For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਹਨੇਰੀ ਤੇ ਮੀਂਹ ਨੇ ਵਿਛਾਇਆ ਝੋਨਾ

07:12 AM Oct 11, 2023 IST
ਪੰਜਾਬ ’ਚ ਹਨੇਰੀ ਤੇ ਮੀਂਹ ਨੇ ਵਿਛਾਇਆ ਝੋਨਾ
ਮੀਂਹ ਕਾਰਨ ਨੁਕਸਾਨੀ ਫਸਲ ਦੇਖ ਕੇ ਝੂਰਦਾ ਹੋਇਆ ਕਿਸਾਨ। -ਫੋਟੋ: ਰਾਜੇਸ਼ ਸੱਚਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 10 ਅਕਤੂਬਰ
ਪੰਜਾਬ ਵਿੱਚ ਮੰਗਲਵਾਰ ਰਾਤ ਕਈ ਇਲਾਕਿਆਂ ’ਚ ਝੱਖੜ ਤੇ ਤੇਜ਼ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਝੱਖੜ ਤੇ ਮੀਂਹ ਕਰਕੇ ਜਿੱਥੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਵਿਛ ਗਈਆਂ, ਉਥੇ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ, ਜਿਸ ਨੇ ਕਿਸਾਨਾਂ ਲਈ ਨਵੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਪਟਿਆਲਾ ਦੇ ਭੁਨਰਹੇੜੀ ਵਿੱਚ ਹੋਈ ਗੜੇਮਾਰੀ ਅਤੇ ਪਟਿਆਲਾ ਤੇ ਫਤਿਹਗੜ੍ਹ ਸਾਹਿਬ ’ਚ ਪਏ ਭਾਰੀ ਮੀਂਹ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਹਨ। ਮੀਂਹ ਕਰਕੇ ਝੋਨੇ ਦੀ ਵਾਢੀ ’ਚ ਦੇਰੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸੂਬੇ ’ਚ ਮੀਂਹ ਤੇ ਝੱਖੜ ਕਰਕੇ ਫਸਲਾਂ ਦੇ ਖਰਾਬੇ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਮੰਡੀਆਂ ਵਿੱਚ ਝੋਨਾ ਭਿਜਣ ਕਰਕੇ ਸੂਬਾ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਫਸਲ ਹੱਥੋ-ਹੱਥ ਖਰੀਦਣ ਦੇ ਹੁਕਮ ਦਿੱਤੇ ਸਨ। ਕਈ ਥਾਵਾਂ ’ਤੇ ਫ਼ਸਲਾਂ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 23.3 ਮਿਲੀਮੀਟਰ ਮੀਂਹ ਪਿਆ ਹੈ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ’ਚ 19 ਐੱਮਐੱਮ ਮੀਂਹ ਪਿਆ। ਮੀਂਹ ਪੈਣ ਕਰਕੇ ਦੋਵਾਂ ਸ਼ਹਿਰਾਂ ’ਚ ਹਰ ਪਾਸੇ ਪਾਣੀ ਜਮ੍ਹਾਂ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ’ਚ 4 ਐੱਮਐੱਮ, ਅੰਮ੍ਰਿਤਸਰ 17.6, ਲੁਧਿਆਣਾ 13.8, ਪਠਾਨਕੋਟ 5.6, ਗੁਰਦਾਸਪੁਰ 12.5, ਨਵਾਂ ਸ਼ਹਿਰ 3, ਬਰਨਾਲਾ 1.5, ਫਿਰੋਜ਼ਪੁਰ 12.5, ਜਲੰਧਰ 16.5, ਮੁਹਾਲੀ 2.5 ਤੇ ਰੋਪੜ ਵਿੱਚ 2.5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 13 ਅਕਤੂਬਰ ਤੋਂ ਮੁੜ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਵਿਗਾੜ ਦੇ ਚਲਦਿਆਂ 13 ਤੋਂ 16 ਅਕਤੂਬਰ ਤੱਕ ਮੌਸਮ ਖਰਾਬ ਹੋ ਸਕਦਾ ਹੈ। ਸੂਬੇ ਵਿੱਚ ਲੰਘੀ ਰਾਤ ਪਏ ਮੀਂਹ ਕਰਕੇ ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਕਰਕੇ 24 ਘੰਟਿਆਂ ਦੌਰਾਨ ਸੂਬੇ ’ਚ ਵੱਧ ਤੋਂ ਵੱਧ ਤਾਪਮਾਨ ’ਚ 2 ਤੋਂ 4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ 2 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਵਿੱਚ ਤਾਪਮਾਨ ’ਚ ਆਈ ਗਿਰਾਵਟ ਕਰਕੇ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਸੂਬੇ ’ਚ ਬਿਜਲੀ ਦੀ ਮੰਗ ਵੀ ਘਟੀ ਹੈ। ਸੂਬੇ ਵਿੱਚ ਬਿਜਲੀ ਦੀ ਮੰਗ 8 ਤੋਂ 10 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ।

