ਊਨਾ ’ਚ ਸੁਨਿਆਰੇ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ
07:31 AM Oct 29, 2024 IST
ਊਨਾ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਇਕ ਸੁਨਿਆਰੇ ਕੋਲੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਰਕਮ ਨਾ ਦੇਣ ’ਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਵੀ ਦਿੱਤੀ ਗਈ। ਐਤਵਾਰ ਨੂੰ ਫਿਰੌਤੀ ਮੰਗੀ ਗਈ ਸੀ ਅਤੇ ਇਸ ਸਬੰਧੀ ਸੁਨਿਆਰੇ ਨੇ ਪੰਜਾਬ ਦੇ ਨੰਗਲ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਊਨਾ ਦੇ ਰਹਿਣ ਵਾਲੇ ਇਸ ਕਾਰੋਬਾਰੀ ਦਾ ਇੱਕ ਸ਼ੋਅਰੂਮ ਊਨਾ ਅਤੇ ਦੂਜਾ 20 ਕਿਲੋਮੀਟਰ ਦੂਰ ਨੰਗਲ ਵਿੱਚ ਹੈ। ਪੁਲੀਸ ਅਨੁਸਾਰ ਕਿਸੇ ਅਣਪਛਾਤੇ ਨੇ ਕਾਰੋਬਾਰੀ ਨੂੰ ਫ਼ੋਨ ਕਰਕੇ 1 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਰਕਮ ਨਾ ਦੇਣ ’ਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਊਨਾ ਦੇ ਏਐੱਸਪੀ ਸੰਜੀਵ ਭਾਟੀਆ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਪੁਲੀਸ ਮਾਮਲੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨੰਗਲ ਪੁਲੀਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement