ਵਿਆਹਾਂ ਦੇ ਸੀਜ਼ਨ ’ਚ ਸਬਜ਼ੀਆਂ ਦੇ ਭਾਅ ਅੰਬਰੀਂ ਚੜ੍ਹੇ
ਸਤਵਿੰਦਰ ਬਸਰਾ
ਲੁਧਿਆਣਾ, 24 ਨਵੰਬਰ
ਲੁਧਿਆਣਾ ਵਿੱਚ ਪਿਛਲੇ ਮਹੀਨਿਆਂ ’ਚ ਤਿਉਹਾਰਾਂ ਕਾਰਨ ਤੇ ਹੁਣ ਵਿਆਹਾਂ ਦੇ ਸੀਜ਼ਨ ਕਾਰਨ ਸਬਜ਼ੀਆਂ ਦੇ ਭਾਅ ਅੰਬਰੀਂ ਚੜ੍ਹ ਗਏ ਹਨ। ਸਬਜ਼ੀਆਂ ਦੇ ਦਿਨੋਂ ਦਿਨ ਵਧ ਰਹੇ ਭਾਅ ਨੇ ਗਰੀਬ ਵਰਗ ਦਾ ਦਾ ਬਜਟ ਹਿਲਾ ਦਿੱਤਾ ਹੈ। ਦੁਕਾਨਦਾਰਾਂ ਅਨੁਸਾਰ ਹਾਲੇ ਹੋਰ 1-2 ਮਹੀਨੇ ਭਾਅ ਘੱਟ ਹੋਣ ਦੀ ਉਮੀਦ ਨਹੀਂ ਹੈ। ਰਸੋਈ ਦਾ ਸ਼ਿੰਗਾਰ ਹਰੀਆਂ ਸਬਜ਼ੀਆਂ ਅੱਜਕਲ੍ਹ ਮੱਧ ਤੇ ਨਿਮਨ ਵਰਗ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਕੁੱਝ ਮਹੀਨਿਆਂ ਤੋਂ ਸਬਜ਼ੀਆਂ ਦੇ ਚੜ੍ਹੇ ਭਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ। ਹਰ ਸਬਜ਼ੀ ਦਾ ਸਵਾਦ ਵਧਾਉਣ ਵਾਲੇ ਟਮਾਟਰਾਂ ਦਾ ਭਾਅ ਅੱਜਕਲ੍ਹ 60 ਤੋਂ 70 ਰੁਪਏ ਕਿੱਲੋ ਚੱਲ ਰਿਹਾ ਹੈ, ਜੋ ਆਮ ਦਿਨਾਂ ਵਿੱਚ 20 ਤੋਂ 25 ਰੁਪਏ ਤੱਕ ਹੁੰਦਾ ਸੀ। ਇਸੇ ਤਰ੍ਹਾਂ ਆਲੂ 30 ਤੋਂ 40 ਰੁਪਏ, ਪਹਾੜੀ ਆਲੂ 70 ਤੋਂ 80 ਰੁਪਏ, ਸ਼ਿਮਲਾ ਮਿਰਚ 50 ਤੋਂ 60 ਰੁਪਏ, ਚੱਪਣ ਕੱਦੂ 40 ਤੋਂ 50 ਰੁਪਏ ਕਿੱਲੋ, ਫੁੱਲ ਗੋਭੀ 40 ਤੋਂ 45 ਰੁਪਏ, ਪਿਆਜ਼ 50 ਤੋਂ 60 ਰੁਪਏ, ਮਟਰ 90 ਰੁਪਏ ਤੇ ਸਰਦੀਆਂ ’ਚ ਹਰੇ ਪੱਤੇ ਵਾਲੀਆਂ ਸਬਜ਼ੀਆਂ ਵਿੱਚੋਂ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਸਾਗ ਵੀ ਇਸ ਵਾਰ 40-50 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ। ਦੂਜੇ ਪਾਸੇ ਫਲਾਂ ਦੀਆਂ ਕੀਮਤਾਂ ਵਿੱਚ ਅਨਾਰ 120 ਤੋਂ 150 ਰੁਪਏ ਕਿੱਲੋ, ਸੇਬ 100 ਤੋਂ 150 ਰੁਪਏ ਕਿੱਲੋ ਅਤੇ ਕੇਲੇ 70 ਤੋਂ 80 ਰੁਪਏ ਦਰਜਨ, ਅਮਰੂਦ 50 ਤੋਂ 70 ਰੁਪਏ ਕਿਲੋ ਵਿਕ ਰਹੇ ਹਨ। ਸਬਜ਼ੀਆਂ ਅਤੇ ਫਲਾਂ ਦੇ ਲਗਾਤਾਰ ਵਧ ਰਹੇ ਭਾਅ ਨੇ ਲੋਕਾਂ ਦੀ ਰੋਸਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਵੰਬਰ ਅਤੇ ਦਸੰਬਰ ਮਹੀਨੇ ਵਿਆਹਾਂ ਦਾ ਸੀਜ਼ਨ ਹੈ ਜਿਸ ਕਰਕੇ ਸਬਜ਼ੀਆਂ ਅਤੇ ਫਲਾਂ ਦੇ ਭਾਅ ਵਧੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਰ ਮੌਸਮ ਵਿੱਚ ਆਈ ਤਬਦੀਲੀ ਕਰਕੇ ਸਬਜ਼ੀਆਂ ਦਾ ਘੱਟ ਝਾੜ ਵੀ ਕੀਮਤਾਂ ਦੇ ਵਾਧੇ ਦਾ ਇੱਕ ਕਾਰਨ ਹੋ ਸਕਦਾ ਹੈ।