For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਜ਼ਿਲ੍ਹੇ ’ਚ 324 ਸਰਪੰਚ ਤੇ 3733 ਪੰਚ ਬਿਨਾਂ ਮੁਕਾਬਲਾ ਜੇਤੂ

10:33 AM Oct 09, 2024 IST
ਪਟਿਆਲਾ ਜ਼ਿਲ੍ਹੇ ’ਚ 324 ਸਰਪੰਚ ਤੇ 3733 ਪੰਚ ਬਿਨਾਂ ਮੁਕਾਬਲਾ ਜੇਤੂ
ਪਿੰਡ ਹੜਾਣਾ ਦੇ ਸਰਪੰਚ ਬਣੇ ਹਰਪਾਲ ਸਿੰਘ ਤੇ ਹੋਰਾਂ ਨੂੰ ਸਨਮਾਨਤ ਕਰਦੇ ਹੋਏ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹੜਾਣਾ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 8 ਅਕਤੂਬਰ
ਪੰਦਰਾਂ ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਉਮੀਦਵਾਰਾਂ ਬਾਬਤ ਸਥਿਤੀ ਸਪੱਸ਼ਟ ਹੋ ਚੁੱਕੀ ਹੈ। ਕਈਆਂ ਦੇ ਫਾਰਮ ਤਾਂ ਪੜਤਾਲ਼ ਦੌਰਾਨ ਹੀ ਰੱਦ ਹੋ ਗਏ ਸਨ ਤੇ ਬਾਕੀਆਂ ਵਿੱਚੋਂ ਸਰਪੰਚੀ ਦੇ 1742 ਅਤੇ ਪੰਚੀ ਦੇ 2244 ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲੈ ਲਏ ਗਏ ਹਨ। ਇਸ ਕਰਕੇ ਪਟਿਆਲਾ ਜ਼ਿਲ੍ਹੇ ਵਿੱਚ ਚੁਣੇ ਜਾਣ ਵਾਲ਼ੇ 1022 ਸਰਪੰੰਚਾਂ ਵਿੱਚੋਂ 324 ਸਰਪੰਚ ਅਤੇ 6272 ਪੰਚਾਂ ਵਿੱਚੋਂ 3733 ਪੰਚ ਬਿਨਾ ਮੁਕਾਬਲਾ ਹੀ ਚੁਣੇ ਜਾ ਚੁੱੱਕੇ ਹਨ। ਇਸ ਕਰਕੇ ਹੁਣ ਜ਼ਿਲ੍ਹੇ ਭਰ ਵਿਚ 698 ਸਰਪੰਚ ਅਤੇ 2539 ਪੰਚ ਹੋਰ ਚੁਣੇ ਜਾਣੇ ਹਨ ਜਿਸ ਲਈ ਹੁਣ ਸਰਪੰਚੀ ਦੇ 1843 ਅਤੇ ਪੰਚੀ ਦੇ 4971 ਉਮੀਦਵਾਰ ਚੋਣ ਪਿੜ ’ਚ ਡਟੇ ਹੋਏ ਹਨ। ਇਨ੍ਹਾਂ ਦੀ ਕਿਸਮਤ ਦਾ ਫੈਸਲਾ 15 ਅਕਤੂਬਰ ਨੂੰ ਹੋਵੇਗਾ। ਪਟਿਆਲਾ ਜ਼ਿਲ੍ਹੇ ’ਚ ਅੱਠ ਵਿਧਾਨ ਸਭਾ ਹਲਕੇ ਤੇ ਦਸ ਬਲਾਕ ਹਨ।
ਸਨੌਰ ਅਤੇ ਭੁਨਰਹੇੜੀ ਬਲਾਕਾਂ ’ਤੇ ਆਧਾਰਤ ਵਿਧਾਨ ਸਭਾ ਹਲਕਾ ਸਨੌਰ ਵਿਚ ਸਭ ਤੋਂ ਵੱਧ 244 ਪੰਚਾਇਤਾਂ ਹਨ। ਇਥੇ ਹੀ ਸਭ ਤੋਂ ਵੱਧ ਸਰਪੰਚੀ ਦੇ 331 ਅਤੇ ਪੰਚੀ ਦੇ 428 ਉਮੀਦਵਾਰਾਂ ਨੇ ਨਾਮ ਵਾਪਸ ਲਏ। ਇਸ ਤਹਿਤ ਹਲਕਾ ਸਨੌਰ ’ਚ 106 ਸਰਪੰਚ ਅਤੇ 875 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ। ਹਲਕਾ ਵਿਧਾਇਕ ਹਰਮੀਤ ਪਠਾਣਮਾਜਰਾ ਇਸ ਨੂੰ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਦਾ ਸਿੱਟਾ ਦੱਸਦੇੇ ਹਨ। ਪਰ ਅਜੇ ਵੀ ਇਥੇ 336 ਜਣੇ ਸਰਪੰਚੀ ਅਤੇ 717 ਵਿਅਕਤੀ ਪੰਚੀ ਦੀ ਚੋਣ ਲੜ ਰਹੇ ਹਨ।

