ਦੋਆਬਾ ਕਿਸਾਨ ਕਮੇਟੀ ਦੇ ਸੰਮੇਲਨ ’ਚ 27 ਪਿੰਡਾਂ ਦੇ ਲਾਂਘੇ ਦੀ ਸਮੱਸਿਆ ਉੱਭਰੀ
ਐੱਨ.ਪੀ. ਧਵਨ
ਪਠਾਨਕੋਟ, 30 ਸਤੰਬਰ
ਪੰਜਾਬ ਦੋਆਬਾ ਕਿਸਾਨ ਕਮੇਟੀ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਮੀਰਥਲ ਵਿੱਚ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦੀ ਅਗਵਾਈ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਮੰਝਪੁਰ, ਮੰਡਲ ਪ੍ਰਧਾਨ ਅਮਰੀਕ ਸਿੰਘ ਤੇ ਉਪ ਪ੍ਰਧਾਨ ਮਿਹਰ ਸਿੰਘ ਨੇ ਕੀਤੀ।
ਇਸ ਮੌਕੇ ਕੌਮੀ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਰਣਜੀਤ ਸਿੰਘ ਬਾਜਵਾ ਉਪ-ਪ੍ਰਧਾਨ, ਅਵਤਾਰ ਸਿੰਘ ਮੰਡਲ ਪ੍ਰਧਾਨ ਮੁਕੇਰੀਆਂ, ਪ੍ਰਿਤਪਾਲ ਸਿੰਘ ਗੋਰਾਇਆ, ਸਤਪਾਲ ਸਿੰਘ ਮਿਰਜ਼ਾਪੁਰ ਤੇ ਮਨਪ੍ਰੀਤ ਲਾਡਾ ਉਚੀ ਬੱਸੀ ਵੀ ਸ਼ਾਮਲ ਹੋਏ। ਪ੍ਰਦੇਸ਼ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਇਸ ਖੇਤਰ ਦੀ ਮੁੱਖ ਸਮੱਸਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਰਾਤ ਨੂੰ ਕਾਠਗੜ੍ਹ ਮੰਦਰ ਕੋਲ ਆਰਮੀ ਕੈਂਪ ਰਾਹੀਂ ਜਾਣ ਵਾਲੇ ਰਸਤੇ ਦਾ ਬੰਦ ਹੋ ਜਾਂਦਾ ਹੈ। ਇਸ ਨਾਲ 27 ਪਿੰਡਾਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਨਲੂੰਗਾ ਪਿੰਡ ਤੋਂ ਜੀਟੀ ਰੋਡ ਬਣਾਏ ਜਾਂ ਘੰਢਰਾਂ ਪਿੰਡ ਤੋਂ ਮੀਰਥਲ ਹਾਈ ਸਕੂਲ ਤੱਕ ਇਕ ਕਿਲੋਮੀਟਰ ਦੀ ਸੜਕ ਬਣਾਵੇ। ਉਨ੍ਹਾਂ ਕਿਹਾ ਕਿ ਇਸ ਨੂੰ ਚਾਲੂ ਕਰਵਾਉਣ ਲਈ ਪੰਜਾਬ ਦੋਆਬਾ ਕਿਸਾਨ ਕਮੇਟੀ ਹਰ ਸੰਭਵ ਕੋਸ਼ਿਸ਼ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣੀ ਹੈ ਪਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਹੁਣ ਤੱਕ ਮੰਡੀਆਂ ਵਿੱਚ ਪੂਰੇ ਇੰਤਜ਼ਾਮ ਨਹੀਂ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਝੋਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਯੋਗ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਲਿਜਾ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤੇ ਕੋਈ ਧਿਆਨ ਨਾ ਦਿੱਤਾ ਤਾਂ ਪੰਜਾਬ ਦੋਆਬਾ ਕਿਸਾਨ ਕਮੇਟੀ ਨੂੰ ਸੰਘਰਸ਼ ਦਾ ਰਸਤਾ ਅਪਨਾਉਣਾ ਪਵੇਗਾ।