ਪਹਿਲੇ ਦੋ ਗੇੜ ਦੀ ਵੋਟਿੰਗ ’ਚ ਗੱਠਜੋੜ ਨੇ ਭਾਜਪਾ ਨੂੰ ਪਛਾੜਿਆ: ਉਮਰ
ਸ੍ਰੀਨਗਰ, 28 ਸਤੰਬਰ
ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਦਾਅਵਾ ਕੀਤਾ ਕਿ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਜੰਮੂ ਕਸ਼ਮੀਰ ’ਚ ਪਹਿਲੇ ਦੋ ਗੇੜਾਂ ’ਚ ਵੋਟਿੰਗ ’ਚ ਭਾਜਪਾ ਨੂੰ ਪਛਾੜਨ ਦੇ ਸਮਰੱਥ ਹੈ। ਉਨ੍ਹਾਂ ਬਾਰਮੂਲਾ ਜ਼ਿਲ੍ਹੇ ਦੇ ਤੰਗਮਰਗ ਇਲਾਕੇ ’ਚ ਚੋਣ ਮੁਹਿੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ (ਗੱਠਜੋੜ) ਪਹਿਲੇ ਦੋ ਗੇੜਾਂ ’ਚ ਵੋਟਿੰਗ ਦੌਰਾਨ ਭਾਜਪਾ ਦੀਆਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਸਾਨੂੰ ਆਸ ਹੈ ਕਿ ਇਹ ਰੁਝਾਨ ਤੀਜੇ ਗੇੜ ’ਚ ਵੀ ਜਾਰੀ ਰਹੇਗਾ।’ ਉਨ੍ਹਾਂ ਕਿਹਾ ਕਿ ਦੱਖਣੀ ਤੇ ਕੇਂਦਰੀ ਕਸ਼ਮੀਰ ’ਚ ਵੱਡੀ ਗਿਣਤੀ ਲੋਕਾਂ ਨੇ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ’ਚ ਵੋਟ ਪਾਈ ਹੈ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਤੀਜੇ ਗੇੜ ’ਚ ਭਾਰੀ ਵੋਟਿੰਗ ਦੀ ਆਸ ਹੈ ਜਿਸ ਦੌਰਾਨ ਲੋਕ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ’ਚ ਵੋਟ ਪਾਉਣਗੇ। ਜੰਮੂ ਕਸ਼ਮੀਰ ’ਚ ਸਰਕਾਰ ਦੇ ਗਠਨ ਬਾਰੇ ਭਾਜਪਾ ਆਗੂ ਰਵਿੰਦਰ ਰੈਣਾ ਦੇ ਬਿਆਨ ਬਾਰੇ ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਨੌਸ਼ਹਿਰਾ ਸੀਟ ਬਚਾਉਣ ਦਿਉ।’ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਬਰਾਂ ਮਿਲ ਰਹੀਆਂ ਹਨ ਕਿ ਚੌਧਰੀ ਸੁਰਿੰਦਰ ਨੌਸ਼ਹਿਰਾ ਸੀਟ ਤੋਂ ਜਿੱਤ ਰਹੇ ਹਨ। -ਪੀਟੀਆਈ
ਦਿੱਲੀ ਵੱਲੋਂ ਭੇਜੇ ਗਏ ਲੋਕਾਂ ਤੋਂ ਚੌਕਸ ਰਹਿਣ ਲੋਕ: ਫਾਰੂਕ
ਸ੍ਰੀਨਗਰ: ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਆਖਰੀ ਗੇੜ ਦੀ ਵੋਟਿੰਗ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੋਟਰਾਂ ਨੂੰ ਉਨ੍ਹਾਂ ਉਮੀਦਵਾਰਾਂ ਨੂੰ ਨਕਾਰ ਕੇ ਆਪਣੇ ਸਨਮਾਨ ਤੇ ਵੱਕਾਰ ਨੂੰ ਪਹਿਲ ਦੇਣ ਦੀ ਅਪੀਲ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ‘ਲੁਕੇ ਹੋਏ ਸ਼ੈਤਾਨ’ ਅਤੇ ‘ਦਿੱਲੀ ਵੱਲੋਂ ਭੇਜੇ ਗਏ ਵਿਅਕਤੀ’ ਕਰਾਰ ਦਿੱਤਾ। ਜੰਮੂ ਕਸ਼ਮੀਰ ’ਚ ਤੀਜੇ ਤੇ ਆਖਰੀ ਗੇੜ ਲਈ ਵੋਟਾਂ 1 ਅਕਤੂਬਰ ਨੂੰ ਪੈਣਗੀਆਂ। ਉਨ੍ਹਾਂ ਇੱਥੇ ਗੱਲਬਾਤ ਕਰਦਿਆਂ ਭਰੋਸਾ ਜ਼ਾਹਿਰ ਕੀਤਾ ਕਿ 90 ਮੈਂਬਰੀ ਵਿਧਾਨ ਸਭਾ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗੱਠਜੋੜ ਨੂੰ ਬਹੁਮਤ ਮਿਲੇਗਾ ਅਤੇ ਭਾਜਪਾ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸੱਤਾ ’ਚ ਨਹੀਂ ਆਵੇਗੀ। ਉਨ੍ਹਾਂ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਅਤੇ ਉਨ੍ਹਾਂ ਵੋਟ ਪਾਉਂਦੇ ਸਮੇਂ ਸੋਚ-ਸਮਝ ਕੇ ਫ਼ੈਸਲਾ ਲੈਣ ਲਈ ਕਿਹਾ।