Advertisement

ਜ਼ਿਲ੍ਹਾ ਸੰਗਰੂਰ: ਸਰਪੰਚੀ ਲਈ 1043 ਤੇ ਪੰਚੀ ਲਈ 2718 ਉਮੀਦਵਾਰ ਚੋਣ ਮੈਦਾਨ ’ਚ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ’ਚ 15 ਅਕਤੂਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ ਸਰਪੰਚ ਦੇ ਅਹੁਦੇ ਲਈ ਕੁੱਲ 1043 ਅਤੇ ਪੰਚ ਦੇ ਅਹੁਦੇ ਲਈ 2718 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ ਜੋ ਆਪਣੀ ਕਿਸਮਤ ਅਜ਼ਮਾਉਣਗੇ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਅੰਤਿਮ ਤਰੀਕ ਮੌਕੇ ਜ਼ਿਲ੍ਹੇ ਭਰ ਵਿੱਚ 868 ਉਮੀਦਵਾਰਾਂ ਨੇ ਸਰਪੰਚ ਅਤੇ 1455 ਉਮੀਦਵਾਰਾਂ ਨੇ ਪੰਚ ਦੇ ਅਹੁਦੇ ਲਈ ਭਰੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ ਜਿਸ ਤੋਂ ਬਾਅਦ ਸਰਪੰਚ ਦੇ ਅਹੁਦੇ ਲਈ 1043 ਅਤੇ ਪੰਚ ਦੇ ਅਹੁਦੇ ਲਈ 2718 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਸਰਪੰਚ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਜੇਤੂ ਉਮੀਦਵਾਰਾਂ ਦੀ ਗਿਣਤੀ 58 ਅਤੇ ਪੰਚਾਂ ਦੀ ਗਿਣਤੀ 1816 ਹੈ। ਉਧਰ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਪਿੰਡਾਂ ਵਿਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ।

Advertisement

ਮਾਲੇਰਕੋਟਲਾ ਜ਼ਿਲ੍ਹਾ: 176 ਪੰਚਾਇਤਾਂ ਲਈ 338 ਸਰਪੰਚ ਤੇ 1181 ਪੰਚ ਚੋਣ ਮੈਦਾਨ ’ਚ

ਮਾਲੇਰਕੋਟਲਾ (ਪੱਤਰ ਪ੍ਰੇਰਕ): ਪੰਚਾਇਤੀ ਚੋਣਾਂ ਸਬੰਧੀ ਮਾਲੇਰਕੋਟਲਾ ਜ਼ਿਲ੍ਹੇ ਵਿੱਚ 176 ਪੰਚਾਇਤਾਂ ਲਈ ਸਰਪੰਚ ਤੇ ਪੰਚ ਦੇ ਅਹੁਦੇ ਲਈ ਕ੍ਰਮਵਾਰ 652 ਅਤੇ 2231 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਦੌਰਾਨ ਸਰਪੰਚੀ ਦੇ ਅਹੁਦੇਦਾਰਾਂ ਦੀਆਂ ਤਿੰਨ ਅਤੇ ਪੰਚਾਂ ਦੇ ਅਹੁਦੇ ਦੀਆਂ 24 ਨਾਮਜ਼ਦਗੀਆਂ ਰੱਦ ਹੋਣ ਉਪਰੰਤ ਜ਼ਿਲ੍ਹੇ ਅੰਦਰ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਕ੍ਰਮਵਾਰ 649 ਅਤੇ 2207 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ। ਜ਼ਿਲ੍ਹਾ ਮਾਲੇਰਕੋਟਲਾ ਦੇ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਕ੍ਰਮਵਾਰ 278 ਅਤੇ 419 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਹੁਣ ਜ਼ਿਲ੍ਹੇ ਵਿੱਚ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਕ੍ਰਮਵਾਰ 338 ਅਤੇ 1181 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲ੍ਹੇ ਅੰਦਰ ਬਿਨਾਂ ਮੁਕਾਬਲਾ ਜੇਤੂ ਰਹੇ ਸਰਪੰਚ ਅਤੇ ਪੰਚ ਉਮੀਦਵਾਰਾਂ ਦੀ ਗਿਣਤੀ ਕ੍ਰਮਵਾਰ 34 ਅਤੇ 606 ਹੈ।

Advertisement
Author Image

sukhwinder singh

View all posts

Advertisement