For the best experience, open
https://m.punjabitribuneonline.com
on your mobile browser.
Advertisement

ਵਗਦੀ ਗੰਗਾ ’ਚ...

11:57 AM Jul 21, 2024 IST
ਵਗਦੀ ਗੰਗਾ ’ਚ
Advertisement

ਜਸਵਿੰਦਰ ਸੁਰਗੀਤ

‘‘ਸਰ, ਵਗਦੀ ਗੰਗਾ ’ਚ ਹੱਥ ਧੋ ਈ ਲੈਣੇ ਚਾਹੀਦੇ ਐ।’’ ਪਰਮਜੀਤ ਦੇ ਇਨ੍ਹਾਂ ਬੋਲਾਂ ਨੇ ਇੱਕ ਪ੍ਰੀਖਿਆ ਕੇਂਦਰ ਵਿੱਚ ਖੁੱਲ੍ਹਮ ਖੁੱਲ੍ਹੀ ਹੋ ਰਹੀ ਨਕਲ ਦੀ ਇੱਕ ਤਰ੍ਹਾਂ ਦੀ ਤਰਫ਼ਦਾਰੀ ਕੀਤੀ ਸੀ। ‘‘ਸਰ, ਜੇ ਸਾਰੇ ਈ ਇਉਂ ਸੋਚਣ ਲੱਗ ਜਾਣ, ਫਿਰ ਤਾਂ ਸਰ ਗਿਆ ਬਸ।’’ ਮੈਂ ਆਖਿਆ ਸੀ। ‘‘ਸਰ, ਐਨਾ ਕੌਣ ਸੋਚਦੈ, ਚੱਲੀ ਜਾਂਦੈ ਸਾਰਾ ਕੁਸ਼।’’ ਪਰਮਜੀਤ ਆਪਣੀ ਗੱਲ ’ਤੇ ਖੜ੍ਹਾ ਸੀ। ਅਸੀਂ ਕਾਫ਼ੀ ਚਿਰ ਬਹਿਸ ਕਰਦੇ ਰਹੇ। ਸਾਡੀ ਇਸ ਬਹਿਸ ਨੂੰ ਸੇਵਾਦਾਰ ਦੀ ਘੰਟੀ ਨੇ ਵਿਰਾਮ ਦਿੱਤਾ। ਪਰਮਜੀਤ ਉੱਠ ਕੇ ਪੀਰੀਅਡ ਲਾਉਣ ਚਲਾ ਗਿਆ ਤੇ ਮੈਂ ਸਕੂਲ ਦੇ ਟਰੈਕ ਵੱਲ ਹੋ ਗਿਆ। ‘ਅਖੇ, ਵਗਦੀ ਗੰਗਾ ’ਚ ਹੱਥ...’ ‘ਤਾਹੀਓਂ ਤਾਂ ਫਿਰ ਸਿਸਟਮ ਦਾ ਭੱਠਾ ਬੈਠਾ ਪਿਐ, ਜਿੱਧਰ ਵੇਖੋ, ਬੇੜਾ ਗਰਕ ਹੋਇਆ ਪਿਐ, ਹਰ ਕੋਈ ਵਗਦੀ ਗੰਗਾ ’ਚ ਹੱਥ ਧੋਣੇ ਚਾਹੁੰਦੈ, ਹਰ ਕੋਈ ਇਹ ਵਿੰਹਦੈ, ਬਈ ਮੇਰਾ ਘਰ ਪੂਰਾ ਹੋਈ ਜਾਵੇ, ਦੁਨੀਆ ਜਾਏ ਢੱਠੇ ਖੂਹ ’ਚ, ਗੱਲ ਨਕਲ ਦੀ ਥੋੜ੍ਹੈ, ਗੱਲ ਤਾਂ ਸਾਡੇ ਡਿੱਗ ਰਹੇ ਕਿਰਦਾਰ ਦੀ ਐ, ਸਾਡੀ ਮਤਲਬਪ੍ਰਸਤੀ ਦੀ ਐ।’ ਏਨਾ ਖ਼ਿਆਲਾਂ ਨੂੰ ਰਿੜਕਦਾ ਪਤਾ ਨਹੀਂ ਕਿਹੜੇ ਵੇਲੇ ਮੈਂ ਦੋ ਦਹਾਕੇ ਪਿੱਛੇ ਖਿਸਕ ਗਿਆ।
