For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ

07:06 AM Sep 03, 2024 IST
ਮੁਹਾਲੀ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ
ਮੁਹਾਲੀ ਫੇਜ਼-11 ਵਿੱਚ ਇੱਕ ਬਜ਼ੁਰਗ ਜੋੜਾ ਘਰ ’ਚੋਂ ਮੀਂਹ ਦਾ ਪਾਣੀ ਬਾਹਰ ਕੱਢਦਾ ਹੋਇਆ।
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 2 ਸਤੰਬਰ
ਇੱਥੇ ਅੱਜ ਸਵੇਰੇ ਅਚਾਨਕ ਤੇਜ਼ ਬਾਰਸ਼ ਹੋਣ ਨਾਲ ਭਾਵੇਂ ਗਰਮੀ ਤੋਂ ਥੋੜ੍ਹੀ ਬਹੁਤ ਰਾਹਤ ਜ਼ਰੂਰ ਮਿਲੀ ਹੈ ਪਰ ਸ਼ਹਿਰ ਵਿੱਚ ਕਈ ਹਿੱਸਿਆਂ ਵਿੱਚ ਜਮ੍ਹਾਂ ਹੋਏ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਇੱਥੋਂ ਦੇ ਫੇਜ਼-11 ਦਾ ਰਿਹਾਇਸ਼ੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇੱਥੇ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਸਵੇਰੇ ਬੱਚਿਆਂ ਨੂੰ ਵੀ ਮੀਂਹ ਦੇ ਗੰਦੇ ਪਾਣੀ ’ਚੋਂ ਲੰਘ ਕੇ ਸਕੂਲ ਜਾਣਾ ਪਿਆ। ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਤੇ ਜ਼ਿਲ੍ਹਾ ਅਧਿਕਾਰੀ ਇਸ ਮਸਲੇ ਦੇ ਪੱਕੇ ਹੱਲ ਲਈ ਗੰਭੀਰ ਨਹੀਂ ਹਨ।
ਧੀਰਜ ਕੁਮਾਰ, ਬਿਕਰਮ ਸਿੰਘ, ਧਰਮ ਸਿੰਘ, ਸੁਮਨਦੀਪ ਸਿੰਘ, ਜਤਿੰਦਰ ਸਿੰਘ, ਦੁਰਗੇਸ਼ ਕੁਮਾਰ, ਹਰਦੇਵ ਕੁਮਾਰ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ, ਮਲਕੀਤ ਸਿੰਘ ਅਤੇ ਪਵਨਜੀਤ ਸਿੰਘ ਨੇ ਦੱਸਿਆ ਕਿ ਹਾਲਾਂਕਿ ਮੁਹਾਲੀ ਨਗਰ ਨਿਗਮ ਵੱਲੋਂ ਇੱਥੇ ਲੱਖਾਂ ਰੁਪਏ ਖ਼ਰਚ ਕਰ ਕੇ ਅੰਡਰ ਗਰਾਊਂਡ ਟੈਂਕ ਬਣਾਏ ਗਏ। ਜਲ ਨਿਕਾਸੀ ਲਈ ਪੰਪ ਅਤੇ ਜੈਨਰੇਟਰ ਦੀ ਵਿਵਸਥਾ ਕੀਤੀ ਹੈ। ਇਸ ਦੇ ਬਾਵਜੂਦ ਹਾਲਾਤ ’ਚ ਸੁਧਾਰ ਨਹੀਂ ਹੋਇਆ। ਸੋਨੀਆ ਸੰਧੂ ਨੇ ਹਲਕਾ ਜਿਹੀ ਬਾਰਸ਼ ਹੋਣ ’ਤੇ ਫੇਜ਼-11 ਦੀਆਂ ਸੜਕਾਂ ਤਲਾਬ ਦਾ ਰੂਪ ਧਾਰ ਲੈਂਦੀਆਂ ਹਨ।
ਨੌਜਵਾਨ ਕੁਸ਼ਤੀ ਦੰਗਲ ਦੇ ਪ੍ਰਧਾਨ ਲਖਮੀਰ ਸਿੰਘ ਲੱਖਾ ਪਹਿਲਵਾਨ ਤੇ ਜਨਰਲ ਸਕੱਤਰ ਆਸ਼ੂ ਵੈਦ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-70 ਤੇ 71 ਨੂੰ ਵੰਡਦੀ ‘ਬੀ’ ਸੜਕ ਅਤੇ ਅੰਦਰਲੀ ਸੜਕ ਤਲਾਬ ਬਣੀ ਹੋਈ ਸੀ। ਮਟੌਰ ਟੀ-ਪੁਆਇੰਟ ਤੋਂ ਇਨ੍ਹਾਂ ਸੈਕਟਰਾਂ ਨੂੰ ਜਾਣ ਵਾਲੀ ਸੜਕ ’ਤੇ ਗੋਡੇ ਗੋਡੇ ਪਾਣੀ ਖੜ੍ਹਾ ਗਿਆ। ਇੰਜ ਹੀ ਬਲੌਂਗੀ ਤੋਂ ਮੁਹਾਲੀ ਜਾਣ ਵਾਲੀ ਸੜਕ ’ਤੇ ਗਊਸ਼ਾਲਾ ਦੇ ਬਾਹਰ ਪੁਲ ਉੱਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਚਿੱਕੜ ’ਚੋਂ ਲੰਘਣਾ ਪਿਆ। ਇੰਜ ਹੀ ਕੁੰਭੜਾ ਚੌਕ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਕਾਫ਼ੀ ਪਾਣੀ ਜਮ੍ਹਾ ਹੋ ਗਿਆ ਸੀ।