Advertisement

ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ

ਕਸ਼ਮੀਰ ਦੇ ਜ਼ੋਜ਼ਿਲਾ ਪਾਸ ’ਤੇ ਹੋਈ ਤਾਜ਼ਾ ਬਰਫਬਾਰੀ। -ਫੋਟੋ: ਏਐੱਨਆਈ

ਸ਼ਿਮਲਾ/ਗੰਧਰਬਲ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ, ਲਾਹੌਲ ਤੇ ਸਪਿਤੀ, ਕੁੱਲੂ, ਮੰਡੀ ਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚੇ ਪਹਾੜੀ ਇਲਾਕਿਆਂ ’ਚ ਲੰਘੀ ਰਾਤ ਦਰਮਿਆਨੀ ਬਰਫਬਾਰੀ ਹੋਈ ਜਦਕਿ ਹੇਠਲੇ ਇਲਾਕਿਆਂ ’ਚ ਹਨੇਰੀ ਚੱਲਣ ਦੇ ਨਾਲ-ਨਾਲ ਮੀਂਹ ਪਿਆ ਹੈ। ਦੂਜੇ ਪਾਸੇ ਬਰਫਬਾਰੀ ਮਗਰੋਂ ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਜ਼ੋਜਿਲਾ ਪਾਸ ਆਵਾਜਾਈ ਲਈ ਬੰਦ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਕੁੱਲੂ ਵਿੱਚ ਰੋਹਤਾਂਗ ਪਾਸ ਅਤੇ ਸ਼ਿਮਲਾ ’ਚ ਚਾਂਸੇਲ ਦੇ ਉੱਚੇ ਪਹਾੜਾਂ ’ਤੇ ਦਰਮਿਆਨੀ ਬਰਫ ਪਈ ਹੈ। ਲੰਘੇ 24 ਘੰਟਿਆਂ ਅੰਦਰ ਹੋਈ ਤਾਜ਼ਾ ਬਰਫਬਾਰੀ ਕਾਰਨ ਘੱਟੋ ਘੱਟ ਤਾਪਮਾਨ ’ਚ 6 ਤੋਂ 9 ਡਿਗਰੀ ਤੱਕ ਦੀ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ’ਚ ਕੇਲਾਂਗ 1.1 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਸਥਾਨ ਰਿਹਾ। ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਦੀ ਪੁਸ਼ਟੀ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਕਿਹਾ ਕਿ 14 ਅਕਤੂਬਰ ਤੋਂ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਹੋਣ ਤੇ ਹੇਠਲੇ ਪਹਾੜੀ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਬਿਲਾਸਪੁਰ ਜ਼ਿਲ੍ਹੇ ਦੇ ਬ੍ਰਾਹਮਨੀ ’ਚ 18 ਐੱਮਐੱਮ, ਊਨਾ ’ਚ 16, ਭਰਮੌਰ ’ਚ 14.5 ਡਲਹੌਜ਼ੀ ’ਚ 13, ਭੁੰਤਰ ’ਚ 8, ਪਾਲਮਪੁਰ ’ਚ 7.5 ਜਦਕਿ ਸ਼ਿਮਲਾ ’ਚ 6 ਐੱਮਐੱਮ ਮੀਂਹ ਪਿਆ ਹੈ। ਤਾਜ਼ਾ ਬਰਫ਼ਬਾਰੀ ਕਾਰਨ ਕੁੱਲੂ ਅਤੇ ਲਾਹੌਲ ਤੇ ਸਪਿਤੀ ਤੋਂ ਇਲਾਵਾ ਹੋਰ ਪਹਾੜੀ ਇਲਾਕਿਆਂ ’ਚ ਹੋਟਲ ਮਾਲਕਾਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਆ ਗਈ ਹੈ।
ਉੱਧਰ ਤਾਜ਼ਾ ਬਰਫ਼ਬਾਰੀ ਕਾਰਨ ਗਾਂਦਰਬਲ ਜ਼ਿਲ੍ਹੇ ’ਚ ਜ਼ੋਜਿਲਾ ਪਾਸ ਆਵਾਜਾਈ ਲਈ ਬੰਦ ਹੋ ਗਿਆ ਜਿਸ ਕਾਰਨ ਵੱਡੀ ਗਿਣਤੀ ਮੁਸਾਫਰ ਇੱਥੇ ਫਸੇ ਰਹੇ। ਕਾਰਗਿਲ ਪੁਲੀਸ ਨੇ ਦੱਸਿਆ ਕਿ ਬਰਫਬਾਰੀ ਮਗਰੋਂ ਜ਼ੋਜਿਲਾ ਪਾਸ ਬੰਦ ਹੋਣ ਕਾਰਨ ਸੋਨਮਰਗ-ਜ਼ੋਜਿਲਾ ਕੌਮੀ ਮਾਰਗ ’ਤੇ ਤਕਰੀਬਨ ਇੱਕ ਘੰਟਾ ਆਵਾਜਾਈ ਬੰਦ ਰਹੀ। -ਪੀਟੀਆਈ/ਏਐੱਨਆਈ

Advertisement
Author Image

sukhwinder singh

View all posts

Advertisement
Advertisement
×