ਦੋ ਹਜ਼ਾਰ ਦੋ ਦੇ ਮਾਰਚ ਮਹੀਨੇ ਦੀ ਇੱਕ ਸਵੇਰ ਨੂੰ ਇੱਕ ਸਕੂਲ ਦੇ ਦਫ਼ਤਰ ਵਿੱਚ ਸੁਪਰਡੈਂਟ ਦੀ ਹੈਸੀਅਤ ਵਿੱਚ ਬੈਠਾ ਸਾਂ। ਸੁਪਰਡੈਂਟ ਦੇ ਤੌਰ ’ਤੇ ਇਹ ਮੇਰੀ ਪਹਿਲੀ ਡਿਊਟੀ ਸੀ। ਪ੍ਰਿੰਸੀਪਲ ਕੁਝ ਸਮਾਂ ਰਸਮੀ ਜਿਹੀਆਂ ਗੱਲਾਂ ਕਰਦਾ ਰਿਹਾ ਜਿਨ੍ਹਾਂ ਵਿੱਚ ਮੇਰੀ ਭੋਰਾ ਵੀ ਰੁਚੀ ਨਹੀਂ ਬਣ ਰਹੀ ਸੀ।
‘‘ਤੁਸੀਂ ਨਾ ਸਰ ਇੱਕ ਵਾਰੀ ਮੈਨੂੰ ਸੈਂਟਰ ਵਿਖਾ ਦਿਓ।’’ ਮੈਂ ਉਹਦੀਆਂ ਗੱਲਾਂ ਤੋਂ ਅੱਕਦਿਆਂ ਕਿਹਾ ਸੀ। ‘‘ਕੋਈ ਨ੍ਹੀਂ ਸਰ, ਤੁਸੀਂ ਚਾਹ ਤਾਂ ਲਉ ਪਹਿਲਾਂ, ਪੇਪਰਾਂ ਦਾ ਨਾ ਫ਼ਿਕਰ ਕਰੋ, ਜੀਤ ਸਾਡਾ ਕਲਰਕ, ਬਥੇਰਾ ਟਰੇਂਡ ਐ। ਤੁਸੀਂ ਬਸ ’ਰਾਮ ਨਾਲ ਕੁਰਸੀ ਡਾਹ ਕੇ ਬਹਿ-ਜਿਆ ਕਰੋ।’’ ਚਾਹ ਪੀਣ ਉਪਰੰਤ ਫਿਰ ਉਹ ਮੈਨੂੰ ਪ੍ਰੀਖਿਆ ਕੇਂਦਰ ਵੱਲ ਲੈ ਗਿਆ। ਕਲਰਕ ਨੂੰ ਵੀ ਬੁਲਾ ਲਿਆ। ‘‘ਜੀਤ ਸਿਆਂ, ਇਹ ਸੁਪਡੈਂਟ ਐ ਆਪਣੇ, ਇਨ੍ਹਾਂ ਦਾ ਪੂਰਾ ਖਿਆਲ ਰੱਖਣੈ, ਕੋਈ ’ਲਾਂਭਾ ਨਾ ਆਏ।’’ ਪੈਂਦੀ ਸੱਟੇ ਕਲਰਕ ਬੋਲਿਆ, ‘‘ਮਖਿਆ ਸਾਬ੍ਹ ਜੀ, ਆਪਾਂ ਅੱਗੇ ਕਦੇ ’ਲਾਂਭਾ ਆਉਣ ਦਿੱਤੈ। ਅਖੇ, ਗੋਲੀ ਕੀਦ੍ਹੀ ਤੇ ਗਹਿਣੇ ਕੀਦ੍ਹੇ। ਪ੍ਰਿੰਸੀਪਲ ਕੁਝ ਸਮਾਂ ਬੈਠ ਕੇ ਆਪਣੇ ਦਫ਼ਤਰ ਚਲਾ ਗਿਆ। ਮੈਂ ਤੇ ਕਲਰਕ ਕੰਮ ’ਚ ਰੁੱਝ ਗਏ।
