ਅਜੋਕੇ ਸਮਿਆਂ ਵਿੱਚ ਡਾ. ਅੰਬੇਡਕਰ
ਵਰਗਿਸ ਸਲਾਮਤ
ਸੰਵਿਧਾਨ ਘਾੜਨੀ ਸਭਾ ਨੇ ਆਜ਼ਾਦ ਭਾਰਤ ਦਾ ਸੰਵਿਧਾਨ ਲਗਭਗ ਤਿੰਨ ਸਾਲਾਂ ਦੇ ਗਹਿਨ ਅਧਿਐਨ ਅਤੇ ਪੁਖ਼ਤਾ ਦਲੀਲਾਂ ਰਾਹੀਂ ਤਰਾਸ਼ਦਿਆਂ ਤਿਆਰ ਕੀਤਾ। ਸੰਸਦ ਵਿੱਚ ਇਸ ਵਿਚਲੇ ਨੁਕਤਿਆਂ ਬਾਰੇ ਬਹਿਸ ਹੋਈ। ਉਸ ਦੌਰਾਨ ਡਾ. ਅੰਬੇਡਕਰ ਕਿਹਾ ਕਿ ਸੰਵਿਧਾਨ ਭਾਵੇਂ ਕਿੰਨਾ ਵੀ ਚੰਗਾ ਹੋਵੇ ਅਗਰ ਉਸ ਦੀ ਵਰਤੋਂ ਬੁਰੀ ਹੋਵੇਗੀ ਤਾਂ ਉਹ ਬੁਰਾ ਸਾਬਿਤ ਹੋਵੇਗਾ ਅਤੇ ਕੋਈ ਸੰਵਿਧਾਨ ਭਾਵੇਂ ਕਿੰਨਾ ਵੀ ਬੁਰਾ ਹੋਵੇ ਤੇ ਜੇ ਉਸ ਦੀ ਵਰਤੋਂ ਕਰਨ ਵਾਲੇ ਲੋਕ ਚੰਗੇ ਹਨ ਤਾਂ ਸੰਵਿਧਾਨ ਓਨਾ ਹੀ ਚੰਗਾ ਸਾਬਿਤ ਹੋਵੇਗਾ। ਬਾਬਾ ਸਾਹਿਬ ਦੇ ਇਹ ਸ਼ਬਦ ਅਜੋਕੇ ਸਿਆਸਤਦਾਨਾਂ ਲਈ ਵੀ ਕਸਵੱਟੀ ਹਨ ਜਿਸ ਨਾਲ ਅੰਦਰੂਨੀ ਤੇ ਬਾਹਰੀ, ਚੰਗੀ ਤੇ ਮਾੜੀ ਸਿਆਸਤ ਦਾ ਪਤਾ ਲਗਾਇਆ ਜਾ ਸਕਦਾ ਹੈ।
ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਸਮੁੱਚੇ ਹਿੰਦੋਸਤਾਨ (ਭਾਵ ਅਜੋਕਾ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ਵਿੱਚੋਂ 9 ਜਨਵਰੀ 1946 ਇੱਕ ਸੰਵਿਧਾਨ ਸਭਾ ਚੁਣੀ ਗਈ। ਜੂਨ 1947 ਤੱਕ ਇਸ ਦੇ 389 ਮੈਂਬਰ ਸਨ ਪਰ 15 ਅਗਸਤ 1947 ਮਗਰੋਂ ਇਸ ਦੇ 299 ਮੈਂਬਰ ਰਹਿ ਗਏ। ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਸੰਸਦ ਵਿੱਚ ਪੇਸ਼ ਕੀਤਾ। 26 ਜਨਵਰੀ 1950 ਸੰਵਿਧਾਨ ਲਾਗੂ ਕਰ ਦਿੱਤਾ ਗਿਆ।
