ਭਾਜਪਾ ਤੇ ਆਰਐੱਸਐੱਸ ਦੇ ਪਿੰਡਾਂ ’ਚ ਦਾਖ਼ਲੇ ’ਤੇ ਰੋਕ ਦੇ ਫ਼ਲੈਕਸ ਲੱਗੇ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 17 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਜ਼ਿਲ੍ਹਾ ਬਠਿੰਡਾ ਦੇ ਕਈ ਪਿੰਡਾਂ ’ਚ ਬੀਜੇਪੀ ਅਤੇ ਆਰਐੱਸਐੱਸ ਦੇ ‘ਬਾਈਕਾਟ’ ਦੇ ਫ਼ਲੈਕਸ ਲਾ ਦਿੱਤੇ ਹਨ। ਫ਼ਲੈਕਸਾਂ ਦੀ ਸ਼ੁਰੂਆਤੀ ਇਬਾਰਤ ਹੈ ‘ਵੜਨ ਨਹੀਂ ਦੇਣੇ ਪਿੰਡੀਂ ਉਹ, ਜਾਣ ਨਹੀਂ ਦਿੰਦੇ ਦਿੱਲੀ ਜੋ’। ਚੋਣਾਂ ਦੇ ਭਖ਼ੇ ਦੌਰ ਵਿੱਚ ਅਜਿਹੀ ਨਾ-ਮਿਲਵਰਤਣ ਲਹਿਰ ਭਾਜਪਾ ਆਗੂਆਂ ਲਈ ਇਕ ਚੁਣੌਤੀ ਬਣ ਸਕਦੀ ਹੈ।
ਅੱਜ ਫੂਲ ਟਾਊਨ ਅਤੇ ਨੰਦਗੜ੍ਹ ਕੋਟੜਾ ਵਿੱਚ ਅਜਿਹੇ ਬੈਨਰ ਯੂਨੀਅਨ ਦੇ ਬਲਾਕ ਰਾਮਪੁਰਾ ਦੇ ਪ੍ਰਧਾਨ ਗੋਰਾ ਦੀ ਅਗਵਾਈ ’ਚ ਜਨਤਕ ਥਾਵਾਂ ’ਤੇ ਲਾਏ ਗਏ। ਗੋਰਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣਾਂ ’ਚ ਨਿਹੱਥੇ ਕਿਸਾਨਾਂ ਉੱਪਰ ਜੋ ਕਥਿਤ ਜਬਰ ਭਾਜਪਾ ਨੇ ਕੀਤਾ ਹੈ, ਉਸ ਦਾ ਹਿਸਾਬ ਲਿਆ ਜਾਵੇਗਾ। ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਢਿੱਲੋਂ ਦਾ ਕਹਿਣਾ ਸੀ ਕਿ ‘ਦਿੱਲੀ ਕੂਚ ਕਰੋ’ ਦੇ ਨਾਅਰੇ ਨਾਲ ਲੰਘੀ 13 ਫਰਵਰੀ ਨੂੰ ਜਦੋਂ ਪੰਜਾਬ ਦੇ ਕਿਸਾਨ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ ਤਾਂ ਰਸਤੇ ’ਚ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਦੋਵੇਂ ਅੰਤਰਰਾਜੀ ਹੱਦਾਂ ’ਤੇ ਧਾਰਾ 144 ਲਾ ਕੇ ਨਿਹੱਥੇ ਕਿਸਾਨਾਂ ਉੱਪਰ ਅੱਥਰੂ ਗੈਸ ਦੀ ਵਰਖਾ ਕਰਕੇ ਅਨੇਕਾਂ ਕਿਸਾਨ ਜ਼ਖ਼ਮੀ ਕਰ ਦਿੱਤੇ ਗਏ। ਇਸੇ ਦੌਰਾਨ ਪਿੰਡ ਬੱਲ੍ਹੋ ਦੇ ਨੌਜਵਾਨ ਸ਼ੁਭਕਰਨ ਸਿੰਘ ਦੇ ਮੱਥੇ ’ਚ ਸਿੱਧੀ ਗੋਲੀ ਮਾਰ ਕੇ, ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਹਰਿਆਣੇ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਵੱਲੋਂ ਕਿਸਾਨਾਂ ’ਤੇ ਬੇਤਹਾਸ਼ਾ ਜਬਰ ਢਾਹ ਕੇ, ਦਿੱਲੀ ਨਹੀਂ ਜਾਣ ਦਿੱਤਾ ਤਾਂ ਹੁਣ ਵੋਟਾਂ ਲੈਣ ਆਏ ਭਾਜਪਾਈਆਂ ਨੂੰ ਕਿਸਾਨ ਵੀ ਆਪਣੇ ਪਿੰਡਾਂ ’ਚ ਨਹੀਂ ਵੜਨ ਦੇਣਗੇ।