Advertisement

ਜਲ ਨਿਕਾਸ ਦੀ ਸਮੱਸਿਆ ਜਲਦੀ ਹੱਲ ਕਰਾਂਗੇ: ਮੇਅਰ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਫੇਜ਼-11 ਵਿੱਚ ਜਲ ਨਿਕਾਸੀ ਦੀ ਵੱਡੀ ਸਮੱਸਿਆ ਹੈ। ਹਾਲਾਂਕਿ ਪਹਿਲਾਂ ਵੀ ਇੱਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਹੁਣ ਨਵੇਂ ਸਿਰਿਓਂ ਸਰਵੇ ਕਰਵਾਇਆ ਗਿਆ ਹੈ। ਇਸ ਵਿੱਚ ਓਪਨ ਜਲ ਨਿਕਾਸੀ, ਅੰਡਰ ਗਰਾਊਂਡ ਪਾਈਪਲਾਈਨ ਪਾਉਣ ਅਤੇ ਪੰਪਾਂ ਰਾਹੀਂ ਨਿਕਾਸੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਬਾਰੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ।

Advertisement

ਨਿਗਮ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ: ਵਿਧਾਇਕ

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਵੱਲੋਂ ਸੜਕ ਉੱਚੀ ਚੁੱਕ ਕੇ ਬਣਾਉਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ਅਤੇ ਨਗਰ ਨਿਗਮ ਵੀ ਜਲ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਖੇਤਰ ਵਿੱਚ ਵੱਡੀ ਪਾਈਪਲਾਈਨ ਪਾ ਕੇ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇਗਾ। ਇਹ ਕੰਮ 6 ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇਗਾ।

ਭਰਵੇਂ ਮੀਂਹ ਕਾਰਨ ਆਈ ਸਮੱਸਿਆ: ਜੈਨ

ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਕਿਹਾ ਕਿ ਫੇਜ਼-11 ਵਿੱਚ 34 ਲੱਖ ਰੁਪਏ ਖ਼ਰਚ ਕਰ ਕੇ ਅੰਡਰ ਗਰਾਊਂਡ ਟੈਂਕ ਬਣਾਏ ਗਏ ਸਨ। ਜਲ ਨਿਕਾਸੀ ਲਈ ਪੰਪ ਅਤੇ ਜੈਨਰੇਟਰ ਦੀ ਵਿਵਸਥਾ ਕੀਤੀ ਗਈ ਹੈ ਪਰ ਤੇਜ਼ ਬਾਰਸ਼ ਹੋਣ ਕਾਰਨ ਪਾਣੀ ਜ਼ਿਆਦਾ ਜਮ੍ਹਾਂ ਹੋ ਗਿਆ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਇੱਕ ਹੋਰ ਪੰਪ ਲਾਇਆ ਜਾਵੇਗਾ ਤੇ ਇੱਕ ਮਿੰਟ ਵਿੱਚ 18 ਹਜ਼ਾਰ ਲਿਟਰ ਪਾਣੀ ਨਿਕਾਸੀ ਹੋਵੇਗੀ। ਇਸ ਤੋਂ ਇਲਾਵਾ 2.5 ਕਰੋੜ ਦਾ ਪ੍ਰਾਜੈਕਟ ਹਾਲੇ ਅੱਧ ਵਿਚਾਲੇ ਹੈ। ਅਧਿਕਾਰੀ ਕੋਈ ਆਈ ਗਈ ਨਹੀਂ ਦੇ ਰਹੇ।

Advertisement
Author Image

Advertisement