For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ‘ਹੱਥ’ ਨੇ ਬਦਲੇ ‘ਹਾਲਾਤ’

06:54 AM Jun 05, 2024 IST
ਪੰਜਾਬ ਵਿੱਚ ‘ਹੱਥ’ ਨੇ ਬਦਲੇ ‘ਹਾਲਾਤ’
Advertisement

* ਹਰਸਿਮਰਤ ਬਠਿੰਡਾ ਤੋਂ ਜਿੱਤੀ, ਪਰ ਅਕਾਲੀ ਦਲ ਤੇ ਭਾਜਪਾ ਨੇ ਅੱਡੋ-ਅੱਡ ਚੋਣ ਲੜਨ ਦਾ ਭੁਗਤਿਆ ਖ਼ਮਿਆਜ਼ਾ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੂਨ
ਲੋਕ ਸਭਾ ਚੋਣਾਂ ’ਚ ਪੰਜਾਬ ਨੇ ਕਾਂਗਰਸ ਦਾ ‘ਹੱਥ’ ਫੜਿਆ ਹੈ। ਪੰਜਾਬੀਆਂ ਨੇ ਇਨ੍ਹਾਂ ਚੋਣਾਂ ਵਿਚ ਸੱਤਾਧਾਰੀਆਂ ਦੇ ਉਲਟ ਭੁਗਤਣ ਦੀ ਆਪਣੀ ਰਵਾਇਤ ਨੂੰ ਵੀ ਕਾਇਮ ਰੱਖਿਆ। ਕਾਂਗਰਸ ਨੂੰ ਪੰਜਾਬ ਦੀਆਂ 13 ਸੀਟਾਂ ’ਚੋਂ ਸੱਤ ਸੀਟਾਂ ਮਿਲੀਆਂ ਹਨ ਜਦੋਂ ਕਿ ‘ਆਪ’ ਦੇ ਹਿੱਸੇ ਤਿੰਨ ਸੀਟਾਂ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸੀਟ ਜਿੱਤ ਕੇ ਆਪਣਾ ਗੜ੍ਹ ਬਚਾਉਣ ਵਿਚ ਸਫਲ ਰਿਹਾ ਹੈ ਜਦੋਂ ਕਿ ਭਾਜਪਾ ਨੂੰ ਪੰਜਾਬੀਆਂ ਨੇ ਕੋਈ ਬਹੁਤਾ ਹੁੰਗਾਰਾ ਨਹੀਂ ਦਿੱਤਾ ਹੈ। ਉਂਜ, ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਆਪਣਾ ਵੋਟ ਸ਼ੇਅਰ ਵਧਾ ਸਕੀ ਹੈ, ਪਰ ਵੋਟ ਫੀਸਦ ਦੁੱਗਣਾ ਕਰਨ ਵਿਚ ਫ਼ੇਲ੍ਹ ਰਹੀ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਾਕਾ ਨੀਲਾ ਤਾਰਾ ਦੇ ਬਰਸੀ ਦਿਹਾੜੇ ਦੇ ਹਵਾਲੇ ਨਾਲ ਜਿੱਤ ਦੇ ਜਸ਼ਨ ਮਨਾਉਣ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ ਕਰਕੇ ਬਹੁਤੇ ਉਮੀਦਵਾਰਾਂ ਨੇ ਜਥੇਦਾਰ ਦੇ ਹੁਕਮਾਂ ’ਤੇ ਫੁੱਲ ਚੜ੍ਹਾਏ। ‘ਇੰਡੀਆ ਗੱਠਜੋੜ’ ਵਿਚ ਮੁੱਖ ਹਿੱਸੇਦਾਰ ਹੋਣ ਦੇ ਬਾਵਜੂਦ ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਨੇ ਵੱਖੋ-ਵੱਖ ਹੋ ਕੇ ਚੋਣਾਂ ਲੜੀਆਂ, ਪਰ ਗੱਠਜੋੜ ਦੀ ਝੋਲੀ ਪੰਜਾਬ ’ਚੋਂ 10 ਸੀਟਾਂ ਪੈ ਗਈਆਂ ਹਨ। ‘ਆਪ’ ਨੇ ਚੋਣ ਮੈਦਾਨ ਵਿਚ ਪੰਜ ਕੈਬਨਿਟ ਮੰਤਰੀ ਉਤਾਰੇ ਸਨ ਜਿਨ੍ਹਾਂ ’ਚੋਂ ਸਿਰਫ਼ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਹੀ ਜਿੱਤ ਸਕੇ। ਇਸੇ ਤਰ੍ਹਾਂ ਚੋਣ ਲੜ ਰਹੇ ‘ਆਪ’ ਦੇ ਤਿੰਨ ਵਿਧਾਇਕਾਂ ਨੂੰ ਵੀ ਸਫਲਤਾ ਨਹੀਂ ਮਿਲੀ। ਪੰਜਾਬ ਵਿਚ ਸਭ ਤੋਂ ਵੱਡੀ ਜਿੱਤ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਤੇ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਦਰਜ ਕੀਤੀ। ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐੱਨਐੱਸਏ ਤਹਿਤ ਬੰਦ ਅੰਮ੍ਰਿਤਪਾਲ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫ਼ਰਕ ਨਾਲ ਹਰਾਇਆ। ਖਡੂਰ ਸਾਹਿਬ ਹਲਕੇ (ਪੁਰਾਣਾ ਤਰਨ ਤਾਰਨ) ਨੇ ਜੇਲ੍ਹ ’ਚ ਬੰਦ ਕਿਸੇ ਉਮੀਦਵਾਰ ਨੂੰ ਦੂਜੀ ਵਾਰ ਜਿਤਾਇਆ ਹੈ। ਇਸ ਤੋਂ ਪਹਿਲਾਂ ਜੇਲ੍ਹ ’ਚ ਬੰਦ ਸਿਮਰਨਜੀਤ ਸਿੰਘ ਮਾਨ ਨੂੰ 1989 ਦੀਆਂ ਚੋਣਾਂ ਵਿਚ ਜਿਤਾਇਆ ਸੀ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਲਈ ਜ਼ਿੰਮੇਵਾਰ ਸ਼ਹੀਦ ਬੇਅੰਤ ਸਿੰਘ ਦੇ ਲੜਕੇ ਸਰਬਜੀਤ ਸਿੰਘ ਖ਼ਾਲਸਾ ਨੇ ਹਲਕਾ ਫ਼ਰੀਦਕੋਟ ਤੋਂ ਵਿਰੋਧੀ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ 70,053 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਖਡੂਰ ਸਾਹਿਬ ਅਤੇ ਫ਼ਰੀਦਕੋਟ ਹਲਕੇ ਵਿਚ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਮੁੱਦੇ ਅਤੇ ਨਸ਼ਿਆਂ ਦੇ ਮੁੱਦੇ ਭਾਰੂ ਰਹੇ। ਉਧਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਆਪੋ ਆਪਣੇ ਰਾਹ ਵੱਖ ਕੀਤੇ ਜਾਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣਾ ਸੰਗਰੂਰ ਵਿਚਲਾ ਕਿਲ੍ਹਾ ਬਚਾਉਣ ਵਿਚ ਸਫਲ ਰਹੇ ਹਨ ਜਿੱਥੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਸਿਮਰਨਜੀਤ ਸਿੰਘ ਮਾਨ ਨੂੰ ਤੀਜੇ ਨੰਬਰ ’ਤੇ ਸਬਰ ਕਰਨਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਇਸ ਸੀਟ ’ਤੇ ਪੰਜਵੇਂ ਨੰਬਰ ’ਤੇ ਆਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ 20,942 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵੜਿੰਗ ਨੂੰ 3,22,224 ਵੋਟਾਂ ਜਦੋਂਕਿ ਬਿੱਟੂ ਨੂੰ 3,01,282 ਵੋਟਾਂ ਪਈਆਂ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਲੰਧਰ ਹਲਕੇ ਤੋਂ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 1,75,993 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇਸ ਵੱਡੀ ਜਿੱਤ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਸਿਆਸੀ ਗੱਡੀ ਨੂੰ ਮੁੜ ਲੀਹ ’ਤੇ ਚਾੜ੍ਹ ਦਿੱਤਾ ਹੈ। ਗੁਰਦਾਸਪੁਰ ਤੋਂ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧੀ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੂੰ 82,861 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਆਪਣੇ ਸਿਆਸੀ ਕੱਦ ਨੂੰ ਹੋਰ ਉੱਚਾ ਕੀਤਾ ਹੈ। ਪੰਜਾਬ ਦੇ ਨਤੀਜੇ ‘ਐਗਜ਼ਿਟ ਪੋਲ’ ਦੇ ਐਨ ਉਲਟ ਰਹੇ ਹਨ। ਕਾਂਗਰਸ ਪਾਰਟੀ ਲਈ ਸੱਤ ਸੀਟਾਂ ਤੋਂ ਜਿੱਤ ਪੰਜਾਬ ਵਿਚ ਮੁੜ ਪੈਰ ਲਾਉਣ ਲਈ ਸਹਾਈ ਹੋਵੇਗੀ। ‘ਆਪ’ ਲਈ ਇਹ ਚੋਣ ਨਤੀਜੇ ਚੁਣੌਤੀ ਤੋਂ ਘੱਟ ਨਹੀਂ ਹਨ ਕਿਉਂਕਿ ‘ਆਪ’ ਦੇ ਜ਼ੀਰੋ ਬਿੱਲ, ਨਹਿਰੀ ਪਾਣੀ, ਬਿਜਲੀ ਸਪਲਾਈ ਤੇ ਸਰਕਾਰੀ ਨੌਕਰੀਆਂ ਦੇ ਮੁੱਦੇ ਬਹੁਤਾ ਰੰਗ ਨਹੀਂ ਦਿਖਾ ਸਕੇ।
