For the best experience, open
https://m.punjabitribuneonline.com
on your mobile browser.
Advertisement

ਜੇਠ ਹਾੜ੍ਹ ਦੇ ਦੁਪਹਿਰੇ

06:10 AM Jun 25, 2024 IST
ਜੇਠ ਹਾੜ੍ਹ ਦੇ ਦੁਪਹਿਰੇ
Advertisement

ਗੁਰਮੇਲ ਸਿੰਘ ਸਿੱਧੂ

Advertisement

ਉਹ ਭਲੇ ਸਮੇਂ ਸਨ ਜਦੋਂ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ। ਮਸ਼ੀਨੀ ਯੁੱਗ ਦੀ ਸ਼ੁਰੂਆਤ ਮਹਾਂਨਗਰਾਂ, ਸ਼ਹਿਰਾਂ ਤੇ ਕਿਤੇ-ਕਿਤੇ ਕਸਬਿਆਂ ਵਿੱਚ ਹੋਈ ਸੀ। ਪਿੰਡਾਂ ਵਾਲੇ ਮਸ਼ੀਨੀਕਰਨ ਤੋਂ ਕੋਰੇ ਸਨ, ਕੱਚੇ ਦੁੱਧ ਵਰਗੇ। ਹਾਂ, ਜ਼ੈਲਦਾਰਾਂ ਦੇ ਜਾਂ ਵਲੈਤੋਂ ਆਏ ਬੰਦਿਆਂ ਦੇ ਘਰੀਂ ਜ਼ਰੂਰ ਆਧੁਨਿਕ ਸਹੂਲਤ ਵਾਲੀਆਂ ਵਸਤਾਂ ਹੁੰਦੀਆਂ; ਔਖ ਵਜੋਂ ਨਹੀਂ, ਸ਼ੌਕ ਵਜੋਂ। ਇਹ ਵਸਤਾਂ ਵੱਡੇ ਘਰਾਂ ਦੀ ਹਵੇਲੀ ਦਾ ਸਿ਼ੰਗਾਰ ਬਣ ਜਾਂਦੀਆਂ ਜਿਵੇਂ ਅਜੋਕੇ ਸ਼ੋਅ ਪੀਸ; ਜਿਵੇਂ ਹਨੇਰੇ ਵਿੱਚ ਦਿਸਦੀ ਚਮਕਣ ਵਾਲੀ ਘੜੀ, ਟਾਈਮ ਪੀਸ, ਪੱਖਾ, ਰੇਡੀਓ, ਟੇਪ ਰਿਕਾਰਡ, ਗਰਮ ਸਿਆਲੂ ਲੰਮੇ ਕੋਟ, ਛਤਰੀ, ਬੈਟਰੀ, ਬਰਸਾਤੀਆਂ, ਨਹੁੰ ਕੱਟਣੀ ਆਦਿ। ਇਨ੍ਹਾਂ ਵੱਲ ਦੇਖ ਕੇ ਬੰਦਾ ਸੋਚੀ ਜਾਂਦਾ: ਕਦੀ ਸਾਡੇ ਘਰ ਵੀ ਪੱਖਾ ਘੁੰਮੂ, ਅਲਾਰਮ ਵੱਜੂ? ਵੱਡਾ ਕੋਟ ਪਾ ਕੇ ਬਾਪੂ ਖੁੰਡਾਂ ’ਤੇ ਬੈਠੂ?... ਮਨ ਦੀ ਕਲਪਨਾ, ਗੁੰਜਾਇਸ਼ ਅੱਗੇ ਝੂਠੀ ਪੈ ਜਾਂਦੀ।