ਭਾਰਤੀ ਸੰਵਿਧਾਨ ਦੀ ਅਹਿਮੀਅਤ ਦੇ ਮੱਦੇਨਜ਼ਰ ਸੰਵਿਧਾਨ ਸਭਾ ਦੇ ਮੁਖੀ ਡਾ. ਭੀਮ ਰਾਓ ਅੰਬੇਡਕਰ ਬਾਰੇ ਗੱਲ ਕਰਨੀ ਬਣਦੀ ਹੈ। ਡਾ. ਅੰਬੇਡਕਰ ਦਾ ਜਨਮ 14 ਅਪਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਪਿੰਡ ਦੇ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ। ਉਹ ਆਪਣੇ ਮਾਪਿਆਂ ਰਾਮਜੀ ਮਾਲੋਜੀ ਸਕਪਾਲ ਅਤੇ ਭੀਮਾਬਾਈ ਦੀ ਚੌਦ੍ਹਵੀਂ ਸੰਤਾਨ ਸਨ। ਸੰਨ 1906 ਵਿੱਚ ਭੀਮ ਰਾਓ ਦਾ ਬਾਲ ਵਿਆਹ ਰਾਮਾਬਾਈ ਨਾਲ ਹੋਇਆ। ਭੈਣ ਭਰਾਵਾਂ ’ਚੋਂ ਪੜ੍ਹਾਈ ਵਿੱਚ ਸਿਰਫ਼ ਭੀਮ ਰਾਓ ਹੀ ਹਾਈ ਕਲਾਸ ਤੱਕ ਪਹੁੰਚੇ ਅਤੇ ਫਿਰ ਰੁਕੇ ਨਹੀਂ।
ਵਰਣ ਤੇ ਵਰਗ ਵੰਡ ਵਾਲੇ ਮਾਹੌਲ ਵਿੱਚ ਭੀਮ ਰਾਓ ਨੂੰ ਮੁੱਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਸਮਾਜਿਕ ਨਾਬਰਾਬਰੀ ਅਤੇ ਬੁਰੇ ਵਿਹਾਰ ਦਾ ਕੌੜਾ ਘੁੱਟ ਪੀਣਾ ਪੈਂਦਾ ਰਿਹਾ। ਮਹਾਰਾਜਾ ਬੜੌਦਾ ਸਿਆਜੀ ਰਾਓ ਗਾਇਕਵਾੜ ਅਤੇ ਮਹਾਰਾਜਾ ਕੋਹਲਾਪੁਰ ਸ਼ਾਹੂਜੀ ਮਹਾਰਾਜ ਜਿਹੇ ਰਹਿਮਦਿਲ ਇਨਸਾਨਾਂ ਦਾ ਅੰਬੇਡਕਰ ਦੇ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਜ਼ਿਕਰਯੋਗ ਯੋਗਦਾਨ ਰਿਹਾ। ਬਾਬਾ ਸਾਹਿਬ ਨੇ ਐੱਮ.ਏ., ਪੀਐੱਚ.ਡੀ., ਡੀ.ਐੱਸ.ਸੀ., ਐੱਲ.ਐਲ.ਬੀ, ਡੀ.ਲਿੱਟ., ਬਾਰ-ਐਟ-ਲਾਅ. ਆਦਿ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ। ਇਉਂ ਉਨ੍ਹਾਂ ਦੀ ਸੋਚ ਤੇ ਸਮਝ ਦਾ ਦਾਇਰਾ ਬਹੁਤ ਵਿਸ਼ਾਲ ਹੋ ਚੁੱਕਾ ਸੀ। ਉਨ੍ਹਾਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੇ ਵਿਦਿਅਕ ਗਿਆਨ ਅਤੇ ਵਰਣ-ਵਰਗ ਵੰਡ ਦੇ ਵਧੀਕੀਆਂ ਭਰੇ ਤਜਰਬਿਆਂ ਨੂੰ ਆਪਣੀ ਤਾਕਤ ਬਣਾ ਕੇ ਆਪਣਾ ਜੀਵਨ ਦੇਸ਼ ਦੇ ਸਮਾਜਿਕ ਅਤੇ ਸਿਆਸੀ ਖੇਤਰ ਵਿੱਚ ਜਨ-ਹਿਤ ਲੇਖੇ ਲਾਇਆ।