‘ਆਪ’ ਦੇ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਨੇ ਵਿਰੋਧੀ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ 10,846 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ ਅਤੇ ਹੁਸ਼ਿਆਰਪੁਰ ਤੋਂ ਡਾ.ਰਾਜ ਕੁਮਾਰ ਚੱਬੇਵਾਲ ਨੇ ਵਿਰੋਧੀ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਨੂੰ 44,111 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਵਿਚ ਕਰਾਰੀ ਹਾਰ ਮਿਲੀ ਹੈ ਅਤੇ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
ਬਾਦਲ ਪਰਿਵਾਰ ਆਪਣਾ ਕਿਲ੍ਹਾ ਬਚਾਉਣ ਵਿਚ ਤਾਂ ਸਫਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵੋਟ ਫੀਸਦ ਇਨ੍ਹਾਂ ਚੋਣਾਂ ਵਿਚ 13.42 ਫ਼ੀਸਦੀ ਰਹਿ ਗਿਆ ਹੈ ਜੋ ਕਿ 2019 ਦੀਆਂ ਚੋਣਾਂ ਵਿਚ 27.8 ਫ਼ੀਸਦੀ ਸੀ। ਭਾਜਪਾ ਇਕੱਲੇ ਤੌਰ ’ਤੇ ਚੋਣ ਲੜ ਕੇ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਹੈ ਅਤੇ ਭਾਜਪਾ ਨੂੰ 18.56 ਫ਼ੀਸਦੀ ਵੋਟ ਮਿਲੇ ਹਨ ਜਦੋਂ ਕਿ 2019 ਵਿਚ ਭਾਜਪਾ ਨੇ ਦੋ ਸੀਟਾਂ ਜਿੱਤ ਕੇ 9.7 ਫ਼ੀਸਦੀ ਵੋਟ ਪ੍ਰਾਪਤ ਕੀਤੇ ਸਨ। ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਭਾਜਪਾ ਆਪਣੀਆਂ ਉਮੀਦਾਂ ਮੁਤਾਬਿਕ ਵੋਟ ਸ਼ੇਅਰ ਦੁੱਗਣਾ ਕਰਨ ਵਿਚ ਵੀ ਅਸਫਲ ਰਹੀ ਹੈ। ਭਾਜਪਾ ਦੀ ਕੌਮੀ ਲੀਡਰਸ਼ਿਪ ਦਾ ਚੋਣ ਪ੍ਰਚਾਰ ਵੀ ਬਹੁਤਾ ਇਜ਼ਾਫਾ ਨਹੀਂ ਕਰ ਸਕਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਵੱਖੋ ਵੱਖ ਮੈਦਾਨ ਵਿਚ ਉਤਰਨ ਨਾਲ ਆਪੋ ਆਪਣੇ ਸਿਆਸੀ ਵਜ਼ਨ ਦਾ ਇਲਮ ਹੋ ਗਿਆ ਹੈ। ਇਨ੍ਹਾਂ ਚੋਣਾਂ ਵਿਚ ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵੀ ਅਨੰਦਪੁਰ ਸਾਹਿਬ ਤੋਂ ਚੋਣ ਹਾਰ ਗਏ ਹਨ ਅਤੇ ਉਨ੍ਹਾਂ ਨੂੰ 90,157 ਵੋਟਾਂ ਮਿਲੀਆਂ ਹਨ। ਬਸਪਾ ਦਾ ਇਨ੍ਹਾਂ ਚੋਣਾਂ ਵਿਚ ਵੋਟ ਸ਼ੇਅਰ 2.49 ਫ਼ੀਸਦੀ ਰਿਹਾ ਹੈ। ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਜਿੱਤ ਵਿਚ ਉਨ੍ਹਾਂ ਦੇ ਨਿੱਜੀ ਅਕਸ ਦੀ ਭੂਮਿਕਾ ਰਹੀ ਹੈ।

