਕਾਰੀ ਵੀ ਦਿਤੀ ਤੇ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੁੱਤ ਲੱਗਣ ’ਤੇ ਪਟਿਾਲਾਵੀ ਵਧਾਈ ਦੇ ਅਤੇ ਵਿਧਾਇਕ ਅਜੀਤਪਾਲ ਕੋਹਲੀ ਧੰਨਵਾਦ ਦੇ ਪਾਤਰ ਹਨ। ਬਾਬਾ ਬਲਬੀਰ ਸਿੰਘ ਨੇ ਵਿਧਾਇਕ ਕੋਟਲੀ ਦਾ ਸਨਮਾਨ ਵੀ ਕੀਤਾ। ਵਿਧਾਇਕ ਨੇ ਕਿਹਾ ਕਿ ਇਹ ਚੌਕ ਪਟਿਆਲਾ ਦੀ ਵਿਲੱਖਣ ਪਛਾਣ ਬਣ ਕੇ ਉਭਰੇਗਾ। ਇਸ ਮੌਕੇ ਮਦਨ ਅਰੋੜਾ, ਅਮਰਜੀਤ ਸਿੰਘ, ਰਵੇਲ ਸਿੱਧੂ, ਜਗਤਾਰ ਜੱਗੀ, ਮੁਖਤਿਆਰ ਗਿੱਲ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ, ਰੂਬੀ ਭਾਟੀਆ, ਵਿਜੈ ਕਨੌਜੀਆ, ਅਮਨ ਬਾਂਸਲ ਤੇ ਹਰੀਸ਼ ਕਾਂਤ ਵਾਲੀਆ ਨੇ ਵੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਕੀਤਾ। ਇਸ ਮੌਕੇ ਬਾਬਾ ਦਰਸ਼ਨ ਸਿੰਘ ਤੇ ਦੀਪ ਸਿੰਘ ਦੇ ਰਣਜੀਤ ਅਖਾੜੇ ਦੇ ਜਥੇ ਨੇ ਗਤਕੇ ਦੇ ਜੌਹਰ ਦਿਖਾਏ।