ਆਂਗਨਵਾੜੀ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਧਰਨਾ
ਪੱਤਰ ਪ੍ਰੇਰਕ
ਤਰਨ ਤਾਰਨ, 30 ਸਤੰਬਰ
ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਅਨੂਪ ਕੌਰ ਦੀ ਅਗਵਾਈ ਵਿੱਚ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਰਾਹੁਲ ਅਰੋੜਾ ਨੂੰ ਮੰਗ ਪੱਤਰ ਦਿੱਤਾ। ਧਰਨਾਕਾਰੀਆਂ ਨੂੰ ਅਨੂਪ ਕੌਰ ਤੋਂ ਇਲਾਵਾ ਜਥੇਬੰਦੀ ਦੀ ਆਗੂ ਬੇਅੰਤ ਕੌਰ ਢੋਟੀਆਂ, ਨਰਿੰਦਰ ਕੌਰ ਐਮਾ, ਸਰਬਜੀਤ ਕੌਰ, ਜਤਿੰਦਰ ਕੌਰ, ਵੀਰ ਕੌਰ, ਗੁਰਮੀਤ ਕੌਰ ਤੇ ਕਮਲੇਸ਼ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਪ੍ਰਾਇਮਰੀ ਸਕੂਲਾਂ ਤੋਂ ਤਿੰਨ ਸਾਲ ਤੱਕ ਦੇ ਬੱਚੇ ਆਂਗਨਵਾੜੀ ਕੇਂਦਰਾਂ ਨੂੰ ਦੇਣ ਦੀ ਮੰਗ ਕੀਤੀ ਜਿਸ ਨਾਲ ਬੱਚਿਆਂ ਨੂੰ ਸਹੀ ਢੰਗ ਨਾਲ ਖੁਰਾਕ ਦਿੱਤੀ ਜਾ ਸਕੇਗੀ। ਉਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਲੈਪਟੋਪ ਜਾਂ ਕੰਪਿਊਟਰ ਦੇਣ ਜਾਂ ਫਿਰ ਉਨ੍ਹਾਂ ਦਾ ਡੇਟਾ ਲੋਡ ਕਰਵਾਉਣ ਲਈ ਪੈਸੇ ਵਧਾਉਣ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਰਾਹੁਲ ਅਰੋੜਾ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਵਿਚਾਰਨ ਦਾ ਵਿਸ਼ਵਾਸ ਦਿੱਤਾ ਜਿਸ ’ਤੇ ਜਥੇਬੰਦੀ ਨੇ ਧਰਨਾ ਚੁੱਕ ਲਿਆ|