ਪੰਜ ਸੀਟਾਂ ’ਤੇ ਹੋਵੇਗੀ ਜ਼ਿਮਨੀ ਚੋਣ

ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਚਾਰ ਵਿਧਾਇਕ ਸੰਸਦੀ ਚੋਣ ਜਿੱਤ ਗਏ ਹਨ ਜਿਸ ਕਰਕੇ ਉਨ੍ਹਾਂ ਦੇ ਅਸੈਂਬਲੀ ਹਲਕਿਆਂ ਦੀਆਂ ਸੀਟਾਂ ਖ਼ਾਲੀ ਹੋ ਗਈਆਂ ਹਨ ਜਿਸ ’ਤੇ ਹੁਣ ਜ਼ਿਮਨੀ ਚੋਣ ਹੋਵੇਗੀ। ਜਿਨ੍ਹਾਂ ਅਸੈਂਬਲੀ ਹਲਕਿਆਂ ਵਿਚ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ ਵਿਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ। ਇਸ ਤੋਂ ਇਲਾਵਾ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਮਨਜ਼ੂਰ ਹੋਣ ਕਰਕੇ ਜਲੰਧਰ ਪੱਛਮੀ ਸੀਟ ਵੀ ਖ਼ਾਲੀ ਹੋ ਗਈ ਹੈ।

ਪੰਜਾਬੀਆਂ ਦਾ ਫ਼ਤਵਾ ਸਿਰ ਮੱਥੇ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਪ੍ਰਵਾਨ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਤਿੰਨ ਸੀਟਾਂ ਜਿੱਤਣ ਵਿਚ ਹੀ ਕਾਮਯਾਬ ਰਹੀ ਹੈ। ਮੁੱਖ ਮੰਤਰੀ ਨੇ ਆਪਣੇ ‘ਐਕਸ’ ਅਕਾਊਂਟ ’ਤੇ ਲਿਖਿਆ ਕਿ ਉਨ੍ਹਾਂ ਨੂੰ ਪੰਜਾਬੀਆਂ ਦਾ ਲੋਕ ਸਭਾ ਚੋਣਾਂ ਲਈ ਲੋਕ-ਫ਼ਤਵਾ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕ ਸੇਵਾ ਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ, ਉਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਮਾਨ ਨੇ ਜਮਹੂਰੀਅਤ ਦੇ ਮਹਾਂਪਰਵ ਵਿੱਚ ਵੋਟ ਪਾਉਣ ਵਾਲੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸ੍ਰੀ ਮਾਨ ਨੇ ਲੋਕ ਸਭਾ ਚੋਣਾਂ ਵਿੱਚ ਜੇਤੂ ਉਮੀਦਵਾਰਾਂ ਨੂੰ ਫੋਨ ਕਰਕੇ ਵਧਾਈ ਦਿੱਤੀ।

ਪੰਜਾਬ ਤੋਂ ਜਿੱਤੇ ਉਮੀਦਵਾਰ

ਗੁਰਮੀਤ ਸਿੰਘ ਮੀਤ ਹੇਅਰ: ਸੰਗਰੂਰ
ਡਾ. ਧਰਮਵੀਰ ਗਾਂਧੀ: ਪਟਿਆਲਾ
ਹਰਸਿਮਰਤ ਕੌਰ ਬਾਦਲ: ਬਠਿੰਡਾ
ਸਰਬਜੀਤ ਸਿੰਘ ਖਾਲਸਾ: ਫਰੀਦਕੋਟ
ਅਮਰ ਸਿੰਘ: ਫਤਹਿਗੜ੍ਹ ਸਾਹਿਬ
ਸ਼ੇਰ ਸਿੰਘ ਘੁਬਾਇਆ: ਫਿਰੋਜ਼ਪੁਰ
ਸੁਖਜਿੰਦਰ ਰੰਧਾਵਾ: ਗੁਰਦਾਸਪੁਰ
ਰਾਜ ਕੁਮਾਰ ਚੱਬੇਵਾਲ: ਹੁਸ਼ਿਆਰਪੁਰ
ਚਰਨਜੀਤ ਸਿੰਘ ਚੰਨੀ: ਜਲੰਧਰ
ਅੰਮ੍ਰਿਤਪਾਲ ਸਿੰਘ: ਖਡੂਰ ਸਾਹਿਬ
ਅਮਰਿੰਦਰ ਰਾਜਾ ਵੜਿੰਗ: ਲੁਧਿਆਣਾ
ਗੁਰਜੀਤ ਸਿੰਘ ਔਜਲਾ: ਅੰਮ੍ਰਿਤਸਰ
ਮਾਲਵਿੰਦਰ ਕੰਗ: ਆਨੰਦਪੁਰ ਸਾਹਿਬ

Advertisement
Author Image

joginder kumar

View all posts

Advertisement
Advertisement
×