ਪੋਹ ਮਾਘ ਦੇ ਮਹੀਨੇ ਬਾਪੂ ਨੇ ਖੇਸ ਦੀ ਬੁੱਕਲ ਮਾਰ ਕੇ ਤੜਕੇ ਮੂੰਹ ਨ੍ਹੇਰੇ ਜਾਗਣਾ, ਨਲਕਾ ਗੇੜ ਕੇ ਮੂੰਹ ਹੱਥ ਧੋਣਾ, ਟੋਕਰਾ ਚੁੱਕ ਕੇ ਸਭ ਤੋਂ ਪਹਿਲਾਂ ਬਲਦਾਂ ਦੀ ਜੋੜੀ ਤੇ ਦੁਧਾਰੂ ਮੱਝ ਗਾਂ ਨੂੰ ਪੱਠਾ ਚਾਰਾ ਪਾਉਣਾ। ਬੇਬੇ ਨੇ ਵੀ ਖੜਕਾ ਸੁਣ ਕੇ ਜਾਗ ਪੈਣਾ, ਖੇਸੀ ਦੀ ਬੁੱਕਲ ਮਾਰੀ ਮੂੰਹ ਸਿਰ ਢੱਕ ਕੇ ਉੱਠਦੀ ਨੇ ਪੈਰ ਸਿੱਧਾ ਜੁੱਤੀ ਵਿੱਚ ਪਾਉਣਾ ਤੇ ਹੱਥ ਮੂੰਹ ਧੋ ਕੇ ਚੁੱਲ੍ਹੇ ਮੂਹਰੇ ਬਹਿ ਕੇ ਛਟੀਆਂ ਤੇ ਪਾਥੀਆਂ ਦੀ ਅੱਗ ਬਾਲ ਕੇ ਦਿਨ ਦਾ ਸ਼ੁਭ ਮਹੂਰਤ ਕਰ ਲੈਣਾ। ਬਾਪੂ ਪਹਿਲੀ ਚਾਹ ਸੜਾਕੇ ਮਾਰ-ਮਾਰ ਪੀਂਦਾ ਜੋ ਬਾਕੀ ਜੀਆਂ ਲਈ ਅਲਾਰਮ ਵੱਜ ਜਾਂਦਾ ਕਿ ਉੱਠਣ ਦਾ ਅਗਲਾ ਨੰਬਰ ਤੁਹਾਡਾ ਹੈ। ਚੁੱਲ੍ਹੇ ਦੀ ਅੱਗ ਪੋਹ ਮਾਘ ਦੇ ਮਹੀਨੇ ਤਾਂ ਖੰਡ ਵਰਗੀ ਲੱਗਦੀ ਪਰ ਜੇਠ ਦੇ ਮਹੀਨੇ ਚੁੱਲ੍ਹਾ ਦੋ-ਤਿੰਨ ਕਦਮ ਘੇਰੇ ਵਿੱਚ ਸੇਕ ਮਾਰਦਾ। ਉਂਝ, ਬੇਬੇ ਨੇ ਟੱਬਰ ਦਾ ਖਾਣਾ ਦਾਣਾ ਬਣਾਈਂ ਜਾਣਾ, ਵਰਤਾਈ ਜਾਣਾ। ਚੁੱਲ੍ਹੇ ਉੱਤੇ ਪਤੀਲਾ ਤੌੜੀ ਚੜ੍ਹੇ ਹੀ ਰਹਿੰਦੇ। ਦੋਹੀਂ ਹੱਥੀਂ ਕੰਮ ਕਰਦੀ ਸੀ ਮਾਂ। ਟੱਬਰ ਦੀਆਂ ਰੋਟੀਆਂ ਪਕਾਉਂਦੀ ਮਾਂ ਨੂੰ ਚੁੱਲ੍ਹੇ ਉੱਤੇ ਧੁੱਪ ਆ ਜਾਂਦੀ, ਉਹ ਕਿਸੇ ਨੂੰ ਆਵਾਜ਼ ਮਾਰ ਕੇ ਮੰਜਾ ਖੜ੍ਹਾ ਕਰਾ ਲੈਂਦੀ, ਉੱਤੇ ਕੋਈ ਦੋੜਾ ਪੱਲੀ ਜਾਂ ਪੁਰਾਣਾ ਕੱਪੜਾ ਪਾ ਦਿੰਦੇ। ਘਰ ਦੇ ਜੀਅ ਅੱਜ ਵਾਂਗ ‘ਹਾਏ ਗਰਮੀ! ਹਾਏ ਗਰਮੀ!!’ ਨਾ ਕਰਦੇ ਸਗੋਂ ਕੰਮ ਕਰੀ ਜਾਂਦੇ। ਹਾੜ੍ਹੀ ਸੰਭਾਲਣੀ, ਸਾਉਣੀ ਬੀਜਣ ਦੀ ਤਿਆਰੀ ਕਰਨੀ। ਰੌਣੀ ਕਰਨ ਲਈ ਖਾਲ਼ ਖੁਰਚਣੇ। ਇਕੱਠਿਆਂ ਕਈ ਘਰਾਂ ਦੇ ਬੰਦਿਆਂ ਨੇ ਘਰ-ਘਰ ਮਗਰ ਇੱਕ ਬੰਦਾ ਕਰ ਕੇ ਕੰਮ ਨੇਪਰੇ ਚਾੜ੍ਹਨਾ। ਨਹਿਰ ’ਚ ਆਉਂਦਾ ਨਿਆਮਤੀ ਪਾਣੀ ਸੰਭਾਲਿਆ ਜਾਵੇ, ਨਾਲ ਹੀ ਫਸਲ ਦੀ ਸੰਭਾਲ ਕਰਨੀ; ਹੋਰ ਕਿੰਨੇ ਕੰਮ ਹੁੰਦੇ ਕਬੀਲਦਾਰੀ ਦੇ, ਉਹ ਸਾਰੇ ਹੱਥੀਂ ਹੀ ਹੁੰਦੇ ਸਨ। ਜੇਠ ਹਾੜ੍ਹ ਦੇ ਤਪਦੇ ਮਹੀਨੇ ਖਾਲ਼ ’ਚ ਠੰਢੇ ਪਾਣੀ ਨਾਲ ਹੱਥ ਮੂੰਹ ਧੋ ਗੋਡਿਆਂ ਤੱਕ ਲੱਤਾਂ ਠੰਢੀਆਂ ਕਰ ਕੇ ਖੁਸ਼ ਹੋ ਜਾਂਦਾ ਸੀ ਬਾਪੂ। ਪਾਣੀ ਪੀਣ ਦੇ ਬਹਾਨੇ ਟਾਹਲੀ ਹੇਠ ਰੱਖੇ ਤੌੜੇ ਕੋਲ ਪੈਰਾਂ ਭਰ ਬਹਿ ਕੇ ਖਾਸਾ ਪਾਣੀ ਪੀ ਜਾਂਦਾ ਤੇ ਨਾਲ ਹੀ ਕਹਿਣਾ, “ਫੇਰ ਨੀ ਭਾਈ ਵਾਰ-ਵਾਰ ਆਇਆ ਜਾਂਦਾ।”
ਲੋਅ ਸ਼ੁਰੂ ਹੁੰਦੇ ਹੀ ਹਾਲ਼ੀ ਬਲਦਾਂ ਦਾ ਜੋਤਾ ਛੱਡ ਕੇ ਹਰਾ ਚਰਾ ਪਾ ਕੇ ਦਰਖਤਾਂ ਹੇਠ ਬਲਦਾਂ ਬੰਨ੍ਹ ਕੇ ਆਪ ਭੁੰਜੇ ਲਿਟ ਜਾਂਦਾ। ਕੋਈ ਕੋਈ ਸਰੀਰ ਦਾ ਕਮਜ਼ੋਰ ਜਾਂ ਸ਼ੌਂਕੀ ਕੱਪੜਾ ਭਿਓਂ ਕੇ ਆਪਣੇ ਉੱਤੇ ਲੈ ਲੈਂਦਾ ਤੇ ਪੁਰੇ ਦੀ ਵਗਦੀ ਲੋਅ ਦਾ ਏਸੀ ਬਣ ਜਾਂਦਾ! ਉਸ ਵੇਲੇ ਟਾਈਮ ਪੀਸ ਦੋ ਵਾਲੀ ਰੇਲ ਗੱਡੀ ਸੀ। ਵੱਡੇ ਹੋਇਆਂ ਪਤਾ ਲੱਗਿਆ ਕਿ ਸਾਡੇ ਪਿੰਡ ਬਰਾਂਡੇ ਵਾਲੇ ’ਟੇਸ਼ਨ ’ਤੇ ਰੇਲਵੇ ਵਿਭਾਗ ਦੀ ਸਮਾਂ ਸਾਰਨੀ ਅਨੁਸਾਰ ਉਸ ਗੱਡੀ ਦਾ ਸਹੀ ਟਾਈਮ ਦੁਪਹਿਰ ਦਾ ਇਕ ਵਜ ਕੇ ਚਾਲੀ ਮਿੰਟ ਸੀ। ਗੱਡੀ ਅੱਧਾ ਘੰਟਾ ਆਮ ਹੀ ਲੇਟ ਹੁੰਦੀ। ਕੋਈ ਵੀ ਕੰਮ ਕਰਨਾ ਜਾਂ ਗੱਲ ਸੁਣਨੀ ਸੁਣਾਉਣੀ- “ਤੂੰ ਉਸ ਵੇਲੇ ਕਿੱਥੇ ਸੀ, ਕੀ ਕਰਦਾ ਸੀ ਤੂੰ?” ਸੁਣਨ ਵਾਲੇ ਨੇ ਕਹਿਣਾ, “ਦੋ ਵਾਲੀ ਗੱਡੀ ਲੰਘੀ ਆ ਉਦੋਂ, ਮੈਂ ਨਹਿਰ ’ਤੇ ਗਿਆ ਹੋਇਆ ਸੀ ਪਾਣੀ ਦਾ ਤੌੜਾ ਭਰਨ।”
