For the best experience, open
https://m.punjabitribuneonline.com
on your mobile browser.
Advertisement

ਸਲਾਹਕਾਰ ਕੌਂਸਲ ਮੀਟਿੰਗ: ਮੈਟਰੋ ਪ੍ਰਾਜੈਕਟ ਦੇ ਮੁੱਦੇ ’ਤੇ ਮੌਜੂਦਾ ਤੇ ਸਾਬਕਾ ਸੰਸਦ ਮੈਂਬਰ ਆਹਮੋ-ਸਾਹਮਣੇ

07:36 AM Sep 15, 2024 IST
ਸਲਾਹਕਾਰ ਕੌਂਸਲ ਮੀਟਿੰਗ  ਮੈਟਰੋ ਪ੍ਰਾਜੈਕਟ ਦੇ ਮੁੱਦੇ ’ਤੇ ਮੌਜੂਦਾ ਤੇ ਸਾਬਕਾ ਸੰਸਦ ਮੈਂਬਰ ਆਹਮੋ ਸਾਹਮਣੇ
ਸਲਾਹਕਾਰ ਕੌਂਸਲ ਮੀਟਿੰਗ ਦੌਰਾਨ ਹਾਜ਼ਰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਸੰਸਦ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਸੰਸਦ ਮੈਂਬਰ ਕਿਰਨ ਖੇਰ ਅਤੇ ਹੋਰ ਅਧਿਕਾਰੀ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 14 ਸਤੰਬਰ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਚਰਚਾ ਲਈ ਯੂਟੀ ਐਡਮਿਨਿਸਟਰੇਟਰਜ਼ ਐਡਵਾਈਜ਼ਰੀ ਕੌਂਸਲ (ਏਏਸੀ) ਦੀ ਮੀਟਿੰਗ ਹੋਈ। ਇਸ ਦੌਰਾਨ ਸ਼ਹਿਰ ਵਿੱਚ ਮੈਟਰੋ ਰੇਲ ਚਲਾਉਣ ਸਬੰਧੀ ਸ਼ਹਿਰ ਦੇ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ ਆਹਮੋ-ਸਾਹਮਣੇ ਹੋ ਗਏ। ਸਾਬਕਾ ਸੰਸਦ ਮੈਂਬਰ ਤੇ ਭਾਜਪਾ ਆਗੂ ਕਿਰਨ ਖੇਰ ਨੇ ਮੀਟਿੰਗ ਵਿੱਚ ਮੈਟਰੋ ਪ੍ਰਾਜੈਕਟ ਦਾ ਵਿਰੋਧ ਕੀਤਾ, ਉੱਥੇ ਹੀ ਸੰਸਦ ਮੈਂਬਰ ਤੇ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਟਰਾਈਸਿਟੀ ਲਈ ਪ੍ਰਾਜੈਕਟ ਦੀ ਹਮਾਇਤ ਕੀਤੀ।
ਮੀਟਿੰਗ ਵਿੱਚ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੇ ਇੱਕ ਦਹਾਕੇ ਬਾਅਦ ਮੁੜ ਇਸ ਪ੍ਰਾਜੈਕਟ ਦਾ ਵਿਰੋਧ ਕਰਦਿਆਂ ਕਿਹਾ ਕਿ ਮੈਟਰੋ ਪ੍ਰਾਜੈਕਟ ਨਾਲ ਸ਼ਹਿਰ ਨੂੰ ਨੁਕਸਾਨ ਹੋਵੇਗਾ। ਦੂਜੇ ਪਾਸੇ, ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਲਈ ਮੈਟਰੋ ਪ੍ਰਾਜੈਕਟ ’ਚ ਹੋ ਰਹੀ ਬੇਲੋੜੀ ਦੇਰੀ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਇੱਕ ਭਵਿੱਖਮੁਖੀ ਪ੍ਰਾਜੈਕਟ ਹੈ। ਇਸ ਨਾਲ ਨਾ ਸਿਰਫ਼ ਸ਼ਹਿਰ ਬਲਕਿ ਨੇੜਲੇ ਇਲਾਕਿਆਂ ਨੂੰ ਵੀ ਫ਼ਾਇਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਸਾਲ 2009 ’ਚ ਮੈਟਰੋ ਪ੍ਰਾਜੈਕਟ ਲਿਆਉਣ ਬਾਰੇ ਵਿਚਾਰ-ਚਰਚਾ ਕੀਤੀ ਗਈ ਸੀ, ਜਿਸ ਸਬੰਧੀ ਸਾਲ 2012 ਵਿੱਚ 1.5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਗਈ ਸੀ। 