For the best experience, open
https://m.punjabitribuneonline.com
on your mobile browser.
Advertisement

ਨਵਰਾਤਰਿਆਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਰੂਟ ਪਲਾਨ ਜਾਰੀ

08:04 AM Apr 09, 2024 IST
ਨਵਰਾਤਰਿਆਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਰੂਟ ਪਲਾਨ ਜਾਰੀ
ਟਰੈਫਿਕ ਰੂਟ ਪਲਾਨ ਤਿਆਰ ਕਰਨ ਮੌਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਡੀਐੱਸਪੀ ਕਰਨੈਲ ਸਿੰਘ ਭਲਵਾਨ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਪਰੈਲ
ਨਵਰਾਤਰਿਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪ੍ਰਬੰਧਕਾਂ ਵੱਲੋਂ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇੱਥੇ ਸਥਿਤ ਸ੍ਰੀ ਕਾਲ਼ੀ ਮਾਤਾ ਮੰਦਰ ਵਿਖੇ ਹਰ ਵਾਰ ਹੀ ਭਾਰੀ ਇਕੱਠ ਹੁੰਦਾ ਹੈ। ਇਹ ਇੱਕ ਅਜਿਹਾ ਮੰਦਰ ਹੈ, ਜਿਸ ਪ੍ਰਤੀ ਨਾ ਸਿਰਫ਼ ਹਿੰਦੂ ਵਰਗ, ਬਲਕਿ ਸਿੱਖ ਭਾਈਚਾਰੇ ’ਚ ਵੀ ਵਧੇਰੇ ਆਸਥਾ ਹੈ। ਇਸ ਕਰਕੇ ਇਸ ਦੌਰਾਨ ਟਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਟਰੈਫਿਕ ਪੁਲੀਸ ਵੱਲੋਂ ਲੋੜੀਂਦੀ ਟਰੈਫਿਕ ਵਿਵਸਥਾ ਦੇ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ।
ਇਸ ਸਬੰਧੀ ਅੱਜ ਐੱਸ.ਐੱਸ.ਪੀ ਵਰੁਣ ਸ਼ਰਮਾ ਵੱਲੋਂ ਇਥੋਂ ਦੇ ਪੁਲੀਸ ਅਧਿਕਾਰੀਆਂ, ਖਾਸ ਕਰਕੇ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਟਰੈਫਿਕ ਸਮੱਸਿਆ ਦੇ ਹੱਲ ਨੂੰ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ।
ਜ਼ਿਲ੍ਹਾ ਪੁਲੀਸ ਮੁਖੀ ਦੇ ਆਦੇਸ਼ਾਂ ’ਤੇ ਅਮਲ ਕਰਦਿਆਂ ਟਰੈਫਿਕ ਪੁਲੀਸ ਦੇ ਡੀਐੱਸਪੀ ਕਰਨੈਲ ਸਿੰਘ ਭਲਵਾਨ ਨੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਰੂਟ ਪਲਾਨ ਤਿਆਰ ਕੀਤਾ ਹੈ। ਡੀਐੱਸਪੀ ਕਰਨੈਲ ਭਲਵਾਨ ਨੇ ਦੱਸਿਆ ਕਿ ਇਸ ਕੜੀ ਵਜੋਂ ਬਣਾਏ ਗਏ ਟਰੈਫਿਕ ਰੂਟ ਪਲਾਨ ਅਨੁਸਾਰ ਸੰਗਰੂਰ, ਸਮਾਣਾ ਤੇ ਪਾਤੜਾਂ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਫੁਹਾਰਾ ਚੌਕ ਤੋਂ ਲੀਲਾ ਭਵਨ, ਖੰਡਾ ਚੌਕ, ਪੁਰਾਣਾ ਬੱਸ ਸਟੈਂਡ ਰਾਹੀ ਰਾਜਪੁਰਾ ਚੰਡੀਗੜ੍ਹ ਨੂੰ ਜਾਵੇਗੀ। ਇਸੇ ਤਰ੍ਹਾਂ ਹੀ ਰਾਜਪੁਰਾ ਤੋਂ ਚੰਡੀਗੜ ਤੋਂ ਆਉਣ ਵਾਲ਼ੀ ਟਰੈਫਿਕ ਪੁਰਾਣਾ ਬੱਸ ਸਟੈਂਡ ਓਵਰਬਰਿੱਜ ਰਾਹੀਂ, ਖੰਡਾ ਚੌਕ, ਲੀਲਾ ਭਵਨ ਤੇ ਫੁਹਾਰਾ ਚੌਕ ਰਾਹੀਂ ਹੋ ਕੇ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਵਿਧਾ ਲਈ ਪਾਰਕਿੰਗ ਦੀ ਵਿਵਸਥਾ ਫੂਲ ਸਿਨੇਮਾ, ਮਾਲਵਾ ਸਿਨੇਮਾ, ਪੁਰਾਣਾ ਆਰਟੀਏ ਆਫਿਸ ਅਤੇ ਕੈਪੀਟਲ ਸਿਨੇਮਾ ਪਟਿਆਲਾ ਵਿੱਚ ਕੀਤੀ ਗਈ ਹੈ। ਡੀਐੱਸਪੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਟਰੈਫਿਕ ਰੂਟ ਦੀ ਪਾਲਣਾ ਕਰਕੇ ਪ੍ਰਸ਼ਾਸ਼ਨ ਦਾ ਸਾਥ ਦੇਣ, ਤਾਂ ਜੋ ਸ਼ਰਧਾਲੂਆਂ ਨੂੰ ਨਵਰਾਤਰਿਆਂ ਦੇ ਤਿਉਹਾਰ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ।

Advertisement

Advertisement
Author Image

Advertisement
Advertisement
×