ਮਹਾਰਾਜਾ ਬੜੌਦਾ ਦੀ ਨੌਕਰੀ ਛੱਡ ਕੇ ਉਨ੍ਹਾਂ ਨੇ ਬੰਬਈ ਵਿਖੇ ਵਕਾਲਤ ਕੀਤੀ। ਸਮਾਜਿਕ ਬੁਰਾਈਆਂ ਖਿਲਾਫ਼ ਜਥੇਬੰਦ ਹੋ ਕੇ ਯੋਜਨਾਬੱਧ ਢੰਗ ਨਾਲ ਨਜਿੱਠਣ ਦਾ ਮਿਸ਼ਨ ਬਣਾਇਆ। ਵਿਤਕਰਾਪੂਰਨ ਮਨੂੰਵਾਦੀ ਵਿਚਾਰਧਾਰਾ ਨੂੰ ਉਨ੍ਹਾਂ ਨੇ ਆਪਣੇ ਖੋਜ ਕਾਰਜ ਰਾਹੀਂ ਬੌਧਿਕ ਅਤੇ ਇਤਿਹਾਸਕ ਪੱਧਰ ’ਤੇ ਵੰਗਾਰਿਆ। ਉਨ੍ਹਾਂ ਨੇ ਪ੍ਰਾਚੀਨ ਗ੍ਰੰਥਾਂ ਨੂੰ ਇਤਿਹਾਸ ਦੀ ਕਸਵੱਟੀ ’ਤੇ ਪਰਖਦਿਆਂ ਨਤੀਜਾ ਕੱਢਿਆ ਕਿ ਭਾਰਤ ਵਿੱਚ ਛੂਤ-ਛਾਤ ਦੀ ਸ਼ੁਰੂਆਤ 600 ਈਸਵੀ ਵਿੱਚ ਹੋਈ ਅਤੇ ਛੂਤ-ਛਾਤ ਨੂੰ ਉਸ ਸਮੇਂ ਦੀ ਵਿਵਸਥਾ ਵਿੱਚ ਸ਼ਾਮਿਲ ਕਰਨ ਲਈ ਸਾਜ਼ਿਸ਼ ਤਹਿਤ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਤਬਦੀਲੀਆਂ ਕਰ ਦਿੱਤੀਆਂ ਗਈਆਂ। ਉਸ ਸਮੇਂ ਦੇ ਧਾਰਮਿਕ ਅਤੇ ਰਾਜਨੀਤਿਕ ਗੱਠਜੋੜ ਦੀ ਵਿਵਸਥਾ ਨੇ ਅਖੌਤੀ ਨੀਵੇਂ ਵਰਗਾਂ ਨੂੰ ਦਲਿਤ ਅਤੇ ਪਲੀਤ ਐਲਾਨ ਕੇ ਆਪਣੇ ਆਪ ਨੂੰ ਉੱਚ ਸਥਾਪਿਤ ਕਰ ਲਿਆ ਅਤੇ ਉਨ੍ਹਾਂ ਵਿੱਚ ਹੀਣ ਭਾਵਨਾ ਭਰ ਦਿੱਤੀ। ਉਨ੍ਹਾਂ ਦੀ ਮਾਨਸਿਕਤਾ ਗ਼ੁਲਾਮਾਂ ਵਾਲੀ ਬਣਾ ਦਿੱਤੀ। ਉਹ ਹੀਣ ਹੁੰਦੇ ਹੁੰਦੇ ਨੀਚ ਬਣ ਗਏ। 1800 ਸਾਲਾਂ ਤੋਂ ਇਹ ਸਿਲਸਿਲਾ ਚਲਦਾ ਰਿਹਾ। ਇਨ੍ਹਾਂ ਤੱਥਾਂ ਦੀ ਸ਼ਸ਼ੀ ਥਰੂਰ ਆਪਣੀ ਪੁਸਤਕ ‘ਵਾਇ ਆਇ ਐਮ ਹਿੰਦੂ’ ਵਿੱਚ ਪੁਸ਼ਟੀ ਕਰਦੇ ਹਨ।
