ਪਟਿਆਲਾ ’ਚ ਕਰਿਆਨੇ ਦੀ ਦੁਕਾਨ ਤੋਂ ਮਿਆਦ ਪੁੱਗੀ ਚਾਕਲੇਟ ਖਾਣ ਕਾਰਨ ਬੱਚੀ ਦੀ ਹਾਲਤ ਗੰਭੀਰ
ਮੋਹਿਤ ਖੰਨਾ
ਪਟਿਆਲਾ, 20 ਅਪਰੈਲ
ਪਟਿਆਲਾ 'ਚ ਕਰਿਆਨੇ ਦੀ ਦੁਕਾਨ ਤੋਂ ਖਰੀਦੀ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਪਛਾਣ ਰਾਬੀਆ ਵਜੋਂ ਹੋਈ ਹੈ। ਪਰਿਵਾਰ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਆਇਆ ਹੋਇਆ ਸੀ। ਰਾਬੀਆ ਦੇ ਰਿਸ਼ਤੇਦਾਰ ਤੋਪਖਾਨਾ ਮੋੜ ਦੇ ਵਿੱਕੀ ਕੁਮਾਰ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਅਦਾਲਤ ਬਜ਼ਾਰ ਦੇ ਪੀਲੀ ਸੜਕ 'ਤੇ ਸਥਿਤ ਕਰਿਆਨੇ ਦੀ ਦੁਕਾਨ ਤੋਂ 300 ਰੁਪਏ ਦਾ ਗਿਫਟ ਪੈਕ ਖਰੀਦਿਆ ਸੀ, ਜਿਸ ਵਿੱਚ ਚਾਕਲੇਟ ਅਤੇ ਹੋਰ ਉਤਪਾਦ ਸਨ। ਪਰਿਵਾਰ ਲੁਧਿਆਣਾ ਪਰਤਿਆ ਅਤੇ ਚਾਕਲੇਟ ਖਾਣ ਤੋਂ ਤੁਰੰਤ ਬਾਅਦ ਉਸ ਦੀ ਹਾਲਤ ਵਿਗੜ ਗਈ। ਰਾਬੀਆ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਦਸਤ ਹੋਣ ਲੱਗੇ। ਉਸ ਨੂੰ ਬੱਚਿਆਂ ਦੇ ਡਾਕਟਰ ਕੋਲ ਲਿਜਾਇਆ ਗਿਆ। ਸ਼ਾਮ ਨੂੰ ਉਸ ਦੀ ਹਾਲਤ ਹੋਰ ਵੀ ਵਿਗੜ ਗਈ ਅਤੇ ਉਸ ਨੂੰ ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ। ਪਰਿਵਾਰ ਨੂੰ ਚਾਕਲੇਟ ਦਾ ਕਾਗਜ਼ ਮਿਲਣ ’ਤੇ ਪਤਾ ਲੱਗਿਆ ਕਿ ਚਾਕਲੇਟ ਅਤੇ ਹੋਰ ਉਤਪਾਦਾਂ ਦੀ ਮਿਆਦ ਲਗਪਗ ਛੇ ਮਹੀਨੇ ਪਹਿਲਾਂ ਖਤਮ ਹੋ ਗਈ ਸੀ। ਸਿਹਤ ਅਧਿਕਾਰੀਆਂ ਦੀ ਟੀਮ ਸ਼ਿਕਾਇਤਕਰਤਾ ਦੇ ਨਾਲ ਕਰਿਆਨੇ ਦੀ ਦੁਕਾਨ 'ਤੇ ਪਹੁੰਚੀ ਅਤੇ ਸੈਂਪਲ ਲਏ। ਵਿੱਕੀ ਨੇ ਦਾਅਵਾ ਕੀਤਾ ਕਿ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਸਿਹਤ ਵਿਭਾਗ ਦੇ ਛਾਪੇ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸਟੋਰ ਤੋਂ ਤੋਹਫ਼ੇ ਦੇ ਪੈਕ ਹਟਾ ਦਿੱਤੇ। ਕੋਤਵਾਲੀ ਪੁਲੀਸ ਅਨੁਸਾਰ ਸਿਹਤ ਵਿਭਾਗ ਨੇ ਕਰਿਆਨੇ ਦੀ ਦੁਕਾਨ ਤੋਂ ਸੈਂਪਲ ਲਏ ਹਨ ਅਤੇ ਸਿਹਤ ਵਿਭਾਗ ਤੋਂ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਰਾਬੀਆ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਖਤਰੇ ਤੋਂ ਬਾਹਰ ਦੱਸਿਆ ਗਿਆ ਹੈ।