ਕੰਮ ਕਰਦਿਆਂ ਦਸ ਕੁ ਮਿੰਟ ਹੀ ਹੋਏ ਸਨ ਕਿ ਇੱਕ ਵਿਅਕਤੀ ਕਮਰੇ ਵਿੱਚ ਦਾਖਲ ਹੋਇਆ। ਕਲਰਕ ਉਸ ਨੂੰ ਉੱਠ ਕੇ ਬੜੇ ਤਪਾਕ ਨਾਲ ਮਿਲਿਆ। ਫਿਰ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ, ‘‘ਇਹ ਆਪਣੇ ‘ਸੁਪਡੈਂਟ’ ਸਾਬ੍ਹ ਨੇ।’’ ਵਿਅਕਤੀ ਨੇ ਮੈਨੂੰ ਵਿਸ਼ ਕੀਤੀ ਤੇ ਕੁਰਸੀ ’ਤੇ ਬੈਠ ਗਿਆ। ਫਿਰ ਕਲਰਕ ਮੈਨੂੰ ਸੰਬੋਧਨ ਕਰਕੇ ਕਹਿਣ ਲੱਗਾ, ‘‘ਸਾਬ੍ਹ ਜੀ, ਇਹ ਬੇਅੰਤ ਸਿੰਘ ਐ, ਇਨ੍ਹਾਂ ਦਾ ਮੰਡੀ ਪ੍ਰਾਈਵੇਟ ਸਕੂਲ ਐ...।’’ ‘‘ਸਾਡੇ ਬੱਚੇ ਤੁਹਾਡੇ ਕੋਲ ਈ ਪੇਪਰ ਦੇ ਰਹੇ ਆ ਸਰ।’’ ਬੇਅੰਤ ਨੇ ਵੀ ਆਪਣੀ ਗੱਲ ਰੱਖੀ। ਮੈਂ ‘‘ਠੀਕ ਐ’’ ਕਹਿ ਕੇ ਗੱਲ ਨਿਬੇੜੀ। ‘‘ਇੱਕ ਮਿੰਟ ਬਾਹਰ ਆਇਓ ਸਰ।’’ ਘੜੀ ਕੁ ਬਾਅਦ ਕਲਰਕ ਬੋਲਿਆ। ‘‘ਕੋਈ ਨ੍ਹੀਂ ਐਥੇ ਈ ਗੱਲ ਕਰ ਲਓ।’’ ‘‘ਇੱਕ ਮਿੰਟ ਆਇਓ ਤਾਂ ਸਹੀ।’’ ਜੀਤ ਦੇ ਦੁਬਾਰਾ ਕਹਿਣ ’ਤੇ ਮੈਂ ਉੱਠ ਖੜ੍ਹਾ ਹੋਇਆ।
‘‘ਸਰ, ਇਹ ਆਪਣੇ ਖ਼ਾਸ ਬੰਦੇ ਐ।’’ ਕਲਰਕ ਨੇ ਗੱਲ ਸ਼ੁਰੂ ਕੀਤੀ। ‘‘ਇਨ੍ਹਾਂ ਦਾ ਆਪਾਂ ਪੂਰਾ ਖਿਆਲ ਰੱਖਣੈ।’’ ‘‘ਕੋਈ ਗੱਲ ਨ੍ਹੀਂ।’’ ਮੈਂ ਸਿਰਫ਼ ਏਨਾ ਕਿਹਾ। ਫਿਰ ਬੇਅੰਤ ਬੋਲਿਆ, ‘‘ਆਪਾਂ ਸੋਥੋਂ ਇੰਚ ਬਾਰ੍ਹ ਨ੍ਹੀਂ ਸਰ, ਜਿਵੇਂ ਤੁਸੀਂ ਕਹੋਗੇ, ਆਪਾਂ ਉਵੇਂ ਕਰਨ ਨੂੰ ਤਿਆਰ ਆਂ।’’ ਪਰ ਮੈਂ ਉਨ੍ਹਾਂ ਤੋਂ ਛੇਤੀ ਹੀ ਖਹਿੜਾ ਛੁਡਾ ਕੇ ਵਾਪਸ ਆ ਗਿਆ ਤੇ ਆਪਣੇ ਨਿਗਰਾਨਾਂ ਨਾਲ ਅਗਲੇ ਦਿਨ ਦੇ ਪੇਪਰ ਸਬੰਧੀ ਕੰਮਕਾਜ ਵਿੱਚ ਰੁੱਝ ਗਿਆ। ਕਲਰਕ ਚਿਰ ਬਾਅਦ ਵਾਪਸ ਆਇਆ। ਉਦੋਂ ਤੱਕ ਮੇਰਾ ਸਟਾਫ ਜਾ ਚੁੱਕਾ ਸੀ ਤੇ ਮੈਂ ਇਕੱਲਾ ਹੀ ਬੈਠਾ ਸੀ।