2013 ਵਿੱਚ ਪਹਿਲੇ ਪੜਾਅ ਲਈ ਸਰਵੇਖਣਾਂ ਅਤੇ ਯੋਜਨਾਵਾਂ ਦੇ ਬਾਵਜੂਦ, ਇਸ ਪ੍ਰਾਜੈਕਟ ਨੂੰ 2014 ਵਿੱਚ ਸੰਸਦ ਮੈਂਬਰ ਕਿਰਨ ਖੇਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਨਾਲ ਸ਼ਹਿਰ ਨੂੰ ਨੁਕਸਾਨ ਹੋਵੇਗਾ। ਉਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ 2017 ਵਿੱਚ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਸ ਰੈਪਿਡ ਟਰਾਂਜ਼ਿਟ ਸਿਸਟਮ (ਐਮਆਰਟੀਐਸ) ਯੋਜਨਾਵਾਂ ਨੇ ਅਗਸਤ 2021 ਵਿੱਚ ਸ਼ਹਿਰ ਨੂੰ ਆਵਾਜਾਈ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇੱਕ ਨਵੀਂ ਵਿਆਪਕ ਗਤੀਸ਼ੀਲਤਾ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਸੀ।
ਸਲਾਹਕਾਰ ਕੌਂਸਲ ਦੀ ਅਗਵਾਈ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸ਼ਹਿਰ ਦੀਆਂ ਮੌਜੂਦਾ ਲੋੜਾਂ ਅਤੇ ਭਵਿੱਖ ਦੀਆਂ ਇੱਛਾਵਾਂ ਨੂੰ ਹੱਲ ਕਰਨ ਲਈ ਸੰਤੁਲਿਤ ਪਹੁੰਚ ਅਪਣਾਉਣ ਦੀ ਜ਼ਰੂਰਤ ਹਨ। ਇਸ ਲਈ ਸ਼ਹਿਰ ਵਿੱਚ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਇਹ ਇੱਕ ਮਹੱਤਵਪੂਰਨ ਕਦਮ ਸੀ।
ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਸਬ-ਕਮੇਟੀਆਂ ਅਤੇ ਮੈਂਬਰਾਂ ਦੇ ਵੱਡਮੁੱਲੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ, ਸ਼ਹਿਰ ਨੂੰ ਹਰਾ, ਸਵੱਛ ਅਤੇ ਸਮਾਰਟ ਸਿਟੀ ਬਣਾਉਣ ਦੇ ਟੀਚਿਆਂ ਨੂੰ ਉਜਾਗਰ ਕੀਤਾ। ਇਸ ਮੌਕੇ ਸਿੱਖਿਆ, ਸਿਹਤ, ਸ਼ਹਿਰੀ ਬੁਨਿਆਦੀ ਢਾਂਚਾ, ਸਮਾਜ ਭਲਾਈ, ਕਾਨੂੰਨ ਅਤੇ ਵਿਵਸਥਾ, ਖੇਡਾਂ, ਆਵਾਜਾਈ, ਸੱਭਿਆਚਾਰ, ਵਾਤਾਵਰਨ ਅਤੇ ਪੈਰੀਫਿਰਲ ਖੇਤਰ ਵਿਕਾਸ ਨੂੰ ਸ਼ਾਮਲ ਕਰਨ ਵਾਲੀਆਂ 10 ਸਥਾਈ ਕਮੇਟੀਆਂ ਦੇ ਚੇਅਰਪਰਸਨ ਨੇ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦੀ ਸਮੀਖਿਆ ਕੀਤੀ ਅਤੇ ਨਵੀਆਂ ਸਿਫ਼ਾਰਸ਼ਾਂ ਪੇਸ਼ ਕੀਤੀਆਂ। ਇਸ ਦੌਰਾਨ ਸਾਰਿਆਂ ਨੇ ਵਿਚਾਰ ਪੇਸ਼ ਕੀਤੇ।
ਇਸ ਦੌਰਾਨ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਲੀਜ਼ਹੋਲਡ ਕਮਰਸ਼ੀਅਲ ਅਤੇ ਇੰਡਸਟਰੀਅਲ ਨੂੰ ਫਰੀਹੋਲਡ ਵਿੱਚ ਤਬਦੀਲ ਕਰਨ ਅਤੇ ਪਿੰਡਾਂ ਵਿੱਚ ਲਾਲ ਡੋਰਾ ਤੋਂ ਬਾਹਰ ਉਸਾਰੀਆਂ ਨੂੰ ਨਿਯਮਤ ਕਰਨ ਤੋਂ ਇਲਾਵਾ ਹੋਰ ਮੁੱਦਿਆਂ ਨੂੰ ਉਠਾਇਆ। ਸ੍ਰੀ ਲੱਕੀ ਨੇ ਸ਼ਹਿਰ ਦੀਆਂ ਸਨਅਤੀ ਅਤੇ ਵਪਾਰਕ ਇਕਾਈਆਂ ਨੂੰ ਛੋਟੀ-ਮੋਟੀ ਉਲੰਘਣਾ ’ਤੇ ਭੇਜੇ ਨੋਟਿਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਚੰਡੀਗੜ੍ਹ ਬਿਓਪਰ ਮੰਡਲ ਦੇ ਪ੍ਰਧਾਨ ਚਰਨਜੀਵ ਸਿੰਘ ਨੇ ਕਿਹਾ ਕਿ ਵੈਟ ਵਿਵਸਥਾ ਖ਼ਤਮ ਹੋਏ ਸੱਤ ਸਾਲ ਬੀਤ ਜਾਣ ਦੇ ਬਾਵਜੂਦ ਵਪਾਰੀਆਂ ਨੂੰ ਕਰੋੜਾਂ ਰੁਪਏ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸ ਲਈ ਵਪਾਰੀਆਂ ਨੂੰ ਰਾਹਤ ਦੇਣ ਲਈ ਪੰਜਾਬ ਪੈਟਰਨ ’ਤੇ ਪੁਰਾਣੇ ਵੈਟ ਕੇਸਾਂ ਦੇ ਮੁਲਾਂਕਣ ਲਈ ਓਟੀਐਸ ਸਕੀਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਸ਼ਾਸਨ ਨੂੰ ਮਾਲੀਆ ਵੀ ਮਿਲੇਗਾ।

Advertisement

ਮਨੀਸ਼ ਤਿਵਾੜੀ ਨੇ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਮੁੱਦਾ ਚੁੱਕਿਆ

ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੀਟਿੰਗ ਵਿੱਚ ਡੱਡੂਮਾਜਰਾ ਡੰਪਿੰਗ ਗਰਾਊਂਡ ਦੀ ਸਫ਼ਾਈ ਦਾ ਮੁੱਦਾ ਚੁੱਕਿਆ। ਇਸ ਦੌਰਾਨ ਸ੍ਰੀ ਤਿਵਾੜੀ ਨੇ ਡੱਡੂਮਾਜਰਾ ਵਿੱਚ ਕੂੜਾ ਡੰਪ ਦੀ ਸਫ਼ਾਈ ਲਈ ਅਧਿਕਾਰੀਆਂ ਤੋਂ ਸਮਾਂ ਸੀਮਾ ਦੀ ਮੰਗ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ 31 ਦਸੰਬਰ 2024 ਤੱਕ ਡੰਪਿੰਗ ਗਰਾਊਂਡ ਨੂੰ ਸਾਫ਼ ਕਰਨ ਦਾ ਭਰੋਸਾ ਦਿੱਤਾ। ਸ੍ਰੀ ਤਿਵਾੜੀ ਨੇ ਚੰਡੀਗੜ੍ਹ ਵਿੱਚ ਫਲੋਰ-ਵਾਰ ਰਜਿਸਟਰੀਆਂ ਦੀ ਇਜਾਜ਼ਤ ਮੰਗਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਬਾਰੇ ਵਿਚਾਰ-ਚਰਚਾ ਕੀਤੀ।

Advertisement

ਸਨਅਤਕਾਰਾਂ ਦੀ ਪ੍ਰਸ਼ਾਸਕ ਨਾਲ ਮੀਟਿੰਗ ਟਲੀ

ਚੰਡੀਗੜ੍ਹ ਵਿੱਚ ਸਨਅਤਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਲਈ ਵਪਾਰੀ ਏਕਤਾ ਮੰਚ ਵੱਲੋਂ ਸ਼ੁਰੂ ਕੀਤਾ ਧਰਨਾ ਲਗਾਤਾਰ ਜਾਰੀ ਹੈ। ਅੱਜ ਸਲਾਹਕਾਰ ਕੌਂਸਲ ਦੀ ਮੀਟਿੰਗ ਦੇਰ ਸ਼ਾਮ ਤੱਕ ਚੱਲਣ ਕਰ ਕੇ ਸਨਅਤਕਾਰਾਂ ਦੀ ਪ੍ਰਸ਼ਾਸਕ ਨਾਲ ਮੀਟਿੰਗ ਨਹੀਂ ਹੋ ਸਕੀ। ਹਾਲਾਂਕਿ ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਕ ਨਾਲ ਮੁਲਾਕਾਤ ਕਰਨ ਲਈ ਗਏ ਸਨ, ਪਰ ਮੀਟਿੰਗ ਲੰਬੀ ਚੱਲਣ ਕਰ ਕੇ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਕ ਨਾਲ ਮੀਟਿੰਗ ਨਹੀਂ ਹੋਵੇਗੀ, ਉੱਦੋਂ ਤੱਕ ਸੰਕੇਤਕ ਧਰਨਾ ਜਾਰੀ ਰਹੇਗਾ।

Advertisement
Author Image

Advertisement