ਝੋਨੇ ਦੀ ਵਿਕਰੀ ਨਾ ਹੋਣ ਦੇ ਰੋਸ ਵਜੋਂ ਮੰਡੀ ਦੇ ਅਮਲੇ ਦਾ ਘਿਰਾਓ
ਭਗਵਾਨ ਦਾਸ ਗਰਗ
ਨਥਾਣਾ, 3 ਦਸੰਬਰ
ਇੱਥੇ ਮੰਡੀ ਵਿੱਚ ਵਿਕਰੀ ਖਾਤਰ ਪਏ ਝੋਨੇ ਦੀ ਫ਼ਸਲ ਦੀ ਆਖਰੀ ਪੜਾਅ ਤੇ ਵਿਕਰੀ ਨਾ ਹੋਣ ਕਾਰਨ ਅੱਜ ਸ਼ਾਮ ਕਿਸਾਨਾਂ ਵੱਲੋ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਮਾਰਕਫੈੱਡ ਦੇ ਇੰਸਪੈਕਟਰ ਸਣੇ ਮੁਲਾਜ਼ਮਾਂ ਦਾ ਘਿਰਾਓ ਕਰ ਲਿਆ। ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ, ਵਰਕਰ ਅਤੇ ਮਹਿਲਾ ਕਿਸਾਨ ਵਰਕਰ ਸਾਮਲ ਹੋਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਰੀਦ ਏਜੰਸੀਆ ਦੇ ਅਧਿਕਾਰੀ ਕਿਸਾਨਾਂ ਨੂੰ ਬੇਲੋੜਾ ਖੱਜਲ ਖੁਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 25 ਨਵੰਬਰ ਮਗਰੋਂ ਝੋਨੇ ਦੀ ਬੋਲੀ ਨਹੀਂ ਲਾਈ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਦੇ ਮੰਡੀ ਬੰਦ ਕਰਨ, ਬਾਰਦਾਨਾ ਨਾ ਹੋਣ ਜਾਂ ਢੋਆ ਢੁਆਈ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂ ਲਖਵੀਰ ਸਿੰਘ, ਹੁਸ਼ਿਆਰ ਸਿੰਘ, ਕਮਲਜੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖਰੀਦ ਨਹੀ ਕੀਤਾ ਜਾਂਦਾ ਉਹ ਘਿਰਾਓ ਖ਼ਤਮ ਨਹੀਂ ਕਰਨਗੇ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਘਿਰਾਓ ਜਾਰੀ ਸੀ।
ਅਧਿਕਾਰੀਆਂ ਨਾਲ ਕਿਸਾਨਾਂ ਦੀ ਗੱਲਬਾਤ ਦੌਰਾਨ ਨਾ ਨਿਕਲਿਆ ਕੋਈ ਹੱਲ
ਇਸ ਮੌਕੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਗੱਲਬਾਤ ਕੀਤੀ ਪਰ ਧਰਨਾਕਾਰੀ ਝੋਨੇ ਦੀ ਮੁਕੰਮਲ ਵਿਕਰੀ ਕਰਵਾਉਣ ’ਤੇ ਅੜੇ ਰਹੇ। ਘਿਰਾਓ ਕਰੀ ਬੈਠੇ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਪਹਿਲਾ ਲਾਰਿਆਂ ਅਤੇ ਝੂਠੇ ਵਾਅਦਿਆਂ ਵਿੱਚ ਆ ਕੇ ਗੁੰਮਰਾਹ ਹੋ ਚੁੱਕੇ ਹਨ, ਜਿਸ ਕਰਕੇ ਉਹ ਹੁਣ ਕਿਸੇ ’ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ।
ਫਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ
ਮਾਨਸਾ (ਪੱਤਰ ਪ੍ਰੇਰਕ):
ਪ੍ਰਾਈਵੇਟ ਫਾਇਨਾਂਸ ਕੰਪਨੀਆਂ ਵੱਲੋਂ ਕਰਜ਼ਾ ਵਸੂਲੀ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵੱਲੋਂ ਅੱਜ ਇੱਥੇ ਨਿੱਜੀ ਫਾਈਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਫਾਈਨਾਂਸ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਵੇ । ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਜਥੇਬੰਦੀ 5 ਦਸੰਬਰ ਤੋਂ ਰਾਜ ਵਿੱਚ ਮਜ਼ਦੂਰ ਸਮਾਜ ਜੋੜੋ ਚੇਤਨਾ ਮੁਹਿੰਮ ਚਲਾਏਗੀ।