‘‘ਸਾਬ੍ਹ ਜੀ।’’ ਕਲਰਕ ਨੇ ਆਉਂਦਿਆਂ ਹੀ ਫਿਰ ਗੱਲ ਸ਼ੁਰੂ ਕਰ ਲਈ, ‘‘ਵਾਹਵਾ ਮੋਟੀ ਸਾਮੀ ਐ ਸਰ, ਊਂ ਵੀ ਬੰਦਾ ਪੂਰਾ ਦਿਲ ਆਲੈ, ਖੁੱਲ੍ਹ ਕੇ ਖਰਚ ਕਰਦੈ। ਆਪਣਾ ਵੀ ਵਾਹਵਾ ਮਾਣ ਤਾਣ ਕਰ ਦਿੰਦੈ, ਹੁਣ ਇਹੀ ਪੁੱਛਣ ਆਇਐ ਕਿ ਕੀ ਸੇਵਾ ਕਰੀਏ ਸੁਪਡੈਂਟ ਸਾਬ੍ਹ ਦੀ। ‘ਸੇਵਾ’ ਵੀ ਨਕਦ ਈ ਕਰਦੈ, ਬਾਕੀ ਜਿਵੇਂ ਸੋਨੂੰ ਠੀਕ ਲੱਗੇ।’’ ‘‘ਦੇਖ ਬਈ ਜੀਤ ਸਿਆਂ, ਤੁਸੀਂ ਮੈਨੂੰ ਗ਼ਲਤ ਸਮਝੀ ਜਾਨੇਂ ਓਂ, ਏਸ ਰਾਹ ਦਾ ਰਾਹੀ ਹੈ ਨ੍ਹੀਂ ਮੈਂ, ਨਕਲ, ਨੁਕਲ ਨ੍ਹੀਂ ਚੱਲਣ ਦੇਣੀ ਆਪਾਂ।’’‘‘ਓਹ ਕਾਹਨੂੰ ਸਾਬ੍ਹ ਜੀ, ਨਕਲ ਦਾ ਨਾ ਫ਼ਿਕਰ ਕਰਿਓ ਤੁਸੀਂ, ਨਕਲ ਐਂ ਥੋੜ੍ਹੀ ਕਰਾਵਾਂਗੇ, ਸੋਡੇ ਨਾਲ ਦੁਸ਼ਮਣੀ ਥੋੜ੍ਹੈ ਆਪਣੀ। ਕਿਸੇ ਢੰਗ ਤਰੀਕੇ ਨਾਲ ਕਰਾਵਾਂਗੇ, ਬਾਕੀ ਇੱਕ ਗੱਲ ਹੋਰ ਦੱਸਾਂ, ਬੇਅੰਤ ਨੇ ਉਪਰ ਵੀ ਬੰਦੇ ਗੰਢੇ ਹੁੰਦੈ ਐ, ਆਪਣਾ ਵੀ ਪੂਰਾ ‘ਪ੍ਰਬੰਧ’ ਕੀਤਾ ਹੁੰਦੈ, ਏਸ ਗੱਲੋਂ ਸਾਬ੍ਹ ਬਥੇਰੇ ਧਾਕੜ ਨੇ।’’ ‘‘ਜੀਤ ਸਿਆਂ..।’’ ਮੈਂ ਰਤਾ ਕਰਾਰਾ ਹੋ ਕੇ ਬੋਲਿਆ, ‘‘ਤੁਸੀਂ ਵਾਰੀ ਵਾਰੀ ਇੱਕੋ ਗੱਲ ਨਾ ਆਖੋ ਮੈਨੂੰ। ਨਵੇਂ ਬੰਦੇ ਦਾ ਸਾਥ ਤਾਂ ਕੀ ਦੇਣੈਂ ਸਗੋਂ ਤੁਸੀਂ ਤਾਂ ਮੈਨੂੰ ਪ੍ਰੇਸ਼ਾਨ ਕਰੀ ਜਾਨੇਂ ਓਂ।’’ ਦੁਬਾਰਾ ਉਸ ਨੇ ਗੱਲ ਨਾ ਛੇੜੀ।
ਕੰਮ ਨਿਬੇੜ ਕੇ ਮੈਂ ਘਰ ਜਾਣ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਦੋ ਭੈਣਜੀਆਂ ਮੇਰੇ ਕਮਰੇ ਵਿੱਚ ਆਈਆਂ। ‘‘ਸੱਸਰੀ ’ਕਾਲ ਵੀਰ ਜੀ।’’ ਉਹ ਦੋਵੇਂ ਇਕੱਠੀਆਂ ਹੀ ਬੋਲੀਆਂ। ‘‘ਸੱਸਰੀ ਕਾਲ ਜੀ।’’ ਮੈਂ ਬਦਲੇ ਵਿੱਚ ਕਿਹਾ। ‘‘ਕਿਹੜੇ ਥਾਂ ਤੋਂ ਵੀਰ ਜੀ ਤੁਸੀਂ?’’ ਉਨ੍ਹਾਂ ਵਿੱਚ ਜੋ ਕਾਫ਼ੀ ਲੰਮੇ ਕੱਦ ਦੀ ਸੀ, ਨੇ ਗੱਲ ਦੀ ਸ਼ੁਰੂਆਤ ਕੀਤੀ। ਮੈਂ ਆਪਣੇ ਸ਼ਹਿਰ ਦਾ ਨਾਮ ਦੱਸਿਆ। ‘‘ਉਂਝ ਸੋਨੂ ਦੂਰ ਤਾਂ ਲੱਗਿਆ ਹੋਊ ਸਕੂਲ, ਆਪਣੇ ਮਹਿਕਮੇ ਦਾ ਵੀ ਬੁਰਾ ਹਾਲ ਈ ਐ, ਲੈ, ਕੋਈ ਨੇੜੇ ਸੈਂਟਰ ਨ੍ਹੀਂ ਦਿੱਤਾ ਜਾਂਦਾ ਸੀ!’’ ਹੁਣ ਉਹਦੇ ਨਾਲ ਦੀ ਭੈਣਜੀ ਬੋਲੀ। ਇਉਂ ਗੱਲਾਂ ਦੀ ਬਿਸਾਤ ਵਿਛਾਉਣ ਤੋਂ ਬਾਅਦ ਉਹ ਅਸਲ ਵਿਸ਼ੇ ’ਤੇ ਆਈਆਂ, ‘‘ਅਸੀਂ ਤਾਂ ਵੀਰ ਜੀ, ਸੋਨੂ ਪਤਾ ਈ ਐ, ਆਪਣੇ ਸਕੂਲਾਂ ਦੇ ਜੁਆਕਾਂ ਦਾ ਹਾਲ ਤਾਂ ਮਾੜਾ ਈ ਹੁੰਦੈ, ਮੈਂ ਈ ਅੰਗਰੇਜ਼ੀ ਪੜ੍ਹਾਉਣੀ ਆਂ ਵੀਰ ਜੀ ਬਾਰ੍ਹਵੀਂ ਨੂੰ, ਮਿਹਨਤ ਤਾਂ ਬਥੇਰੀ ਕਰਾਈ ਐ, ਪਰ ਅੰਗਰੇਜ਼ੀ ਦਾ ਤੁਹਾਨੂੰ ਪਤਾ ਈ ਐ, ਆਪਣੇ ਜਵਾਕਾਂ ਦਾ।’’ ਲੰਮੇ ਕੱਦ ਵਾਲੀ ਭੈਣ ਜੀ ਨੇ ਗੱਲ ਪੂਰੀ ਕੀਤੀ ਹੀ ਸੀ ਕਿ ਵੀਰਪਾਲ ਨੇ ਗੱਲ ਅੱਗੇ ਤੋਰੀ, ‘‘ਸਾਡੇ ਇਹ ਸੁਰਜੀਤ ਮੈਮ ਤਾਂ ਬਥੇਰਾ ਖ਼ੂਨ ਸਾੜਦੇ ਐ, ਓਵਰ ‘ਟੈਮ’ ਵੀ ਲਾਉਂਦੇ ਐ।’’ ‘‘ਫਿਰ ਕਿਉਂ ਫ਼ਿਕਰ ਕਰਦੇ ਓਂ, ਆਪੇ ਪਾਸ ਹੋ ਜਾਣਗੇ।’’ ਉਨ੍ਹਾਂ ਦੋਵਾਂ ਵੱਲ ਵੇਖਦਿਆਂ ਮੈਂ ਬੋਲਿਆ। ‘‘ਐਂ ਤਾਂ ਮੈਨੂੰ ਕੋਈ ਫ਼ਿਕਰ ਨੀ, ਪਰ ਸਰ ਹੈਗੇ ਐ ਤਿੰਨ, ਚਾਰ ਭੈੜੇ ਜਿਹੇ, ਜਮਾਂ ਨ੍ਹੀਂ ਪੜ੍ਹਦੇ, ਮੈਂ ਤਾਂ ਉਨ੍ਹਾਂ ਨਾਲ ਮੱਥਾ ਮਾਰਦੀ ਨੇ ਬਲੱਡ ਪ੍ਰੈਸ਼ਰ ਵੀ ਸਹੇੜ ਲਿਆ।’’ ਸੁਰਜੀਤ, ਬੋਲੀ। ‘‘ਤੁਸੀਂ ਬਸ ਏਨੀ ਕੁ ਬੇਨਤੀ ਕਬੂਲ ਕਰ ਲਿਓ, ਹਾਲ ’ਚ ਨਾ ਬਹਾਇਓ ਜਵਾਕ ਤੇ ਦਸ ਕੁ ਮਿੰਟ ਅੰਦਰ ਜਾਣ ਦੇ ਦਿਓ ਮੈਮ ਨੂੰ।’’ ਵੀਰਪਾਲ ਬੋਲੀ। ‘‘ਨਾ ਮੈਡਮ, ਐਂ ਤਾਂ ਮੁਸ਼ਕਿਲ ਐ।’’ ‘‘ਚੱਲ ਫਿਰ ਵੀਰ ਜੀ, ਐਨੀ ਕੁ ਤਾਂ ਗੱਲ ਮੰਨ ਲਿਓ, ਹਾਲ ’ਚ ਨਾ ਬਹਾਇਓ ਬਸ।’’ ‘‘ਕੋਈ ਨ੍ਹੀਂ ਦੇਖਦੇ ਆਂ।’’
‘‘ਲਿਆ ਦਿਖਾ ਜੀਤ ਸਿਆਂ, ਸਿਟਿੰਗ ਪਲਾਨ ਕਿਵੇਂ ਬਣਾਇਐ।’’ ‘‘ਆਪਣਾ ਸਰ ਕਿਹੜਾ ਕੋਈ ਨਵਾਂ ਕੰਮ ਐ, ਤੁਸੀਂ ਬਸ ਦਬਾਦਬ ਸਾਈਨ ਕਰੋ, ਆਪਾਂ ਕਿਤੇ ਲੇਟ ਨਾ ਹੋ ਜਾਈਏ।’’ ਉਹਨੇ ਸਿਟਿੰਗ ਪਲਾਨ ਦੀ ਕਾਪੀ ਮੇਰੇ ਅੱਗੇ ਧਰਦਿਆਂ ਕਿਹਾ। ਮੈਂ ਉਹਨੂੰ ਧਿਆਨ ਨਾਲ ਦੇਖਿਆ। ਬਹੁਤੀਆਂ ਗੱਲਾਂ ਵਿੱਚ ਪੈਣ ਦੀ ਬਜਾਇ ਬਸ ਏਨਾ ਹੀ ਕਿਹਾ, ‘‘ਥੋੜ੍ਹੀ ਜਿਹੀ ਤਬਦੀਲੀ ਕਰਦੇ ਆਂ।’’ ਮੇਰੀ ਗੱਲ ਸੁਣ ਕੇ ਉਹਦੇ ਮੱਥੇ ਤਿਉੜੀ ਉੱਭਰ ਆਈ। ਮੈਂ ਆਪਣੀ ਨਿਗਰਾਨੀ ਹੇਠ ਨਵੇਂ ਸਿਰੇ ਤੋਂ ਸਿਟਿੰਗ ਪਲਾਨ ਤਿਆਰ ਕਰਵਾਇਆ।
ਪੇਪਰ ਸਹੀ ਸਮੇਂ ’ਤੇ ਸ਼ੁਰੂ ਹੋ ਗਿਆ। ਮੈਂ ਸਾਰੇ ਕਮਰਿਆਂ ਦਾ ਦੌਰਾ ਕੀਤਾ। ਸਭ ਕੁਝ ਠੀਕ ਲੱਗਿਆ। ਪਹਿਲਾ ਦਿਨ ਸੁੱਖੀਂ-ਸਾਂਦੀ ਨਿੱਬੜ ਗਿਆ। ਅਗਲੇ ਦਿਨ ਵੀ ਇਉਂ ਹੀ ਬੀਤਣ, ਮੈਂ ਕਾਮਨਾ ਕੀਤੀ। ਅਗਲਾ ਦਿਨ ਵੀ ਸਹੀ ਰਿਹਾ। ਇਉਂ ਪ੍ਰੀਖਿਆ ਕੇਂਦਰ ਨੇ ਇੱਕ ਲੈਅ ਫੜ ਲਈ। ਇਸ ਦਰਮਿਆਨ, ਜਿਹੜਾ ਵਿਅਕਤੀ ਮੇਰੇ ਨਾਲ ਚੱਟਾਨ ਵਾਂਗ ਖੜ੍ਹਾ ਰਿਹਾ, ਉਹ ਸੀ ਮੇਰਾ ਡਿਪਟੀ ਸੁਪਰਡੈਂਟ। ਉਸ ਦਿਨ ਗਣਿਤ ਦਾ ਪੇਪਰ ਸੀ, ਉਹਨੂੰ ਸ਼ੱਕ ਪੈ ਗਿਆ ਕਿ ਸਾਡਾ ਇੱਕ ਨਿਗਰਾਨ ‘ਦੂਸਰੀ ਧਿਰ’ ਨਾਲ ਰਲਿਆ ਹੋਇਆ ਹੈ। ਕਾਰਨ, ਉਹ ਲੋੜ ਤੋਂ ਵੱਧ ਕਮਰੇ ਵਿੱਚੋਂ ਬਾਹਰ ਗਿਆ। ਆਪਣੀ ਥਾਂ ਉਸ ਨੂੰ ਖੜ੍ਹਾ ਜਾਂਦਾ। ਬਹਾਨਾ ਲਾਉਂਦਾ, ਪੇਟ ਖਰਾਬ ਹੋਣ ਦਾ। ਡਿਪਟੀ ਦਾ ਸ਼ੱਕ ਸਹੀ ਨਿਕਲਿਆ। ਬਾਹਰ ਅੰਦਰ ਦੇ ਚੱਕਰ ਵਿੱਚ ਉਹ ਪਰਚੀਆਂ ਦਾ ਆਦਾਨ ਪ੍ਰਦਾਨ ਕਰ ਰਿਹਾ ਸੀ। ਉਹਨੂੰ ਪਿਆਰ ਨਾਲ ਅਸਾਂ ਦੋਵਾਂ ਨੇ ਸਮਝਾਇਆ, ਪਰ ਉਹ ਪੈਰਾਂ ’ਤੇ ਪਾਣੀ ਨਹੀਂ ਪੈਣ ਦੇ ਰਿਹਾ ਸੀ। ਇੱਕ ਵਾਰ ਅਸਾਂ ਗੱਲ ਆਈ ਗਈ ਕਰ ਦਿੱਤੀ, ਪਰ ਉਹ ਆਪਣੀ ਆਦਤ ਤੋਂ ਬਾਜ਼ ਨਾ ਆਇਆ। ਮੇਰੇ ਡਿਪਟੀ ਨੇ ਨਿਗ੍ਹਾ ਰੱਖੀ। ਕਮਰੇ ਦੀ ਇੱਕ ਖਿੜਕੀ ਜਿਸ ਵਿਚਲੀ, ਜਾਲੀ ਵਿੱਚ ਮਘੋਰੇ ਹੋਏ ਪਏ ਸਨ, ਉੱਥੋਂ ਇੱਕ ਮਿਨੀ ਗਾਈਡ ਲੈਂਦਾ ਫੜਿਆ ਗਿਆ। ਫਿਰ ਤਾਂ ਮੈਂ ਉਸ ਨੂੰ ਰੀਲੀਵ ਕਰ ਦਿੱਤਾ। ਇੰਝ ਹੀ ਇੱਕ ਦਿਨ ਮੇਰੇ ਡਿਪਟੀ ਨੇ ਪਾਣੀ ਪਿਆਉਣ ਵਾਲੇ ਨੂੰ ਫੜਿਆ। ਪਾਣੀ ਪਿਆਉਣ ਦੇ ਬਹਾਨੇ ਉਹ ਪਰਚੀਆਂ ‘ਪਿਆ’ ਰਿਹਾ ਸੀ।
ਇੱਕ ਦਿਨ ਕਲਰਕ ਕਹਿੰਦਾ, ‘‘ਸਰ, ਮੈਂ ਇੱਕ ਗੱਲ ਹੋਰ ਸੁਣੀ ਐ।’’ ਇੰਨਾ ਕਹਿ ਉਸ ਨੇ ਕੁਰਸੀ ਖਿੱਚ ਕੇ ਮੇਰੇ ਨੇੜੇ ਕਰ ਲਈ। ਅਖੇ, ‘‘ਤੁਹਾਨੂੰ ਮੁੰਡੇ ਘੇਰਨ ਨੂੰ ਫਿਰਦੇ ਐ, ਮੈਂ ਸੋਚਿਆ, ਸੁਪਡੈਂਟ ਸਾਬ੍ਹ ਆਪਣੇ ਬੰਦੇ ਐ, ਦੱਸਣਾ ਬਣਦੈ, ਐਵੇਂ ਕੱਲ੍ਹ ਨੂੰ ਕੋਈ ਨੁਕਸਾਨ ਹੋ ਜੇ।’’ ‘‘ਕੋਈ ਗੱਲ ਨ੍ਹੀਂ ਜੀਤ ਸਿਆਂ, ਜੇ ਮੁੰਡੇ ਘੇਰਨਾ ਚਾਹੁੰਦੇ ਐ ਤਾਂ ਘੇਰ ਲੈਣ।’’ ਮੈਂ ਸਹਿਜ ਨਾਲ ਬੋਲਿਆ। ਗੱਲ ਕਹਿ ਕੇ ਜਿਵੇਂ ਉਹ ਆਪ ਹੀ ਛਿੱਥਾ ਜਿਹਾ ਪੈ ਗਿਆ।