ਨਹਿਰ ’ਤੇ ਲੱਗ ਨਲਕੇ ਦਾ ਪਾਣੀ ਛਬੀਲ ਵਰਗਾ ਹੁੰਦਾ- ਠੰਢਾ ਮਿੱਠਾ। ਰੋਡੇ ਫਾਟਕਾਂ ਤੋਂ ਪਹਿਲਾਂ ਗੱਡੀ ਨੇ ਲੰਮੀ ਕੂਕ ਮਾਰਨੀ। ਬਹੁਤੇ ਹਾਲੀ ਪਾਲੀ ਕਾਮੇ ਗੱਡੀ ਦੇ ਹਿਸਾਬ ਨਾਲ ਚਾਹ ਧਰਦੇ। ਫਿਰ ਬੱਸਾਂ ਚੱਲ ਪਈਆਂ, ਛੋਟੀਆਂ ਸੜਕਾਂ ਬਣ ਗਈਆਂ। ਸਾਇਕਲਾਂ ’ਤੇ ਮਾਸਟਰ ਮਾਸਟਰਨੀਆਂ ਨੇ ਨੇੜਲੇ ਪਿੰਡਾਂ ਦੇ ਸਕੂਲ ਜਾਣਾ। ਪੜ੍ਹਾਕੂ ਬੱਚਿਆਂ ਨੇ ਲੰਘਣਾ ਜਾਂ ਦੋ ਚਾਰ ਮੁਸਾਫਿਰ ਨੇੜਲੇ ਪਿੰਡਾਂ ਦੇ ਰੋਜ਼ ਆਉਣ ਜਾਣ ਵਾਲੇ ਵੀ ਹੁੰਦੇ। ਉਨ੍ਹਾਂ ਨੂੰ ਨਿੱਤ ਉਸੇ ਸਮੇਂ ਦੇਖ ਕੇ ਵਕਤ ਦਾ ਅੰਦਾਜ਼ਾ ਹੋ ਜਾਂਦਾ। ਢਲਦੇ ਪਰਛਾਵੇਂ ਵੀ ਦੱਸਦੇ- ਪਾਣੀ ਵਾਲੇ ਤੌੜੇ ਨੂੰ ਧੁੱਪ ਆ ਗਈ, ਕਰੋ ਛਾਵੇਂ, ਪਾਣੀ ਤੱਤਾਂ ਹੋ ਜੂ। ਕਿਤੇ ਬੱਦਲਾਂ ਦੀ ਗੰਢ ਬਣ ਜਾਣੀ, ਬਾਪੂ ਹੋਰੀਂ ਗੱਲਾਂ ਕਰਦੇ-ਕਰਦੇ ਕਹਿੰਦੇ, “ਪਾਊਗਾ ਇੰਦਰ ਦੇਵਤਾ ਕਰਦਾ ਫਿਰਦਾ ਤਿਆਰੀ।”
ਇਵੇਂ ਹੀ ਕੰਮ ਕਰਦਿਆਂ ਜੇਠ ਹਾੜ੍ਹ ਲੰਘ ਜਾਂਦੇ। ਜੇਠ ਦੇ ਪਿਛਲੇ ਪੱਖ ਵਿੱਚ ਇੱਕ ਅੱਧਾ ਛੜਾਕਾ ਜਾਂ ਹਵਾ ਆ ਜਾਣੀ; ਪੂਰੀ ਬਨਸਪਤੀ, ਮਨੁੱਖ ਤੇ ਜੀਵ ਜੰਤੂ ਵਿੱਚ ਖੁਸ਼ੀ ਪਲਮਦੀ। ਪੱਛਮੀ ਪੌਣਾਂ ਜੇਠ ਹਾੜ੍ਹ ਨੂੰ ਸਾਉਣ ਮਹੀਨੇ ਵਿੱਚ ਬਦਲਦੀਆਂ, ਜੀਵ ਜੰਤੂ ਤੇ ਬਨਸਪਤੀ ਨੂੰ ਪੰਜ ਚਾਰ ਮਹੀਨਿਆਂ ਦੀ ਖੁਰਾਕ ਦੇ ਜਾਂਦੀਆਂ।
ਸੰਪਰਕ: 95931-82111

Advertisement
Author Image

joginder kumar

View all posts

Advertisement
Advertisement
×