ਮਹਾਤਮਾ ਗਾਂਧੀ ਵੀ ਜਾਤ-ਪਾਤ ਅਤੇ ਹੋਰ ਕੁਰੀਤੀਆਂ ਤੋਂ ਪਰੇਸ਼ਾਨ ਸਨ ਪਰ ਇਸ ਦੇ ਹੱਲ ਸਬੰਧੀ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਵਿੱਚ ਮਤਭੇਦ ਸਨ। ਬਾਬਾ ਸਾਹਿਬ ਮੁਤਾਬਿਕ ਸਦੀਆਂ ਦੇ ਸੋਸ਼ਣ ਅਤੇ ਵਿਤਕਰੇ ਤੋਂ ਨਿਜਾਤ ਪਾਉਣ ਲਈ ਸੰਵਿਧਾਨਕ ਸੁਰੱਖਿਆ ਦੀ ਲੋੜ ਹੈ ਕਿਉਂਕਿ ਮੂਲ ਰੂਪ ਵਿੱਚ ਇਹ ਸਮੱਸਿਆ ਸਿਆਸੀ ਹੈ ਧਾਰਮਿਕ ਨਹੀਂ। ਡਾ. ਅੰਬੇਡਕਰ ਨੇ ਭਾਰਤ ਨੂੰ ਸੰਵਿਧਾਨ ਤਹਿਤ ਸਾਰੇ ਨਾਗਰਿਕਾਂ ਲਈ ਹਰ ਤਰ੍ਹਾਂ ਦੀ ਆਜ਼ਾਦੀ ਅਤੇ ਸਮਾਨਤਾ ਯਕੀਨੀ ਬਣਾਉਣ ਲਈ ਕਾਰਜ ਕੀਤਾ।
ਡਾ. ਭੀਮ ਰਾਓ ਅੰਬੇਡਕਰ ਵਿਸ਼ਵ ਪ੍ਰਸਿੱਧ ਕਾਨੂੰਨਸਾਜ਼, ਅਰਥਸ਼ਾਸਤਰੀ, ਨੀਤੀਵਾਨ, ਸਮਾਜ ਸ਼ਾਸਤਰੀ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਦੱਬੇ-ਕੁਚਲੇ ਵਰਗਾਂ ਦੇ ਲੋਕਾਂ ਨਾਲ ਹੁੰਦੇ ਸਮਾਜਿਕ ਭੇਦਭਾਵ ਖਿਲਾਫ਼ ਪ੍ਰਚਾਰ ਕੀਤਾ। ਔਰਤਾਂ ਅਤੇ ਕਿਰਤੀਆਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਸਨ। ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਗਣਰਾਜ ਦੇ ਮੋਢੀ ਸਨ। ਉਹ ਸ਼ੂਗਰ ਦੇ ਮਰੀਜ਼ ਸਨ। ਉਨ੍ਹਾਂ ਦਾ ਦੇਹਾਂਤ 6 ਦਸੰਬਰ 1956 ਨੂੰ ਹੋਇਆ। 31 ਦਸੰਬਰ 1990 ਨੂੰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਦੇ ਸਰਬਉੱਚ ਸਤਿਕਾਰ ਭਾਰਤ ਰਤਨ ਨਾਲ ਨਿਵਾਜਿਆ। ਅਜੋਕੇ ਸਮਿਆਂ ਵਿੱਚ ਸਿਆਸਤ ਅਤੇ ਸਮਾਜ ’ਚ ਆਏ ਨਿਘਾਰ ਕਾਰਨ ਡਾ. ਅੰਬੇਡਕਰ ਦੀ ਅਹਿਮੀਅਤ ਬਰਕਰਾਰ ਹੈ।
ਸੰਪਰਕ: 98782-61522