ਨੀਟ ਮਾਮਲੇ ਵਿੱਚ ਸੀਬੀਆਈ ਵੱਲੋਂ ਗੁਜਰਾਤ ’ਚ ਸੱਤ ਥਾਈਂ ਛਾਪੇ
ਨਵੀਂ ਦਿੱਲੀ, 29 ਜੂਨ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨੀਟ-ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਗੁਜਰਾਤ ਵਿੱਚ ਸੱਤ ਥਾਵਾਂ ’ਤੇ ਛਾਪੇ ਮਾਰੇ ਹਨ ਅਤੇ ਝਾਰਖੰਡ ’ਚੋਂ ਇੱਕ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਜਮਾਲੂਦੀਨ ਅੰਸਾਰੀ ਨੂੰ ਬੀਤੇ ਦਿਨ ਹਜ਼ਾਰੀਬਾਗ ਦੇ ਇੱਕ ਸਕੂਲ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਦੀ ਮਦਦ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਮੁਲਜ਼ਮ ਹਨ। ਓਏਸਿਸ ਸਕੂਲ ਦੇ ਪ੍ਰਿੰਸੀਪਲ ਅਹਿਸਾਨੁਲ ਹੱਕ ਅਤੇ ਵਾਈਸ ਪ੍ਰਿੰਸੀਪਲ ਇਮਤਿਆਜ਼ ਆਲਮ ਨੂੰ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਏਜੰਸੀ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਚਾਰ ਜ਼ਿਲ੍ਹਿਆਂ ਆਨੰਦ, ਖੇੜਾ, ਅਹਿਮਦਾਬਾਦ ਤੇ ਗੋਧਰਾ ਵਿੱਚ ਸ਼ੱਕੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਜਾਂਚ ਏਜੰਸੀ ਗੁਜਰਾਤ, ਰਾਜਸਥਾਨ, ਬਿਹਾਰ, ਦਿੱਲੀ ਤੇ ਝਾਰਖੰਡ ’ਚ ਇੱਕ ਵੱਡੀ ਸਾਜ਼ਿਸ਼ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਗੋਧਰਾ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਜੈ ਜਲਾਰਾਮ ਸਕੂਲ ਦੇ ਪ੍ਰਿੰਸੀਪਲ ਪੁਰੂਸ਼ੋਤਮ ਸ਼ਰਮਾ, ਅਧਿਆਪਕ ਤੁਸ਼ਾਰ ਭੱਟ ਅਤੇ ਦਲਾਲਾਂ ਵਿਭੋਰ ਆਨੰਦ ਤੇ ਆਰਿਫ਼ ਵੋਹਰਾ ਨੂੰ ਜਾਂਚ ਏਜੰਸੀ ਦੀ ਚਾਰ ਦਿਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਇਨ੍ਹਾਂ ਸਾਰਿਆਂ ’ਤੇ ਗੋਧਰਾ ਵਿੱਚ 5 ਮਈ ਨੂੰ ਹੋਈ ਨੀਟ-ਯੂਜੀ ਪ੍ਰੀਖਿਆ ਵਿੱਚ ਬੇਨੇਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਗੁਜਰਾਤ ਪੁਲੀਸ ਨੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਪ੍ਰਿੰਸੀਪਲ ਅਤੇ ਅਧਿਆਪਕ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਜਾਂਚ ਵਿੱਚ ਪਤਾ ਲੱਗਾ ਹੈ ਕਿ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਵੱਲੋਂ ਗੋਧਰਾ ਅਤੇ ਖੇੜਾ ਵਿੱਚ ਚੁਣੇ ਗਏ ਪ੍ਰੀਖਿਆ ਕੇਂਦਰਾਂ ’ਤੇ ਇਕ ਹੀ ਸਕੂਲ ਪ੍ਰਸ਼ਾਸਨ ਦਾ ਕੰਟਰੋਲ ਸੀ। ਏਜੰਸੀ ਨੇ ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਅਨਿਯਮਤਾਵਾਂ ’ਚ ‘ਅੰਤਰ-ਰਾਜੀ ਸੰਪਰਕ’ ਨਾਲ ਜੁੜੀ ‘ਇਕ ਵੱਡੀ ਸ਼ਾਜ਼ਿਸ਼’ ਹੋਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਪੁਰੂਸ਼ੋਤਮ ਸ਼ਰਮਾ, ਤੁਸ਼ਾਰ ਭੱਟ, ਵਿਭੋਰ ਆਨੰਦ ਅਤੇ ਆਰਿਫ਼ ਵੋਹਰਾ ਕੋਲੋਂ ਪੁੱਛ-ਪੜਤਾਲ ਕਰੇਗੀ, ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਨੀਟ-ਯੂਜੀ ਪ੍ਰੀਖਿਆ ਵਿੱਚ ਹੇਰਾਫੇਰੀ ਦੀ ਵਿਆਪਕ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਨਾਲ ਸਬੰਧਤ ਅਹਿਮ ਜਾਣਕਾਰੀ ਹੈ।
ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਨੂੰ ਅੱਗੇ ਵਧਾਉਣਾ ਅਤੇ ਵੱਡੀ ਸਾਜ਼ਿਸ਼ ਦਾ ਪਤਾ ਲਾਉਣਾ ਜ਼ਰੂਰੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਛੇ ਐੱਫਆਈਆਰਜ਼ ਦਰਜ ਕੀਤੀਆਂ ਹਨ। ਬਿਹਾਰ ਵਿੱਚ ਦਰਜ ਐੱਫਆਈਆਰ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਸਬੰਧਤ ਹੈ, ਜਦਕਿ ਗੁਜਰਾਤ ਅਤੇ ਰਾਜਸਥਾਨ ਵਿੱਚ ਦਰਜ ਐੱਫਆਈਆਰਜ਼ ਪ੍ਰੀਖਿਆਰਥੀਆਂ ਦੇ ਸਥਾਨ ’ਤੇ ਕਿਸੇ ਹੋਰ ਵਿਅਕਤੀ ਵੱਲੋਂ ਪ੍ਰੀਖਿਆ ਦਿੱਤੇ ਜਾਣ ਅਤੇ ਧੋਖਾਧੜੀ ਨਾਲ ਸਬੰਧਤ ਹਨ।
ਐੱਨਟੀਏ ਨੇ ਦੇਸ਼ ਭਰ ਦੀਆਂ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਿੱਚ ਐੱਮਬੀਬੀਐੱਸ, ਬੀਡੀਐੱਸ, ਆਯੂਸ਼ ਅਤੇ ਹੋਰ ਸਬੰਧਤ ਪਾਠਕ੍ਰਮਾਂ ਵਿੱਚ ਦਾਖਲੇ ਵਾਸਤੇ ਨੀਟ-ਯੂਜੀ ਪ੍ਰੀਖਿਆ ਲਈ ਸੀ। ਇਸ ਸਾਲ 5 ਮਈ ਨੂੰ ਕੁੱਲ 571 ਸ਼ਹਿਰਾਂ ਦੇ 4750 ਕੇਂਦਰਾਂ ’ਤੇ ਪ੍ਰੀਖਿਆ ਕਰਵਾਈ ਗਈ ਸੀ। ਪ੍ਰੀਖਿਆ ਵਿੱਚ 23 ਲੱਖ ਤੋਂ ਵੱਧ ਪ੍ਰੀਖਿਆਰਥੀ ਸ਼ਾਮਲ ਹੋਏ ਸਨ। -ਪੀਟੀਆਈ
ਨੀਟ-ਪੀਜੀ ਦੇ ਸ਼ਡਿਊਲ ਦਾ ਐਲਾਨ ਇੱਕ-ਦੋ ਦਿਨ ਅੰਦਰ: ਪ੍ਰਧਾਨ
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਕੌਮੀ ਪ੍ਰੀਖਿਆ ਬੋਰਡ (ਐੱਨਬੀਈ) ਅਗਲੇ ਦੋ ਦਿਨਾਂ ਅੰਦਰ ਨੀਟ-ਪੀਜੀ ਦਾ ਨਵਾਂ ਸ਼ਡਿਊਲ ਐਲਾਨ ਦੇਵੇਗਾ। ਮੁਕਾਬਲਾ ਪ੍ਰੀਖਿਆਵਾਂ ’ਚ ਕਥਿਤ ਬੇਨੇਮੀਆਂ ਕਾਰਨ ਵਧਦੇ ਵਿਵਾਦ ਵਿਚਾਲੇ ਇਹਤਿਆਤੀ ਕਦਮਾਂ ਵਜੋਂ ਪਿਛਲੇ ਹਫ਼ਤੇ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ’ਚੋਂ ਇੱਕ ਪ੍ਰੀਖਿਆ ਨੀਟ-ਪੀਜੀ ਵੀ ਹੈ। ਪ੍ਰਧਾਨ ਨੇ ਹਰਿਆਣਾ ਪੰਚਕੂਲਾ ’ਚ ਭਾਜਪਾ ਦੀ ਮੀਟਿੰਗ ਦੇ ਇੱਕ ਪਾਸੇ ਪੱਤਰਕਾਰਾਂ ਨੂੰ ਦੱਸਿਆ, ‘ਐੱਨਬੀਈ ਦੋ ਇੱਕ ਜਾਂ ਦੋ ਦਿਨ ਅੰਦਰ ਨੀਟ-ਪੀਜੀ ਦੇ ਟੈਸਟ ਦਾ ਐਲਾਨ ਕਰ ਦੇਵੇਗਾ।’ ਪ੍ਰਧਾਨ ਦੀ ਇਹ ਟਿੱਪਣੀ ਐੱਨਟੀਏ ਵੱਲੋਂ ਰੱਦ ਕੀਤੀਆਂ ਗਈਆਂ ਤਿੰਨ ਪ੍ਰੀਖਿਆਵਾਂ ਦੀਆਂ ਸੋਧੀਆਂ ਹੋਈਆਂ ਤਰੀਕਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਈ ਹੈ। ਪ੍ਰਧਾਨ ਨੇ ਕਿਹਾ ਕਿ ਪ੍ਰਸ਼ਨ ਪੱਤਰ ਡਾਰਕਨੈੱਟ ’ਤੇ ਲੀਕ ਹੋਇਆ ਅਤੇ ਟੈਲੀਗ੍ਰਾਮ ਐਪ ਰਾਹੀਂ ਵੰਡਿਆ ਗਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