ਅਕਾਲੀ ਦਲ ਤੇ ਭਾਜਪਾ ਹਾਲੇ ਵੀ ਅੰਦਰੋਂ ਇੱਕ-ਮਿਕ: ਖੁੱਡੀਆਂ
ਸ਼ਗਨ ਕਟਾਰੀਆ
ਬਠਿੰਡਾ, 20 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੁਖਬੀਰ ਬਾਦਲ ਮਚਲਾ ਹੈ, ਕੌਮੀ ਪਾਰਟੀਆਂ ਨੂੰ ਦਿੱਲੀ ਤੋਂ ਚੱਲਣ ਵਾਲੀਆਂ ਦੱਸਣ ਵਾਲਾ ਸੁਖਬੀਰ ਇਹ ਦੱਸੇ ਕਿ ਭਾਜਪਾ ਦਾ ਕੇਂਦਰੀ ਦਫ਼ਤਰ ਕਿਹੜਾ ਗੋਨਿਆਣੇ ਹੈ। ਉਨ੍ਹਾਂ ਕਿਹਾ ਕਿ ਲੋਕ ਸਭ ਜਾਣਦੇ ਨੇ ਕਿ 25 ਸਾਲਾਂ ਤੋਂ ਹੁਣ ਤੱਕ ਅਕਾਲੀ-ਭਾਜਪਾ ਅੰਦਰੋਂ ਇਕਮਿੱਕ ਹਨ। ਕੈਬਨਿਟ ਮੰਤਰੀ ਸ੍ਰੀ ਖੁੱਡੀਆਂ ਅੱਜ ਪਿੰਡਾਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਵਾਲੇ ਦਿਨ 1 ਜੂਨ ਨੂੰ ’84 ਦਾ ਘੱਲੂਘਾਰਾ ਦਿਵਸ ਤਾਂ ਯਾਦ ਹੈ ਪਰ 1 ਜੂਨ 2015 ਨੂੰ ਬਾਦਲ ਸਰਕਾਰ ਵੇਲੇ ਬੁਰਜ ਜਵਾਹਰ ਵਾਲਾ ’ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਯਾਦ ਨਹੀਂ। ਸ੍ਰੀ ਖੁੱਡੀਆਂ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਹੀ ਦੁਖਦਾਈ ਸਨ ਅਤੇ ਇਨਸਾਨੀਅਤ ਨੂੰ ਪ੍ਰਣਾਇਆ ਕੋਈ ਵੀ ਵਿਅਕਤੀ ਇਸ ਦਿਨ ਨੂੰ ਭੁੱਲ ਨਹੀਂ ਸਕਦਾ। ਇਹ ਵੱਖਰੀ ਗੱਲ ਹੈ ਕਿ ਸੁਖਬੀਰ ਬਾਦਲ ਨੇ 19 ਮਈ ਨੂੰ ਜੈਤੋ ਇਕ ਰੈਲੀ ਵਿੱਚ ਇਸ ਮੁੱਦੇ ਦਾ ਜ਼ਿਕਰ ਕਰ ਕੇ ਆਪਣੇ ਸੁਭਾਅ ਦੀ ਮਿਸਾਲ ਦਿੱਤੀ ਸੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਜੰਗ ਅਸੂਲਪ੍ਰਸਤੀ ਦੀ ਗ਼ੈਰਅਸੂਲੀ ਨਾਲ, ਸਬਰ ਦੀ ਜ਼ੁਲਮ ਨਾਲ ਅਤੇ ਗ਼ਰੀਬ ਕਿਸਾਨ ਦੇ ਪੁੱਤ ਦੀ ਬੰਗਲਿਆਂ ਵਾਲੇ ਧਨਾਢਾਂ ਨਾਲ ਹੈ। ਉਨ੍ਹਾਂ ਕਿਹਾ ਕਿ ਲੋਕ ਰਾਜ ਵਿੱਚ ਵੋਟ ਦੀ ਸ਼ਕਤੀ ਸਭ ਤੋਂ ਤਾਕਤਵਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਆਸ਼ੀਰਵਾਦ ਦਾ ਕਰਜ਼ਾ ਉਹ ਹਲਕੇ ਦਾ ਬਹੁ-ਪੱਖੀ ਵਿਕਾਸ ਕਰ ਕੇ ਮੋੜਨਗੇ। ਸ੍ਰੀ ਖੁੱਡੀਆਂ ਨੇ ਕਿਹਾ ਕਿ ਉਹ ਆਮ ਪਰਿਵਾਰ ਦੇ ਜੰਮਪਲ ਹੋਣ ਕਰ ਕੇ ਸਾਧਾਰਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬੁਨਿਆਦੀ ਤੌਰ ’ਤੇ ਸਮਝਦੇ ਹਨ, ਸੋ ਉਹ ਸੰਗਤ ਦੀ ਕਚਹਿਰੀ ਵਿੱਚ ਸੇਵਾ ਲਈ ਮੌਕਾ ਮੰਗਣ ਵਾਸਤੇ ਆਏ ਹਨ।
ਕਈ ਪਿੰਡਾਂ ਵਿੱਚ ਸ੍ਰੀ ਖੁੱਡੀਆਂ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਭਾਵੇਂ ਉਨ੍ਹਾਂ ਦੀ ਜਿੱਤ ਯਕੀਨੀ ਹੈ ਅਤੇ ਰਸਮੀ ਐਲਾਨ ਬਾਕੀ ਹੈ, ਪਰ ਫਿਰ ਵੀ ਰਿਕਾਰਡ ਵੋਟਾਂ ਪਾ ਕੇ ਉਨ੍ਹਾਂ ਦੀ ਫ਼ਤਿਹ ਨੂੰ ਮਿਸਾਲੀ ਬਣਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੀਡਰਸ਼ਿਪ, ਵਰਕਰ ਅਤੇ ਆਮ ਲੋਕ ਮੌਜੂਦ ਸਨ।