ਸਲਮਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ਵਿੱਚ ਮੁਲਜ਼ਮਾਂ ਵੱਲੋਂ ਸੁਰੱਖਿਆ ਵਧਾਉਣ ਦੀ ਮੰਗ
ਮੁੰਬਈ, 4 ਸਤੰਬਰ
ਬੌਲੀਵੁਡ ਅਦਾਕਾਰ ਸਲਮਾਨ ਖਾਨ ਦੀ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਕੀਤੀ ਗਈ ਗੋਲੀਬਾਰੀ ਦੇ ਦੋ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਮਹਾਰਾਸ਼ਟਰ ਅਤੇ ਬਿਹਾਰ ਸਰਕਾਰ ਨੂੰ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਡਰਵਰਲਡ ਗੈਂਗਸਟਰ ਦਾਊਦ ਇਬਰਾਹਿਮ ਦੇ ਗੁੰਡਿਆਂ ਵੱਲੋਂ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਸਾਲ 14 ਅਪਰੈਲ ਨੂੰ ਸਲਮਾਨ ਦੀ ਰਿਹਾਇਸ਼ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਹਿਲੀ ਚਿੱਠੀ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਮੁਲਜ਼ਮ ਵਿੱਕੀ ਗੁਪਤਾ ਦੇ ਭਰਾ ਸੋਨੂੰ ਗੁਪਤਾ ਅਤੇ ਦੂਜੀ ਮੁਲਜ਼ਮ ਸਾਗਰ ਪਾਲ ਦੇ ਭਰਾ ਰਾਹੁਲ ਪਾਲ ਨੇ ਲਿਖੀ ਹੈ। ਦੋਵੇਂ ਮੁਲਜ਼ਮ ਇਸ ਵੇਲੇ ਤਲੋਜਾ ਜੇਲ੍ਹ ਵਿੱਚ ਬੰਦ ਹਨ। ਜਾਣਕਾਰੀ ਅਨੁਸਾਰ ਸੋਨੂੰ ਅਤੇ ਰਾਹੁਲ ਪਾਲ ਆਪੋ-ਆਪਣੇ ਭਰਾ ਨੂੰ ਮਿਲੇ ਅਤੇ ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦਾਊਦ ਦੇ ਗੁੰਡੇ ਉਨ੍ਹਾਂ ਨੂੰ ਮਾਰਨ ਲਈ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਦੋਵੇਂ ਮੁਲਜ਼ਮਾਂ ਨਾਲ ਉਨ੍ਹਾਂ ਦੇ ਸਹਿ-ਮੁਲਜ਼ਮ ਅਨੁਜ ਥਾਪਨ ਵਾਂਗ ਹੀ ਕੀਤਾ ਜਾ ਸਕਦਾ ਹੈ। ਅਨੁਜ ਦੀ ਮਈ ਵਿੱਚ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਜੇਲ ’ਚ ਬੰਦ ਮੁਲਜ਼ਮ ਵਿੱਕੀ ਗੁਪਤਾ ਦੇ ਵਕੀਲ ਨੇ ਦੱਸਿਆ, ‘‘ਵਿੱਕੀ ਗੁਪਤਾ ਅਤੇ ਸਾਗਰ ਪਾਲ ਨੇ ਆਪਣੀ ਜਾਨ ਦੀ ਰਾਖੀ ਲਈ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਹੈ।’’ -ਏਐੱਨਆਈ