ਨਾ ਤਾਂ ਕਿਸੇ ਨੇ ਘੇਰਿਆ, ਨਾ ਹੀ ਕਿਸੇ ਨੇ ਘੇਰਨਾ ਸੀ।
ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸੈਂਟਰ ਵਿੱਚ ਚਿੜੀ ਨਹੀਂ ਫੜਕਣ ਦਿੱਤੀ, ਅੰਦਰਖਾਤੇ ਕੁਝ ਨਾ ਕੁਝ ਤਾਂ ਜ਼ਰੂਰ ਹੁੰਦਾ ਰਿਹਾ ਹੋਵੇਗਾ। ਹਾਂ, ਇੰਨਾ ਜ਼ਰੂਰ ਹੈ ਕਿ ਵਿਰੋਧੀ ਧਿਰ ਦੇ ਮਨਸੂਬੇ ਪਈ ‘ਇਸ ਛੱਬੀ ਕੁ ਸਾਲਾਂ ਦੇ, ਕੱਲ੍ਹ ਦੇ ਨਿਆਣੇ ਸੁਪਡੈਂਟ’ ਨੂੰ ਅਸੀਂ ਆਪਣੀ ਮਰਜ਼ੀ ਨਾਲ ਚਲਾ ਲਵਾਂਗੇ, ਪੂਰੇ ਨਹੀਂ ਹੋਣ ਦਿੱਤੇ ਸਨ।
ਘੜੀ ਵੱਲ ਦੇਖਿਆ। ਅਗਲਾ ਪੀਰੀਅਡ ਲੱਗਣ ਵਾਲਾ ਸੀ। ਟਰੈਕ ’ਚੋਂ ਸਿੱਧਾ ਸਟਾਫ ਰੂਮ ਵੱਲ ਹੋ ਗਿਆ। ਅਜੇ ਬੈਠਾ ਹੀ ਸੀ ਕਿ ਘੰਟੀ ਲੱਗ ਗਈ। ਜਮਾਤ ਵਿੱਚ ਜਾਣ ਲਈ ਉੱਠਿਆ। ਬਰਾਂਡੇ ਵਿੱਚ ਪਰਮਜੀਤ ਮਿਲਿਆ। ਮੈਂ ਜਾਂਦਾ ਜਾਂਦਾ ਰੁਕ ਗਿਆ। ‘‘ਪਰਮਜੀਤ, ਵਗਦੀ ਗੰਗਾ ’ਚ ਹੱਥ ਨਹੀਂ ਧੋਣੇ ਚਾਹੀਦੇ।’’ ਮੈਂ ‘ਨਹੀਂ’ ’ਤੇ ਕਾਫ਼ੀ ਜ਼ੋਰ ਲਾਇਆ। ਪਲ ਕੁ ਲਈ ਤਾਂ ਉਹ ਮੇਰੀ ਗੱਲ ਸਮਝਿਆ ਨਾ। ਫਿਰ ਹੈਰਾਨ ਹੁੰਦਿਆਂ ਬੋਲਿਆ, ‘‘ਤੁਸੀਂ ਸਰ ਅਜੇ ਉਸੇ ਗੱਲ ’ਤੇ ਈ ਖੜ੍ਹੇ ਓ।’’ ‘‘... ਹਾਂ ਪਰਮਜੀਤ, ਮੈਂ ਓਸੇ ਗੱਲ ’ਤੇ ਈ ਖੜ੍ਹਾ ਹਾਂ, ਤੇ ਮੈਂ ਹਰ ਉਸ ਗੱਲ ’ਤੇ ਖੜ੍ਹਨ ਦੀ ਕੋਸ਼ਿਸ਼ ਕਰਦਾ ਹਾਂ, ਜਿੱਥੇ ਮੈਨੂੰ ਲੱਗੇ ਕਿ ਖੜ੍ਹਨਾ ਚਾਹੀਦੈ।’’ ਇਹ ਕਹਿ ਮੈਂ ਉਹਦੇ ਕੋਲੋਂ ਤੁਰ ਪਿਆ।

Advertisement

Advertisement
Advertisement
Author Image

sukhwinder singh

View all posts

Advertisement